nabaz-e-punjab.com

ਮੁਹਾਲੀ ਵਿੱਚ ਨਵੇਂ ਸਰਕਾਰੀ ਮੈਡੀਕਲ ਕਾਲਜ ਲਈ 994 ਅਸਾਮੀਆਂ ਦੀ ਭਰਤੀ ਲਈ ਕੈਪਟਨ ਸਰਕਾਰ ਵੱਲੋਂ ਹਰੀ ਝੰਡੀ

ਦਾਰੂ ਸਟੂਡੀਓ ਫੇਜ਼-6 ਨੇੜੇ ਪਿੰਡ ਜੁਝਾਰ ਨਗਰ ਤੇ ਪਿੰਡ ਬਹਿਲੋਲਪੁਰ ਦੀ 20 ਏਕੜ ਰਕਬੇ ’ਚ ਬਣੇਗਾ ਮੈਡੀਕਲ ਕਾਲਜ

ਕਾਲਜ ਦੀ ਉਸਾਰੀ ਹੋਣ ਤੱਕ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦਫ਼ਤਰ ਫੇਜ਼-6 ਵਿੱਚ ਸ਼ੁਰੂ ਕੀਤੀਆਂ ਜਾਣਗੀਆਂ ਕਲਾਸਾਂ

ਮੰਤਰੀ ਮੰਡਲ ਵੱਲੋਂ ਐਮਬੀਬੀਐਸ ਅਸਾਮੀਆਂ ਪੜਾਅਵਾਰ ਭਰਨ ਦੀ ਮਨਜ਼ੂਰੀ ਦਿੱਤੀ: ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜੂਨ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਬਣਨ ਵਾਲੇ ਨਵੇਂ ਮੈਡੀਕਲ ਕਾਲਜ ਲਈ 994 ਅਸਾਮੀਆਂ ਸਿਰਜਣ ਲਈ ਪੰਜਾਬ ਸਰਕਾਰ ਨੇ ਹਰੀ ਝੰਡੀ ਦੇ ਦਿੱਤੀ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਨਵੇਂ ਬਣੇ ਸਹਿਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇੱਥੋਂ ਦੇ ਫੇਜ਼-6 ਸਥਿਤ ਦਾਰਾ ਸਟੂਡੀਓ ਨੇੜੇ ਪਿੰਡ ਜੁਝਾਰ ਨਗਰ ਅਤੇ ਬਹਿਲੋਲਪੁਰ ਦੀ 20 ਏਕੜ ਜ਼ਮੀਨ ਵਿੱਚ ਮੈਡੀਕਲ ਕਾਲਜ ਬਣਾਇਆ ਜਾਵੇਗਾ ਅਤੇ ਕਾਲਜ ਦੀ ਉਸਾਰੀ ਦਾ ਕੰਮ ਛੇਤੀ ਸ਼ੁਰੂ ਕੀਤਾ ਜਾਵੇਗਾ। ਇਨ੍ਹਾਂ ਦੋਵੇਂ ਪਿੰਡਾਂ ਦੀਆਂ ਪੰਚਾਇਤਾਂ ਨੇ ਬਕਾਇਦਾ ਸਹਿਮਤੀ ਮਤੇ ਪਾਸ ਕਰਕੇ ਪਹਿਲਾਂ ਹੀ ਸਰਕਾਰ ਨੂੰ ਭੇਜੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕਾਲਜ ਦੀ ਉਸਾਰੀ ਹੋਣ ਤੱਕ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਫੇਜ਼-6 ਵਿੱਚ ਐਮਬੀਬੀਐਸ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ।
ਸ੍ਰੀ ਸਿੱਧੂ ਨੇ ਦੱਸਿਆ ਕਿ 100 ਐਮਬੀਬੀਐਸ ਸੀਟਾਂ ਦੀ ਸਮਰਥਾ ਵਾਲੇ ਨਵੇਂ ਸਰਕਾਰੀ ਮੈਡੀਕਲ ਕਾਲਜ ਨੂੰ ਸ਼ੁਰੂ ਕਰਨ ਲਈ ਟੀਚਿੰਗ ਫੈਕਲਟੀ, ਪੈਰਾ-ਮੈਡੀਕਲ ਸਟਾਫ਼ ਅਤੇ ਮਲਟੀ ਟਾਸਕਿੰਗ ਵਰਕਰਾਂ ਦੀਆਂ 994 ਅਸਾਮੀਆਂ ਸਿਰਜਣ ਲਈ ਪੰਜਾਬ ਕੈਬਨਿਟ ’ਤੇ ਅੱਜ ਆਪਣੀ ਪੱਕੀ ਮੋਹਰ ਲਗਾ ਦਿੱਤੀ ਹੈ। ਇਹ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਿਆ ਗਿਆ ਹੈ। ਜਿਸ ਨਾਲ ਸਾਲ 2020-21 ਤੋਂ ਕਾਲਜ ਦਾ ਅਕਾਦਮਿਕ ਸੈਸ਼ਨ ਸ਼ੁਰੂ ਕਰਨ ਲਈ ਰਾਹ ਪੱਧਰਾ ਹੋਵੇਗਾ। ਮੈਡੀਕਲ ਕੌਂਸਲ ਆਫ਼ ਇੰਡੀਆ ਨਵੀਂ ਦਿੱਲੀ ਵੱਲੋਂ 100 ਐਮਬੀਬੀਐਸ ਸੀਟਾਂ ਲਈ ਨਿਰਧਾਰਤ ਘੱਟੋ-ਘੱਟ ਮਾਪਦੰਡ ਪੂਰੇ ਕਰਨ ਲਈ ਇਨ੍ਹਾਂ ਅਸਾਮੀਆਂ ਦੀ ਸਿਰਜਣਾ ਜ਼ਰੂਰੀ ਸੀ।
ਸ੍ਰੀ ਸਿੱਧੂ ਨੇ ਦੱਸਿਆ ਕਿ ਨਵੇਂ ਬਣਨ ਵਾਲੇ ਮੈਡੀਕਲ ਕਾਲਜ ਲਈ ਪ੍ਰਵਾਨ ਕੀਤੀਆਂ ਅਸਾਮੀਆਂ ਵਿੱਚ 168 ਅਸਾਮੀਆਂ ਮੈਡੀਕਲ ਟੀਚਿੰਗ ਫੈਕਲਟੀ ਲਈ, 426 ਅਸਾਮੀਆਂ ਪੈਰਾ-ਮੈਡੀਕਲ ਸਟਾਫ਼ ਅਤੇ 400 ਅਸਾਮੀਆਂ ਦਰਜਾ ਚਾਰ ਦੀਆਂ ਸ਼ਾਮਲ ਹਨ। ਇਨ੍ਹਾਂ ਅਸਾਮੀਆਂ ਦੀ ਰਚਨਾ ਨਾਲ ਪਹਿਲੇ ਸਾਲ 25 ਕਰੋੜ ਰੁਪਏ ਦਾ ਵਾਧੂ ਵਿੱਤੀ ਬੋਝ ਪਵੇਗਾ ਜੋ ਕਿ ਪੰਜਵੇਂ ਸਾਲ ਤੱਕ 41 ਕਰੋੜ ਰੁਪਏ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਸਰਕਾਰ ਕੋਲ ਕਾਲਜ ਦੀ ਸਥਾਪਨਾ ਲਈ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ, ਪੰਜਾਬ ਹੈਲਥ ਮੈਡੀਕਲ ਸਿਸਟਮ ਕਾਰਪੋਰੇਸ਼ਨ ਅਤੇ ਰਾਜ ਸਿਹਤ ਸਿਖਲਾਈ ਸੰਸਥਾ ਦੀ 14.01 ਏਕੜ ਜ਼ਮੀਨ ਅਤੇ ਜੁਝਾਰ ਨਗਰ ਦੀ 9.2 ਏਕੜ ਜ਼ਮੀਨ ਹੈ। ਇਸ ਨਾਲ ਕੁੱਲ 23 ਏਕੜ ਜ਼ਮੀਨ ਮੌਜੂਦ ਹੈ ਜਦਕਿ ਨਿਯਮਾਂ ਤਹਿਤ 100 ਐਮਬੀਬੀਐਸ ਸੀਟਾਂ ਵਾਲੇ ਮੈਡੀਕਲ ਕਾਲਜ ਲਈ ਘੱਟੋ-ਘੱਟ 20 ਏਕੜ ਜਗ੍ਹਾ ਦੀ ਲੋੜ ਹੁੰਦੀ ਹੈ।
(ਬਾਕਸ ਆਈਟਮ)
ਕੇਂਦਰ ਸਰਕਾਰ ਨੇ ਪਿਛਲੇ ਸਾਲ 27 ਮਾਰਚ ਸੂਬਾ ਸਰਕਾਰ ਦੀ ਵਿਸਥਾਰਤ ਪ੍ਰਾਜੈਕਟ ਰਿਪੋਰਟ ਨੂੰ ਜ਼ਮੀਨ ਦੀ ਸਥਿਤੀ ਸਮੇਤ ਵਿਚਾਰਦਿਆਂ 21 ਜੂਨ 2018 ਨੂੰ 189 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਮੈਡੀਕਲ ਕਾਲਜ ਦੀ ਸਥਾਪਨਾ ਲਈ ਪ੍ਰਸਤਾਵ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਸੀ। ਇਸ ਪ੍ਰਾਜੈਕਟ ਵਿੱਚ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ 60:40 ਦੇ ਅਨੁਪਾਤ ਨਾਲ ਹਿੱਸੇਦਾਰੀ ਪਾਈ ਜਾਣੀ ਹੈ। ਇਹ ਦੱਸਣਯੋਗ ਹੈ ਕਿ ਮੁੱਢਲੇ ਤੌਰ ’ਤੇ ਪ੍ਰਾਜੈਕਟ ਦੀ ਕੀਮਤ 75:25 ਦੇ ਅਨੁਪਾਤ ਮੁਤਾਬਕ ਵੰਡੀ ਜਾਣੀ ਸੀ ਪਰ ਪਿਛਲੀ ਸਰਕਾਰ ਦੀ ਬੇਲੋੜੀ ਦੇਰੀ ਕਰਕੇ ਅਤੇ ਭਾਰਤ ਸਰਕਾਰ ਦੇ ਨੀਤੀ ਆਯੋਗ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਇਹ ਹਿੱਸੇਦਾਰੀ 60:40 ਦੇ ਮੁਤਾਬਕ ਕਰ ਦਿੱਤੀ ਗਈ। ਕੇਂਦਰ ਸਰਕਾਰ ਵੱਲੋਂ ਆਪਣੇ ਹਿੱਸੇ ਦੇ 113 ਕਰੋੜ ਰੁਪਏ ’ਚੋਂ 102 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ

ਪੰਜਾਬ ਸਰਕਾਰ ਵੈਟਰਨਰੀ ਇੰਸਪੈਕਟਰਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਲਈ ਵਚਨਬੱਧ: ਖੁੱਡੀਆਂ ਵੈਟਰਨਰੀ ਇੰਸਪੈਕਟਰਜ਼…