ਕੈਪਟਨ ਸਿੱਧੂ ਵੱਲੋਂ ਮੁਹਾਲੀ ਦੇ ਵਿਕਾਸ ਬਾਰੇ ਵਿਧਾਇਕ ਸਿੱਧੂ ਤੇ ਆਪ ਆਗੂ ਸ਼ੇਰਗਿੱਲ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ

ਸਾਬਕਾ ਆਈਏਐਸ ਅਧਿਕਾਰੀ ਨੇ ਕਿਹਾ ਝੂਠੇ ਦੋਸ਼ ਲਗਾਉਣ ਤੇ ਚਿੱਕੜ ਉਛਾਲਣ ਨਾਲ ਨਹੀਂ ਜਿੱਤੀ ਜਾ ਸਕਦੀ ਹੈ ਚੋਣ

ਕੈਪਟਨ ਸਿੱਧੂ ਨੇ ਪੱਤਰਕਾਰ ਸੰਮੇਲਨ ਦੌਰਾਨ ਕੀਤਾ ਮੁਹਾਲੀ ਦੇ ਹੋਰ ਵਿਕਾਸ ਲਈ ‘ਰਿਪੋਰਟ ਕਾਰਡ’ ਪੇਸ਼

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜਨਵਰੀ:
ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੇ ਸਥਾਨਕ ਕਾਂਗਰਸੀ ਉਮੀਦਵਾਰ ਬਲਬੀਰ ਸਿੰਘ ਸਿੱਧੂ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਮੁਹਾਲੀ ਸ਼ਹਿਰ ਦੇ ਵਿਕਾਸ ਬਾਰੇ ਖੁੱਲ੍ਹੀ ਬਹਿਸ ਕਰਨ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ ਨਾਲ ਹੀ ਕਾਂਗਰਸੀ ਉਮੀਦਵਾਰ ਸ੍ਰੀ ਸਿੱਧੂ ਨੂੰ ਅਪੀਲ ਕੀਤੀ ਕਿ ਰੈਲੀਆਂ ਵਿੱਚ ਭੱਦੀ ਸ਼ਬਦਾਵਲੀ ਵਰਤਣ ਅਤੇ ਗੁਮਰਾਹਕੁੰਨ ਸ਼ਿਕਾਇਤਾਂ ਕਰਨ ਦੀ ਬਜਾਏ ਸਾਕਾਰਾਤਮਕ ਮਾਹੌਲ ਸਿਰਜਿਆ ਜਾਵੇ ਤਾਂ ਕਿ ਲੋਕ ਆਪਣੀ ਬਿਹਤਰੀ ਲਈ ਸਹੀ ਅਤੇ ਢੁਕਵੇਂ ਉਮੀਦਵਾਰ ਦੀ ਚੋਣ ਕਰ ਸਕਣ।
ਇੱਥੇ ਫੇਜ਼-7 ਵਿੱਚ ਅੱਜ ਸ਼ਾਮ ਨੂੰ ਪੱਤਰਕਾਰ ਸੰਮੇਲਨ ਦੌਰਾਨ ਕੈਪਟਨ ਸਿੱਧੂ ਨੇ ਪਿਛਲੇ 10 ਸਾਲਾਂ ਵਿੱਚ ਮੁਹਾਲੀ ਨੂੰ ਅਕਾਲੀ-ਭਾਜਪਾ ਸਰਕਾਰ ਨੇ ਕੀ ਦਿਤਾ ਹੈ ਅਤੇ ਕਾਂਗਰਸ ਨੇ ਆਪਣੇ ਦਹਾਕਿਆਂ ਦੇ ਸ਼ਾਸਨ ਵਿੱਚ ਇਸ ਸ਼ਹਿਰ ਦਾ ਕੀ ਸਵਾਰਿਆ, ਬਾਰੇ ਖੁੱਲ੍ਹੀ ਬਹਿਸ ਕਰਨ ਦੀ ਚੁਣੌਤੀ ਦਿੱਤੀ। ਕੈਪਟਨ ਸਿੱਧੂ ਨੇ ਕਿਹਾ ਕਿ ਇਸ ਬਹਿਸ ਦੌਰਾਨ ਕਾਂਗਰਸੀ ਉਮੀਦਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਵੀ ਨਾਲ ਬਿਠਾ ਲੈਣ। ਉਨ੍ਹਾਂ ਕਿਹਾ ਕਿ ਇਸ ਬਹਿਸ ਵਿੱਚ ਨਾ ਸਿਰਫ਼ ਉਮੀਦਵਾਰਾਂ ਨਾਲ ਜੁੜੇ ਮੁੱਦੇ ਹੀ ਵਿਚਾਰੇ ਜਾਣ ਬਲਕਿ ਸ਼ਹਿਰ ਦੇ ਰਿਹਾਇਸ਼ੀਆਂ ਨੂੰ ਵੀ ਇਸ ਵਿੱਚ ਸ਼ਾਮਿਲ ਕਰਕੇ ਹਰ ਉਮੀਦਵਾਰ ਮੁਹਾਲੀ ਦੇ ਵਿਕਾਸ ਬਾਰੇ ਆਪਣੀਆਂ ਭਵਿੱਖਮਈ ਯੋਜਨਾਵਾਂ ਦਾ ਪ੍ਰਗਟਾਵਾ ਕਰੇ। ਕੈਪਟਨ ਸਿੱਧੂ ਨੇ ਕਿਹਾ ਕਿ ਮੁਹਾਲੀ ਇੱਕ ਸ਼ਹਿਰੀ ਹਲਕਾ ਹੈ ਜਿਥੇ 60 ਫ਼ੀਸਦੀ ਲੋਕ ਸ਼ਹਿਰੀ ਵੋਟਰ ਹਨ ਜਦੋਂਕਿ 40 ਫ਼ੀਸਦੀ ਵੋਟਰ ਪਿੰਡਾਂ ਨਾਲ ਸਬੰਧਤ ਹਨ।
ਕੈਪਟਨ ਸਿੱਧੂ ਨੇ ਦਾਅਵਾ ਕੀਤਾ ਕਿ ਇਹ ਬਿਲਕੁਲ ਸਚਾਈ ਹੈ ਕਿ ਅਕਾਲੀ-ਭਾਜਪਾ ਸਰਕਾਰ ਨੇ ਮੁਹਾਲੀ ਨੂੰ ਖ਼ੂਬਸੂਰਤ ਸ਼ਹਿਰ ਦੀ ਸ਼ਕਲ ਬਖ਼ਸ਼ੀ ਹੈ ਅਤੇ ਅਕਾਲੀ-ਭਾਜਪਾ ਸਰਕਾਰ ਹੀ ਅਗਲੇ ਸਾਲਾਂ ਵਿੱਚ ਇਸ ਨੂੰ ਮੈਟਰੋ ਸਿਟੀ ਬਣਾਏਗੀ। ਸ਼ਹਿਰ ਵਾਸੀ ਇਸ ਸ਼ਹਿਰ ਵਿੱਚ ਬਣੀਆਂ ਵਿਸ਼ਵ ਪੱਧਰੀ ਆਲੀਸ਼ਾਨ ਸੜਕਾਂ ਅਤੇ ਹਵਾਈ ਨੈੱਟਵਰਕ ਦਾ ਖ਼ੁਦ ਗਵਾਹ ਹਨ। ਮੁਹਾਲੀ ਖੇਡ ਹੱਬ ਅਤੇ ਸਿੱਖਿਆ ਕੇਂਦਰ ਵਜੋਂ ਉਭਰਿਆ ਹੈ। ਐੱਨਡੀਏ ਟਰੇਨਿੰਗ ਇੰਸਟੀਚਿਊਟਸ ਅਤੇ ਮੈਰੀਟੋਰੀਅਸ ਸਕੂਲ ਸਥਾਪਤ ਕੀਤੇ ਗਏ ਹਨ। ਅਸੀਂ ਮੁਹਾਲੀ ਨੂੰ ਉੱਤਰੀ ਭਾਰਤ ਦੇ ਨਕਸ਼ੇ ਉਪਰ ਤਾਰੇ ਵਾਂਗ ਚਮਕਦਾ ਵੇਖ ਰਹੇ ਹਾਂ।
ਕੈਪਟਨ ਸਿੱਧੂ ਨੇ ਕਾਂਗਰਸੀ ਉਮੀਦਵਾਰ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਹੁਣ ਚੋਣ ਲੜਨ ਦਾ ਮਤਲਬ ਸੂਟ ਅਤੇ ਸ਼ਾਲ ਵੰਡਣਾ ਨਹੀਂ ਰਹਿ ਗਿਆ। ਨਾ ਹੀ ਝੂਠੀਆਂ ਸ਼ਿਕਾਇਤਾਂ ਕਰਕੇ ਤੇ ਚਿੱਕੜ ਉਛਾਲ ਕੇ ਚੋਣ ਜਿੱਤੀ ਜਾ ਸਕਦੀ ਹੈ। ਅਸੀਂ ਅਜਿਹੇ ਦੌਰ ਵਿੱਚ ਦਾਖ਼ਲ ਹੋ ਰਹੇ ਹਾਂ ਜਿਥੇ ਚੋਣਾਂ ‘‘ਤੁਸੀਂ ਸਮਾਜ ਨੂੰ ਕੀ ਦਿੱਤਾ ਹੈ’’ ਵਰਗੇ ਮੁੱਦਿਆਂ ਦੇ ਅਧਾਰਤ ਲੜੀਆਂ ਅਤੇ ਜਿੱਤੀਆਂ ਜਾਣਗੀਆਂ। ਚੋਣਾਂ ਪਿਛਲੇ ਰਿਕਾਰਡ ਅਤੇ ਕਾਰਗੁਜ਼ਾਰੀ ’ਤੇ ਅਧਾਰਤ ਹੋਣੀਆਂ ਚਾਹੀਦੀਆਂ ਹਨ ਨਾ ਕਿ ਝੂਠ ਅਤੇ ਬੇਬੁਨਿਆਦ ਦੋਸ਼ਾਂ ’ਤੇ ਅਧਾਰਤ। ਉਨ੍ਹਾਂ ਨੇ ਮੁਹਾਲੀ ਸ਼ਹਿਰ ਬਾਰੇ ਆਪਣੀਆਂ ਭਵਿੱਖ ਦੀਆਂ ਕੁੱਝ ਯੋਜਨਾਵਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਗ਼ਰੀਬਾਂ ਲਈ ਸਬਸਿਡੀ ਰਾਹੀਂ ਘੱਟ ਕੀਮਤਾਂ ’ਤੇ ਮਕਾਨ ਮੁਹੱਈਆ ਕਰਾਉਣ ਦੀ ਯੋਜਨਾ ਬਾਰੇ ਚਾਨਣਾ ਪਾਇਆ। ਮੁਹਾਲੀ ਦੇ ਵਿਕਾਸ ਬਾਰੇ ਆਪਣੇ ਰਿਪੋਰਟ ਕਾਰਡ ਵਿੱਚ ਉਨ੍ਹਾਂ ਪਾਣੀ ਦੀ ਕਿੱਲਤ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਨਿਪਟਾਉਣ ਦਾ ਐਲਾਨ ਕੀਤਾ। ਪਾਣੀ ਦੀ ਗੁਣਵੱਤਾ ਵਧਾਉਣ ਦੇ ਨਾਲ-ਨਾਲ ਇਸ ਨੂੰ 10 ਐੱਮਜੀਐੱਫ ਤੋਂ 40 ਐੱਮਜੀਐੱਫ਼ ਕਰਨ ਦਾ ਵਾਅਦਾ ਕੀਤਾ। ਕਜੌਲੀ ਵਾਟਰ ਵਰਕਸ ਤੋਂ ਪਾਣੀ ਦੀ ਸਪਲਾਈ ਵਧਾਉਣ ਦਾ ਅਹਿਦ ਕਰਦਿਆਂ ਵਿਰੋਧੀਆਂ ਵੱਲੋਂ ਅਸਲ ਮੁੱਦਿਆਂ ਤੋਂ ਧਿਆਨ ਹਟਾਉਣ ਦੇ ਮਕਸਦ ਨਾਲ ਫੈਲਾਈਆਂ ਜਾਂਦੀਆਂ ਝੂਠੀਆਂ ਅਫ਼ਵਾਹਾਂ ਨੂੰ ਨਜ਼ਰ-ਅੰਦਾਜ਼ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਕੁੰਭੜਾ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…