ਕੈਪਟਨ ਅਮਰਿੰਦਰ ਵੱਲੋਂ ਕਾਂਗਰਸ ਸਰਕਾਰ ਦੇ ਕਾਰਜ਼ਕਾਲ ਦੌਰਾਨ ਦੁਸ਼ਮਣੀ ਦੀ ਸਿਆਸਤ ਕਰਨ ਤੋਂ ਇਨਕਾਰ

ਖੇਤਰੀ ਚੇਹਰੇ ਦਾ ਨਾ ਹੋਣਾ ਵੀ ਪੰਜਾਬ ਵਿੱਚ ਆਪ ਦੀ ਹਾਰ ਦਾ ਇਕ ਕਾਰਨ ਰਿਹਾ ਐ: ਕੈਪਟਨ ਅਮਰਿੰਦਰ

ਐਸਵਾਈਐਲ ਮੁੱਦੇ ’ਤੇ ਕੈਪਟਨ ਵੱਲੋਂ ਪਹਿਲਾਂ ਪੰਜਾਬ ਕੋਲ ਉਪਲਬਧ ਪਾਣੀ ਦੀ ਮਾਤਰਾ ਦਾ ਪਤਾ ਲਗਾਏ ਜਾਣ ਦੀ ਲੋੜ ’ਤੇ ਜ਼ੋਰ

ਅਮਰਜੀਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 13 ਮਾਰਚ:
ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੂਬਿਆਂ ਵਿੱਚ ਖੇਤਰੀ ਆਗੂਆਂ ਦੀ ਵੱਡੀ ਭੂਮਿਕਾ ’ਤੇ ਜ਼ੋਰ ਦਿੰਦਿਆਂ, ਪੰਜਾਬ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਨੂੰ ਮਿਲੀ ਹਾਰ ਲਈ ਕਾਰਨਾਂ ’ਚੋਂ ਇਕ ਸੂਬਾਈ ਚੇਹਰੇ ਦੇ ਨਾ ਹੋਣ ਨੂੰ ਵੀ ਦੱਸਿਆ ਹੈ। ਕਾਂਗਰਸ ਵੱਲੌਂ ਖੇਤਰ ’ਚ ਵੱਡੀ ਜਿੱਤ ਦਰਜ਼ ਕਰਨ ਤੋਂ ਬਾਅਦ ਐਤਵਾਰ ਨੂੰ ਸਥਾਨਕ ਮੀਡੀਆ ਨਾਲ ਗੱਲਬਾਤ ਦੌਰਾਨ, ਸ਼ਾਂਤ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬਿਆਂ ਅੰਦਰ ਸੂਬਾਈ ਪਾਰਟੀਆਂ ਨੂੰ ਟੱਕਰ ਦੇਣ ਲਈ ਖੇਤਰੀ ਆਗੂਆਂ ਨੂੰ ਉਤਸਾਹ ਦੇਣਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਇਕ ਖੇਤਰੀ ਚੇਹਰੇ ਨੂੰ ਪੇਸ਼ ਕਰਨਾ ਜ਼ਰੂਰੀ ਹੁੰਦਾ ਹੈ, ਜਿਹੜਾ ਉਸ ਸੂਬੇ ਦੇ ਲੋਕਾਂ ਦੀ ਪਛਾਣ ਬਣ ਸਕੇ।
ਕੈਪਟਨ ਅਮਰਿੰਦਰ ਨੇ ਉਨ੍ਹਾਂ ਦੀ ਸਰਕਾਰ ਵੱਲੋਂ ਦੁਸ਼ਮਣੀ ਦੀ ਸਿਆਸਤ ਕਰਨ ਤੋਂ ਸਾਫ ਇਨਕਾਰ ਕਰਦਿਆਂ ਕਿਹਾ ਕਿ ਨਸ਼ਿਆਂ ਤੇ ਹੋਰ ਅਪਰਾਧਾਂ ਦੇ ਮਾਮਲਿਆਂ ’ਚ ਜ਼ਿੰਮੇਵਾਰੀ ਤੈਅ ਕਰਨ ਵਾਸਤੇ ਪੂਰੀ ਤਰ੍ਹਾਂ ਜਾਂਚ ਕੀਤੀ ਜਾਵੇਗੀ, ਅਤੇ ਦੋਸ਼ੀ ਪਾਏ ਜਾਣ ਵਾਲਿਆਂ ਵਿਰੁੱਧ ਉਚਿਤ ਕਾਰਵਾਈ ਕੀਤੀ ਜਾਵੇਗੀ। ਜਦਕਿ ਪੰਜਾਬ ਦੇ ਚੋਣ ਨਤੀਜਿਆਂ ’ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ, ਕਾਂਗਰਸ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਨੇ ਪੰਜਾਬ ਚੋਣਾਂ ਦੌਰਾਨ ਆਪ ਦੇ ਪ੍ਰਚਾਰ ਨੂੰ ਸੋਸ਼ਲ ਮੀਡੀਆ ਦੀ ਬਨਾਵਟ ਤੋਂ ਵੱਧ ਕੁਝ ਹੋਰ ਨਹੀਂ ਕਰਾਰ ਦਿੱਤਾ ਹੈ। ਉੱਤਰ ਪ੍ਰਦੇਸ਼ ਦੇ ਚੋਣ ਨਤੀਜਿਆਂ ਬਾਰੇ ਪੁੱਛੇ ਜਾਣ ’ਤੇ, ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਕਿ ਬੀਤੀ ਰਾਤ ਉਨ੍ਹਾਂ ਦੀ ਪ੍ਰਿਯੰਕਾ ਗਾਂਧੀ ਨਾਲ ਗੱਲ ਹੋਈ ਸੀ ਅਤੇ ਉਨ੍ਹਾਂ ਵਿਚਾਲੇ ਸਿਆਸੀ ਤੌਰ ’ਤੇ ਮਹੱਤਵਪੂਰਨ ਉਕਤ ਸੂਬੇ ਅੰਦਰ ਕਾਂਗਰਸ ਦੀ ਉਸੇ ਤਰ੍ਹਾਂ ਵਾਪਿਸੀ ਦੇ ਮੌਕੇ ’ਤੇ ਚਰਚਾ ਹੋਈ, ਜਿਵੇਂ ਇਸ ਵਾਰ ਪੰਜਾਬ ’ਚ ਪਾਰਟੀ ਨੇ ਵਾਪਿਸੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਚੋਣਾਂ ਦੌਰਾਨ ਪੰਜਾਂ ’ਚੋਂ ਤਿੰਨ ਸੂਬਿਆਂ ’ਚ ਕਾਂਗਰਸ ਦਾ ਜੇਤੂ ਪ੍ਰਦਰਸ਼ਨ ਦਰਸਾਉਂਦਾ ਹੈ ਕਿ ਪਾਰਟੀ ਦੀ ਸਥਿਤੀ ’ਚ ਹਰ ਪੱਖੋਂ ਸੁਧਾਰ ਹੋਇਆ ਹੈ।
ਇਸ ਲੜੀ ਹੇਠ, ਪੰਜਾਬ ਦੇ ਵਿਕਾਸ ਦੇ ਏਜੰਡੇ ਨੂੰ ਅੱਗੇ ਵਧਾਉਣ ਵਾਸਤੇ ਮੋਦੀ ਸਰਕਾਰ ਤੋਂ ਸਮਰਥਨ ਮਿਲਣ ਦੀ ਉਮੀਦ ਪ੍ਰਗਟਾਉਂਦਿਆਂ, ਕੈਪਟਨ ਅਮਰਿੰਦਰ ਨੇ ਜ਼ਿਕਰ ਕੀਤਾ ਕਿ ਉਨ੍ਹਾਂ ਨੂੰ ਬਤੌਰ ਮੁੱਖ ਮੰਤਰੀ ਆਪਣੇ ਪਿਛਲੇ ਕਾਰਜਕਾਲ ਦੌਰਾਨ ਉਸ ਵੇਲੇ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਨਾਲ ਕੰਮ ਕਰਦਿਆਂ ਕੋਈ ਸਮੱਸਿਆ ਨਹੀਂ ਪੇਸ਼ ਆਈ ਸੀ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਹ ਜ਼ਲਦੀ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਕੇ ਸੂਬੇ ਦੇ ਵਿਕਾਸ ਵਾਸਤੇ ਵੱਖ ਵੱਖ ਪ੍ਰੋਜੈਕਟਾਂ ’ਤੇ ਚਰਚਾ ਕਰਨਗੇ। ਪੰਜਾਬ ਕਾਂਗਰਸ ਦੇ ਇਕ ਮੁੱਖ ਚੋਣ ਵਾਅਦੇੇ, ਕਿਸਾਨਾਂ ਦਾ ਕਰਜਾ ਮੁਆਫ ਕਰਨ ਸਬੰਧੀ ਪੁੱਛੇ ਜਾਣ ’ਤੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਇਸ ਦਿਸ਼ਾ ’ਚ ਕੰਮ ਕਰਨ ਵਾਸਤੇ ਪੂਰੀ ਤਰ੍ਹਾਂ ਵਚਨਬੱਧ ਹਨ ਅਤੇ ਸੁਨਿਸ਼ਚਿਤ ਕਰਨਗੇ ਕਿ ਇਸ ਲਈ ਉਚਿਤ ਫੰਡ ਪੈਦਾ ਕੀਤਾ ਜਾਵੇ।
ਕੈਪਟਨ ਅਮਰਿੰਦਰ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਸਾਰੇ ਚੋਣ ਵਾਅਦਿਆਂ ਨੂੰ ਜ਼ਲਦੀ ਪੂਰਾ ਕਰਨ ਸਬੰਧੀ ਵਾਅਦਾ ਕੀਤਾ ਹੈ, ਜਿਸ ’ਚ ਵਿਸ਼ੇਸ਼ ਜਾਂਚ ਦਲ ਗਠਿਤ ਕਰਦਿਆਂ, ਚਾਰ ਹਫਤਿਆਂ ਅੰਦਰ ਨਸ਼ਾਖੋਰੀ ਦਾ ਖਾਤਮਾ ਕਰਨਾ ਸ਼ਾਮਿਲ ਹੈ। ਇਸੇ ਤਰ੍ਹਾਂ, ਉਨ੍ਹਾਂ ਨੇ ਹੋਰ ਪੁਨਰਵਾਸ ਤੇ ਨਸ਼ਾ ਛੁਡਾਊ ਕੇਂਦਰ ਸਥਾਪਤ ਕਰਨ ਸਮੇਤ ਨਸ਼ੇ ਦੀ ਸਮੱਸਿਆ ਦੇ ਹੱਲ ਵਾਸਤੇ ਹੋਰ ਮਨੋਚਿਕਿਤਸਕਾਂ ਦੀ ਨਿਯੁਕਤੀ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਹੈ।
ਉਦਯੋਗਾਂ ਦੇ ਪੁਨਰਗਠਨ ਦੇ ਵਾਅਦੇ ’ਤੇ ਉਨ੍ਹਾਂ ਨੇ ਕਿਹਾ ਕਿ ਸੂਬੇ ਦੀ ਉਦਯੋਗ ਨੀਤੀ ਨੂੰ ਉਦਾਰ ਬਣਾਇਆ ਜਾਵੇਗਾ, ਤਾਂ ਜੋ ਉਦਯੋਗਾਂ ਦੇ ਪਲਾਇਣ ਨੂੰ ਰੋਕਿਆ ਜਾ ਸਕੇ ਅਤੇ ਪੰਜਾਬ ਨੂੰ ਉਨ੍ਹਾਂ ਲਈ ਇਕ ਖਿੱਚਵਾਂ ਸਥਾਨ ਬਣਾਇਆ ਜਾ ਸਕੇ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਕਈ ਪ੍ਰਮੁੱਖ ਉਦਯੋਗਪਤੀ ਉਨ੍ਹਾਂ ਨਾਲ ਸੰਪਰਕ ’ਚ ਹਨ ਅਤੇ ਪੰਜਾਬ ਅੰਦਰ ਨਿਵੇਸ਼ ਕਰਨ ਨੂੰ ਲੈ ਕੇ ਆਪਣੀ ਇੱਛਾ ਪ੍ਰਗਟਾ ਚੁੱਕੇ ਹਨ।
ਇਸੇ ਤਰ੍ਹਾਂ, ਇਕ ਸਵਾਲ ਦੇ ਜਵਾਬ ’ਚ ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਕਿ ਚੋਣਾਂ ਤੋਂ ਪਹਿਲਾਂ ਕੀਤੇ ਗਏ ਕੈਪਟਨ ਸਮਾਰਟ ਕੁਨੈਕਟ ਵਾਅਦੇ ਹੇਠ ਸਮਾਰਟਫੋਨਾਂ ਦੀ ਖ੍ਰੀਦ ਵਾਸਤੇ ਜ਼ਲਦੀ ਹੀ ਵਿਸ਼ਵ ਪੱਧਰੀ ਟੈਂਡਰ ਕੱਢੇ ਜਾਣਗੇ। ਉਨ੍ਹਾਂ ਨੇ ਸੂਬੇ ਅੰਦਰ ਸਿਹਤ ਤੇ ਸਿੱਖਿਆ ਵਿਵਸਥਾ ਨੂੰ ਪਹਿਲ ਦੇ ਅਧਾਰ ’ਤੇ ਸੁਧਾਰਨ ਦੇ ਮਹੱਤਵ ਉਪਰ ਜ਼ੋਰ ਦਿੱਤਾ ਹੈ। ਐਸ.ਵਾਈ.ਐਲ ਮੁੱਦੇ ’ਤੇ ਕੈਪਟਨ ਨੇ ਪਹਿਲਾਂ ਪੰਜਾਬ ਕੋਲ ਉਪਲਬਧ ਪਾਣੀ ਦੀ ਮਾਤਰਾ ਦਾ ਪਤਾ ਲਗਾਏ ਜਾਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਨੇ 1966 ਵਿੱਚ ਪੰਜਾਬ ਪੁਨਰਗਠਨ ਕਾਨੂੰਨ ਹੇਠ ਹਰਿਆਣਾ ਦੇ ਗਠਨ ਦੇ ਅਧਾਰ ’ਤੇ ਪਾਣੀ ਦੀ ਅਸੰਤੁਲਿਤ ਵੰਡ ’ਤੇ ਉਸ ਨੂੰ ਚੁਣੌਤੀ ਦਿੱਤੇ ਜਾਣ ’ਤੇ ਜ਼ੋਰ ਦਿੱਤਾ ਹੈ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਦਿਸ਼ਾ ’ਚ ਕੰਮ ਕਰੇਗੀ।
ਪੰਜਾਬ ’ਚ ਕਾਂਗਰਸ ਦੀ ਨਵੀਂ ਸਰਕਾਰ ’ਚ ਨਵਜੋਤ ਸਿੰਘ ਸਿੱਧੂ ਦੀ ਭੂਮਿਕਾ ਬਾਰੇ ਇਕ ਸਵਾਲ ’ਤੇ, ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਫੈਸਲਾ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਲਿਆ ਜਾਵੇਗਾ। ਇਕ ਹੋਰ ਸਵਾਲ ਦੇ ਜਵਾਬ ’ਚ, ਉਨ੍ਹਾਂ ਨੇ ਰਜਿੰਦਰ ਕੌਰ ਭੱਠਲ, ਸੁਨੀਲ ਜਾਖੜ, ਕੇਵਲ ਸਿੰਘ ਢਿਲੋਂ ਤੇ ਜਗਮੋਹਨ ਕੰਗ ਵਰਗੇ ਕੁਝ ਸੀਨੀਅਰ ਕਾਂਗਰਸੀ ਆਗੂਆਂ ਦੀ ਹਾਰ ’ਤੇ ਅਫਸੋਸ ਪ੍ਰਗਟਾਇਆ। ਜਦਕਿ ਹਾਲੇ ਵਿੱਚ ਡੇਰਾ ਸੱਚਾ ਸੌਦਾ ਟਕਰਾਅ ’ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕੈਪਟਨ ਅਮਰਿੰਦਰ ਨੇ ਪੰਜਾਬ ਦੀ ਤਰੱਕੀ ਨੂੰ ਪੁਖਤਾ ਕਰਨ ਲਈ ਸਾਰਿਆਂ ਪੱਖਾਂ ਨੂੰ ਸ਼ਾਂਤੀ ਬਣਾਏ ਰੱਖਣ ਲਈ ਕਿਹਾ ਹੈ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…