ਕੈਪਟਨ ਸਰਕਾਰ ਦੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਮੁਹਿੰਮ: ਸਿੱਖਿਆ ਬੋਰਡ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਪਾਠਕ੍ਰਮ ਲਾਗੂ

ਕਿਤਾਬਾਂ ਛਪ ਜਾਣ ਕਾਰਨ ਹੁਣ ਸਕੂਲ ਬੋਰਡ ਆਪਣੀ ਵੈਬਸਾਈਟ ’ਤੇ ਆਨਲਾਈਨ ਅਪਲੋਡ ਕਰੇਗਾ ਤਿੰਨ ਭਾਸ਼ਾਵਾਂ ਵਿੱਚ ਸਪਲੀਮੈਂਟਰੀ ਪਾਠਕ੍ਰਮ

ਸਕੂਲੀ ਬੱਚਿਆਂ ਨੂੰ ਕਲਾਸ ਵਿੱਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ ਨਾਲ ਬਰੀਕੀ ਨਾਲ ਸਮਝਾਇਆ ਜਾਵੇਗਾ ਨਸ਼ਿਆਂ ਦੇ ਬੁਰੇ ਪ੍ਰਭਾਵ ਤੋਂ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਮਈ:
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਵਿੱਢੀ ਮੁਹਿੰਮ ਵਿੱਚ ਸ਼ਾਮਲ ਹੁੰਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਮੂਹ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਨਵਾਂ ਪਾਠਕ੍ਰਮ ਲਾਗੂ ਕੀਤਾ ਗਿਆ ਹੈ। ਵਿਦਿਆਰਥੀਆਂ ਨੂੰ ਕਲਾਸ ਵਿੱਚ ਮਿਆਰੀ ਸਿੱਖਿਆ ਦੇਣ ਤੋਂ ਇਲਾਵਾ ਐਤਕੀਂ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਇਹ ਪਾਠਕ੍ਰਮ ਮੌਜੂਦਾ ਸਿੱਖਿਆ ਸੈਸ਼ਨ ਵਿੱਚ ਅੱਠਵੀਂ ਤੋਂ ਲੈ ਕੇ ਬਾਰ੍ਹਵੀਂ ਸ਼੍ਰੇਣੀ ਲਈ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਹਾਲਾਂਕਿ ਸਿੱਖਿਆ ਬੋਰਡ ਨੇ 85 ਫੀਸਦੀ ਕਿਤਾਬਾਂ ਛਾਪ ਕੇ ਜ਼ਿਲ੍ਹਾ ਤੇ ਬਲਾਕ ਪੱਧਰੀ ਦਫ਼ਤਰਾਂ ਵਿੱਚ ਪੁੱਜਦੀਆਂ ਕਰ ਦਿੱਤੀਆਂ ਹਨ ਲੇਕਿਨ ਹੁਣ ਨਸ਼ਿਆਂ ਵਿਰੁੱਧ ਨਵਾਂ ਪਾਠਕ੍ਰਮ ਸਪਲੀਮੈਂਟਰੀ ਪਾਠਕ੍ਰਮ ਦੇ ਰੂਪ ਵਿੱਚ ਜਾਰੀ ਕੀਤਾ ਜਾ ਰਿਹਾ ਹੈ।
ਇਸ ਗੱਲ ਦਾ ਖੁਲਾਸਾ ਕਰਦਿਆਂ ਸਿੱਖਿਆ ਬੋਰਡ ਦੇ ਚੇਅਰਮੈਨ ਬਲਬੀਰ ਸਿੰਘ ਢੋਲ ਨੇ ਦੱਸਿਆ ਕਿ ਇਸ ਵਿਸ਼ੇਸ਼ ਵਿਸ਼ੇ ਨੂੰ ਸਕੂਲਾਂ ਵਿੱਚ ਆਨਲਾਈਨ ਪੜ੍ਹਾਇਆ ਜਾਵੇਗਾ। ਇਸ ਸਬੰਧੀ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਨਸ਼ਿਆਂ ਪ੍ਰਤੀ ਜਾਗਰੂਕਤਾ ਨਵਾਂ ਪਾਠਕ੍ਰਮ ਪਹਿਲੀ ਵਾਰ ਇਸ ਵਰ੍ਹੇ ਲਾਗੂ ਕੀਤਾ ਗਿਆ ਹੈ। ਜਿਸ ਰਾਹੀਂ ਸਕੂਲੀ ਬੱਚਿਆਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵ ਜਿਵੇਂ ਕਿ ਨਸ਼ੇ ਦਾ ਸੇਵਨ ਕਰਨ ਨਾਲ ਮਨੁੱਖੀ ਸਰੀਰ, ਘਰ ਪਰਿਵਾਰ ਅਤੇ ਸਮਾਜ ’ਤੇ ਪੈਣ ਵਾਲੇ ਖ਼ਤਰਨਾਕ ਪ੍ਰਭਾਵ ਬਾਰੇ ਜਾਗਰੂਕ ਕੀਤਾ ਜਾਵੇਗਾ। ਵਿਦਿਆਰਥੀਆਂ ਨੂੰ ਦੱਸਿਆ ਜਾਵੇਗਾ ਕਿ ਨਸ਼ਿਆਂ ਦਾ ਸੇਵਨ ਕਰਨ ਨਾਲ ਮਨੁੱਖ ਆਪਣਾ ਦਿਮਾਗੀ ਅਤੇ ਸਰੀਰਿਕ ਸੰਤੁਲਨ ਗੁਆ ਬੈਠਦਾ ਹੈ ਅਤੇ ਵਿਅਕਤੀ ਦੇ ਵਿਵਹਾਰ, ਹਾਵ ਭਾਵ ਅਤੇ ਉਸ ਦੀ ਸਮੁੱਚੀ ਸ਼ਖ਼ਸੀਅਤ ਵਿੱਚ ਕਈ ਤਰ੍ਹਾਂ ਦੀਆਂ ਮਾੜੀਆਂ ਤਬਦੀਲੀਆਂ ਆ ਜਾਂਦੀਆਂ ਹਨ। ਇਹੀ ਨਹੀਂ ਸਬੰਧਤ ਵਿਅਕਤੀ ਨੂੰ ਆਪਣੇ ਆਲੇ ਦੁਆਲੇ ਦੀ ਸ਼ੁੱਧ-ਬੁੱਧ ਵੀ ਨਹੀਂ ਰਹਿੰਦੀ ਹੈ। ਇਸ ਦਾ ਪਰਿਵਾਰਕ, ਸਮਾਜਿਕ ਅਤੇ ਆਰਥਿਕ ਪਹਿਲੂਆਂ ’ਤੇ ਬੁਰਾ ਅਸਰ ਪੈਂਦਾ ਹੈ।
ਉਨ੍ਹਾਂ ਦੱਸਿਆ ਕਿ ਕਲਾਸ ਵਿੱਚ ਸਕੂਲੀ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਦੇ ਨਾਲ ਨਾਲ ਇਹ ਵੀ ਸਮਝਾਇਆ ਜਾਵੇਗਾ ਕਿ ਨਸ਼ੀਲੇ ਪਦਾਰਥਾਂ ਦੇ ਸੇਵਨ ਕਰਨ ਵਾਲਾ ਮਨੁੱਖ ਨਾ ਕੇਵਲ ਆਪਣੇ ਪਰਿਵਾਰਕ ਜੀਵਨ ਨੂੰ ਤਹਿਸ ਨਹਿਸ ਕਰ ਲੈਂਦਾ ਹੈ ਸਗੋਂ ਰਿਸ਼ਤੇਦਾਰਾਂ ਅਤੇ ਮਿੱਤਰਚਾਰਾ ਵੀ ਹੌਲੀ ਹੌਲੀ ਸਾਥ ਛੱਡ ਦੇਣ ਕਾਰਨ ਉਹ ਬਿਲਕੁਲ ਇਕੱਠਾ ਰਹਿ ਜਾਂਦਾ ਹੈ। ਕਈ ਵਾਰ ਮਨੁੱਖ ਸਮਾਜਿਕ ਤੌਰ ’ਤੇ ਪਛੜਨ ਕਰਕੇ ਆਪਣੇ ਕਾਰੋਬਾਰ ਜਾਂ ਨੌਕਰੀ ਪੇਸ਼ੇ ਆਦਿ ਤੋਂ ਵੀ ਹੱਥ ਧੋ ਬੈਠਦਾ ਹੈ। ਇਸ ਕਰਕੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਜਾਗਰੂਕ ਰਹਿਣ ਦੀ ਸਖ਼ਤ ਲੋੜ ਹੈ।
ਇਸ ਨਵੇਂ ਪਾਠਕ੍ਰਮ ਵਿੱਚ ਨੌਜਵਾਨਾਂ ਵਿੱਚ ਨਸ਼ਿਆਂ ਦੀ ਵੱਧ ਰਹੀ ਰੁਚੀ ਦੇ ਕਾਰਨ, ਟੁੱਟਦੇ ਪਰਿਵਾਰਕ ਰਿਸ਼ਤੇ, ਸਿੱਖਿਆ ਦਾ ਦਬਾਅ, ਬੁਰੀ ਸੰਗਤ, ਲਾਈਲੱਗ ਹੋਣਾ, ਆਪਣੇ ਸਾਥੀਆਂ ’ਚ ਟੌਹਰ ਟੱਪਾ, ਟੈਕਨਾਲੋਜੀ ਦਾ ਪ੍ਰਭਾਵ, ਜਿਗਰ, ਪੇਟ, ਦਿਲ ਤੇ ਦਿਮਾਗੀ ਰੋਗ, ਨਸ਼ੇ ਕਾਰਨ ਸਰੀਰਿਕ ਅਤੇ ਵਿਵਹਾਰਿਕ ਤਬਦੀਲੀਆਂ, ਨਸ਼ੇ ਨਾਲ ਪੈਣ ਵਾਲਾ ਘਾਟਾ, ਨਸ਼ੇ ਤੋਂ ਛੁਟਕਾਰਾ ਪੁਆਉਣ ਵਾਲੇ ਪਹਿਲੂ, ਪ੍ਰੇਰਨਾ, ਮਨੋਵਿਗਿਆਨਿਕ ਤਰੀਕੇ, ਯੋਗ ਥਰੈਪੀ, ਧਾਰਮਿਕ ਪੱਖ, ਪਰਿਵਾਰ ਦੀ ਭੂਮਿਕਾ, ਮਿੱਤਰਤਾ ਭਰਿਆ ਰਵੱਈਆ, ਨਸ਼ਿਆਂ ਵਿਰੁੱਧ ਵਰਕਸ਼ਾਪ, ਖੇਡ ਮੁਕਾਬਲੇ ਅਤੇ ਵਿਦਿਅਕ ਮੁਕਾਬਲੇ ਆਦਿ ਪਹਿਲੂਆਂ ਦੀਆਂ ਬਰੀਕੀਆਂ ਨਾਲ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਛੇ ਕਿਸਮ ਦੀ ਪ੍ਰਸ਼ਨ ਵੀ ਸ਼ਾਮਲ ਕੀਤੇ ਹਨ। ਜਿਨ੍ਹਾਂ ਵਿੱਚ ਨੌਜਵਾਨਾਂ ਵਿੱਚ ਨਸ਼ੇ ਦੇ ਵੱਧ ਰਹੇ ਰੁਝਾਨ ਦੇ ਕਿਹੜੇ ਕਿਹੜੇ ਸਮਾਜਿਕ ਕਾਰਨ ਹਨ?, ਬੁਰੀ ਸੰਗਤ ਦੇ ਕਾਰਨ ਨੌਜਵਾਨ ਕਿਵੇਂ ਨਸ਼ੇ ਦੇ ਵੱਲ ਵੱਧਦਾ ਹੈ, ਨਸ਼ੇ ਦੇ ਕਾਰਨ ਨਸ਼ਾ ਕਰਨ ਵਾਲੇ ਵਿਅਕਤੀ ਦੇ ਦਿਮਾਗ ਉੱਤੇ ਕੀ ਗਲਤ ਪ੍ਰਭਾਵ ਪੈਂਦਾ ਹੈ?, ਨਸ਼ੇ ਦੇ ਸੇਵਨ ਨਾਲ ਨਸ਼ਾ ਕਰਨ ਵਾਲੇ ਵਿਅਕਤੀ ਦੇ ਅੰਦਰ ਕਿਹੜੇ ਵਿਵਹਾਰਿਕ ਪਰਿਵਰਤਨ ਆਉਂਦੇ ਹਨ?, ਨਸ਼ਾ ਛੱਡਣ ਵਿੱਚ ਪਰਿਵਾਰ ਦੀ ਕੀ ਭੂਮਿਕਾ ਹੋਣੀ ਚਾਹੀਦੀ ਹੈ? ਅਤੇ ਨਸ਼ਾ ਛੱਡਣ ਵਿੱਚ ਖੇਡਾਂ ਦਾ ਕੀ ਯੋਗਦਾਨ ਹੋ ਸਕਦਾ ਹੈ? ਆਦਿ ਸ਼ਾਮਲ ਹਨ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…