
ਕੈਪਟਨ ਸੰਦੀਪ ਸੰਧੂ ਵੱਲੋਂ ਵਿਸ਼ਵ ਬ੍ਰਾਹਮਣ ਪ੍ਰੀਸ਼ਦ ਦਾ ਕਲੰਡਰ ਰਿਲੀਜ਼
ਨਬਜ਼-ਏ-ਪੰਜਾਬ, ਮੁਹਾਲੀ, 22 ਅਪਰੈਲ:
ਸੈਕਟਰ-74 ਵਿੱਚ ਵਿਸ਼ਵ ਬ੍ਰਾਹਮਣ ਪ੍ਰੀਸ਼ਦ ਵੱਲੋਂ ਆਯੋਜਿਤ ਇੱਕ ਸਮਾਗਮ ਦੌਰਾਨ ਭਗਵਾਨ ਵਿਸ਼ਨੂੰ ਦੇ ਛੇਵੇਂ ਅਵਤਾਰ ਭਗਵਾਨ ਪਰਸ਼ੂਰਾਮ ਜੀ ਦੇ ਜਨਮ ਉਤਸਵ ਨੂੰ ਲੈ ਕੇ ਤਿਆਰ ਕੀਤਾ ਗਿਆ ਇੱਕ ਕੈਲੰਡਰ ਜਾਰੀ ਕੀਤਾ ਗਿਆ। ਪ੍ਰੀਸ਼ਦ ਦੇ ਪ੍ਰਧਾਨ ਰਾਜਵੰਤ ਰਾਏ ਸ਼ਰਮਾ ਦੀ ਅਗਵਾਈ ਹੇਠ ਕਰਵਾਏ ਗਏ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਸੰਗਠਨ ਇੰਚਾਰਜ ਕੈਪਟਨ ਸੰਦੀਪ ਸੰਧੂ ਨੇ ਪ੍ਰੀਸ਼ਦ ਦੇ ਮੈਂਬਰਾਂ ਨਾਲ ਮਿਲ ਕੇ ਕੈਲੰਡਰ ਜਾਰੀ ਕੀਤਾ।
ਰਾਜਵੰਤ ਰਾਏ ਸ਼ਰਮਾ ਨੇ ਦੱਸਿਆ ਕਿ ਭਗਵਾਨ ਪਰਸ਼ੂਰਾਮ ਜੀ ਦੇ ਜਨਮ ਦਿਵਸ ਨੂੰ ਮਨਾਉਣ ਲਈ ਪ੍ਰੀਸ਼ਦ ਵੱਲੋਂ ਇੱਕ ਵਿਸ਼ੇਸ਼ ਕੈਲੰਡਰ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਪੂਰੇ ਸਾਲ ਦੇ ਤਿਉਹਾਰਾਂ ਅਤੇ ਭਗਵਾਨ ਪਰਸ਼ੂਰਾਮ ਜੀ ਦੀ ਆਰਤੀ ਪ੍ਰਕਾਸ਼ਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹਰ ਸਾਲ ਵੈਸ਼ਾਖ ਮਹੀਨੇ ਦੇ ਸ਼ੁਕਲ ਪੱਖ ਦੀ ਤ੍ਰਿਤੀਆ ਤਿਥੀ ਨੂੰ ਭਗਵਾਨ ਵਿਸ਼ਨੂੰ ਦੇ ਛੇਵੇਂ ਅਵਤਾਰ ਭਗਵਾਨ ਪਰਸ਼ੂਰਾਮ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਹੈ। ਇਸ ਵਾਰ ਜਨਮ ਦਿਵਸ 29 ਅਪਰੈਲ ਨੂੰ ਬਹੁਤ ਧੂਮਧਾਮ ਨਾਲ ਮਨਾਇਆ ਜਾਵੇਗਾ।
ਇਸ ਮੌਕੇ ਐੱਨਐੱਸਯੂਆਈ ਦੇ ਸੂਬਾ ਪ੍ਰਧਾਨ ਈਸ਼ਰਪ੍ਰੀਤ ਸਿੰਘ ਸਿੱਧੂ, ਦੇਵਾਲਯਾ ਪੂਜਾ ਪ੍ਰੀਸ਼ਦ ਦੇ ਪ੍ਰਧਾਨ ਡਾ: ਲਾਲ ਬਹਾਦਰ ਦੂਬੇ, ਜਨਰਲ ਸਕੱਤਰ ਪੰਡਿਤ ਓਮ ਪ੍ਰਕਾਸ਼ ਸ਼ਾਸਤਰੀ, ਪੰਡਿਤ ਰਾਮਗੋਪਾਲ ਰਤੂਰੀ, ਪੰਡਿਤ ਵਿਜੇਂਦਰ ਨੌਟਿਆਲ, ਪੰਡਿਤ ਰਵੀ ਸ਼ੰਕਰ ਸ਼ਰਮਾ, ਐਡਵੋਕੇਟ ਧਰਮਵੀਰ ਵਸ਼ਿਸ਼ਟ, ਜਗਨੇਸ਼ ਕੁਮਾਰ ਰਿੰਕੂ, ਬ੍ਰਾਹਮਣ ਸਭਾ ਮੁਹਾਲੀ ਤੋਂ ਜਸਵਿੰਦਰ ਸ਼ਰਮਾ, ਆਸ਼ੀਸ਼ ਸ਼ਰਮਾ ਅਤੇ ਸ਼ਿਵ ਸ਼ਰਨ ਸ਼ਰਮਾ ਵੀ ਹਾਜ਼ਰ ਸਨ।