Share on Facebook Share on Twitter Share on Google+ Share on Pinterest Share on Linkedin ਕੈਪਟਨ ਸਰਕਾਰ ਨੇ ਨਵਾਂ ਜ਼ਮੀਨ ਮਾਫ਼ੀਆ ਪੈਦਾ ਕੀਤਾ: ਸੁਖਪਾਲ ਖਹਿਰਾ ਡੀ.ਸੀ ਮੁਹਾਲੀ ਨੂੰ ਸ਼ਿਕਾਇਤ ਪੱਤਰ ਦੇ ਕੇ ਰਾਣਾ ਗੁਰਜੀਤ ਸਿੰਘ ਉਪਰ ਲਗਾਏ ਕਿਸਾਨਾਂ ਦੀ ਜ਼ਮੀਨ ਦੱਬਣ ਦੇ ਦੋਸ਼ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜੂਨ: ਕੈਪਟਨ ਸਰਕਾਰ ਨੇ ਪੰਜਾਬ ਵਿਚ ਹੁਣ ਨਵਾਂ ਜਮੀਨ ਮਾਫੀਆ ਪੈਦਾ ਕਰ ਦਿਤਾ ਹੈ,ਜਿਸ ਦੀ ਅਗਵਾਈ ਰਾਣਾ ਗੁਰਜੀਤ ਸਿੰਘ ਵਲੋੱ ਕੀਤੀ ਜਾ ਰਹੀ ਹੈ, ਇਸ ਮਾਫੀਏ ਵਲੋੱ ਕਿਸਾਨਾਂ ਦੀਆਂ ਜਮੀਨਾਂ ਉਪਰ ਗੈਰਕਾਨੂੰਨੀ ਤਰੀਕੇ ਨਾਲ ਕਬਜੇ ਕੀਤੇ ਜਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਭੁੱਲਥ ਤੋਂ ਆਪ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕੀਤਾ। ਇਸ ਮੌਕੇ ਲੁਧਿਆਣਾ ਦੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਅਤੇ ਆਪ ਦੇ ਜ਼ੋਨਲ ਕਨਵੀਨਰ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਵੀ ਹਾਜ਼ਰ ਸਨ। ਇਹ ਸਾਰੇ ਅੱਜ ਮੁਹਾਲੀ ਦੇ ਡਿਪਟੀ ਕਮਿਸ਼ਨਰ ਨੂੰ ਖਰੜ ਤਹਿਸੀਲ ਦੇ ਪਿੰਡ ਸਿਊਂਕ ਦੇ ਵੱਡੀ ਗਿਣਤੀ ਵਸਨੀਕਾਂ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਰਾਣਾ ਗੁਰਜੀਤ ਸਿੰਘ ਦੇ ਪਰਿਵਾਰ ਵਲੋੱ ਆਪਣੇ ਨਾਮ ਰਜਿਸਟਰੀ ਕਰਵਾਉਣ ਵਿਰੁੱਧ ਮੰਗ ਪੱਤਰ ਦੇਣ ਆਏ ਸਨ। ਇਸ ਮੌਕੇ ਸ੍ਰੀ ਖਹਿਰਾ ਨੇ ਕਿਹਾ ਕਿ ਰਾਣਾ ਗੁਰਜੀਤ ਸਿੰਘ ਦਾ ਨਾਮ ਪਹਿਲਾਂ ਰੇਤ ਖੱਡਾਂ ਦੇ ਘਪਲੇ ਵਿਚ ਵੀ ਆ ਚੁਕਿਆ ਹੈ, ਹੁਣ ਉਹਨਾਂ ਦੇ ਪਰਿਵਾਰ ਵਲੋੱ ਪਿੰਡ ਸੂੰਕ ਦੇ ਕਿਸਾਨਾਂ ਦੀ 458 ਕਨਾਲ 2ਮਰਲੇ ਜਮੀਨ ਆਪਣੇ ਨਾਮ ਰਜਿਸਟਰੀ ਕਰਵਾ ਲਈ ਗਈ ਹੈ। ਉਹਨਾਂ ਕਿਹਾ ਕਿ ਉਹ ਅਤੇ ਵਿਧਾਇਕ ਬੈਂਸ ਇਹ ਮਾਮਲੇ ਵਿਧਾਨ ਸਭਾ ਵਿੱਚ ਉਠਾ ਰਹੇ ਸਨ। ਇਸੇ ਕਾਰਨ ਹੀ ਉਹਨਾਂ ਨੂੰ ਵਿਧਾਨ ਸਭਾ ਦੇ ਬਜਟ ਸੈਸ਼ਨ ਤੋਂ ਮੁਅੱਤਲ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਤਾਂ ਵਿਧਾਨ ਸਭਾ ਦੀ ਸਿਰਫ ਉਦੋਂ ਹੀ ਵੀਡੀਓ ਬਣਾਈ ਸੀ ਜਦੋਂ ਵਿਧਾਨ ਸਭਾ ਦਾ ਸੈਸਨ ਮੁਲਤਵੀ ਕੀਤਾ ਹੋਇਆ ਸੀ ਪਰ ਜਦੋੱ ਪਿਛਲੀ ਸਰਕਾਰ ਸਮੇਂ ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਵਿਚ ਹੀ ਰਾਤ ਬਿਤਾਈ ਸੀ ਤਾਂ ਉਸ ਸਮੇੱ ਕਾਂਗਰਸੀ ਵਿਧਾਇਕਾਂ ਨੇ ਵੀ ਵਿਧਾਨ ਸਭਾ ਵਿਖੇ ਵੀਡੀਓ ਬਣਾ ਕੇ ਲਾਈਵ ਟੈਲੀਕਾਸਟ ਕੀਤਾ ਸੀ ਪਰ ਉਸ ਸਮੇੱ ਕਾਂਗਰਸੀ ਵਿਧਾਇਕਾਂ ਵਿਰੁੱਧ ਕੋਈ ਕਾਰਵਾਈ ਨਹੀੱ ਕੀਤੀ ਗਈ। ਹੈਰਾਨੀ ਤਾਂ ਇਸ ਗਲ ਦੀ ਹੈ ਕਿ ਖਹਿਰੇ ਅਤੇ ਬੈਂਸ ਲਈ ਕਾਨੂੰਨ ਹੋਰ ਹਨ ਅਤੇ ਕਾਂਗਰਸੀ ਵਿਧਾਇਕਾਂ ਲਈ ਕਾਨੂੰਨ ਹੋਰ ਹਨ। ਉਹਨਾਂ ਕਿਹਾ ਕਿ ਸਿਊਂਕ ਪਿੰਡ ਦੇ ਖੇਵਟਦਾਰ ਬਹੁਤ ਸਾਲਾਂ ਤੋਂ ਉਸ ਜ਼ਮੀਨ ਉਪਰ ਖੇਤੀਬਾੜੀ ਕਰ ਰਹੇ ਹਨ। ਹੁਣ ਰਾਣਾ ਗੁਰਜੀਤ ਸਿੰਘ ਦੇ ਭਰਾ ਰਾਣਾ ਰਣਜੀਤ ਸਿੰਘ ਅਤੇ ਉਸਦੀ ਪਤਨੀ ਸ੍ਰੀਮਤੀ ਸੁਖਜਿੰਦਰ ਕੌਰ ਸਾਬਕਾ ਵਿਧਾਇਕ ਨੇ ਉਕਤ ਜਮੀਨ ਵਿਚੋੱ 142 ਕਨਾਲ ਦੇ ਜਮੀਨ ਖਰੀਦੀ ਹੋਈ ਹੈ ਜਿਸ ਵਿਚੋਂ ਕੁਝ ਜਮੀਨ ਛੱਡ ਕੇ ਜਿਆਦਾ ਹਿਸਾ ਜਮੀਨ ਗੈਰ ਮੁਮਕਿਨ ਪਹਾੜ ਹੈ। ਰਾਣਾ ਰਣਜੀਤ ਸਿੰਘ ਅਤੇ ਸੁਖਜਿੰਦਰ ਕੌਰ ਨੇ ਨਾਇਬ ਤਹਿਸੀਲਦਾਰ ਮਾਜਰੀ ਨੂੰ 14 ਦਸੰਬਰ 2016 ਨੂੰ ਦਰੁਸਤੀ ਗਿਰਦਾਵਰੀ ਦੀ ਇਕ ਦਰਖਾਸਤ ਦਿਤੀ ਜਿਸ ਵਿਚ ਦੂਜੀ ਧਿਰ ਮਕਬੂਜਾ ਮਾਲਾਕਾਨ ਵਾਕਾ ਪਿੰਡ ਸਿਊਂਕ ਤਹਿਸੀਲ ਖਰੜ ਨੂੰ ਪਾਰਟੀ ਬਣਾਇਆ ਗਿਆ ਹੈ। ਇਸ ਵਿਚ ਪਿੰਡ ਦੇ ਕਿਸੇ ਵੀ ਖੇਵਟਦਾਰ ਨੂੰ ਜਾਣਬੁਝ ਕੇ ਪਾਰਟੀ ਨਹੀਂ ਬਣਾਇਆ ਗਿਆ ਹੈ। ਉਹਨਾਂ ਕਿਹਾ ਕਿ 18 ਜਨਵਰੀ 2017 ਨੂੰ ਨਾਇਬ ਤਹਿਸੀਲਦਾਰ ਵੱਲੋਂ ਗੈਰਕਾਨੂੰਨੀ ਢੰਗ ਨਾਲ ਇਹਨਾਂ ਦੇ ਨਾਮ 458 ਕਨਾਲ 2 ਮਰਲੇ ਜਮੀਨ ਦੀ ਗਿਰਦਾਵਰੀ ਕਰ ਦਿਤੀ ਗਈ। ਇਸ ਜਮੀਨ ਵਿਚ ਪਿੰਡ ਦੇ ਖੇਵਟਕਾਰਾਂ ਦੀ ਜਮੀਨ, ਜੋ ਉਹਨਾਂ ਦੇ ਕਬਜੇ ਵਿਚ ਹੈ, ਉਹਨਾਂ ਨੂੰ ਬਿਨਾਂ ਕੋਈ ਨੋਟਿਸ ਦਿਤਿਆਂ ਰਾਣਾ ਰਣਜੀਤ ਸਿੰਘ ਤੇ ਸ੍ਰੀਮਤੀ ਸੁਖਜਿੰਦਰ ਕੌਰ ਦੇ ਨਾਮ ਗਿਰਦਾਵਰੀ ਕਰ ਦਿਤੀ ਗਈ,ਜੋ ਕਿ ਗੈਰਕਾਨੂੰਨੀ ਹੈ। ਉਹਨਾਂ ਦੋਸ਼ ਲਾਇਆ ਕਿ ਰਾਣਾਂ ਗੁਰਜੀਤ ਸਿੰਘ ਹੁਣ ਆਪਣੇ ਬੰਦੇ ਭੇਜ ਕੇ ਪਿੰਡ ਦੇ ਕਿਸਾਨਾਂ ਨੂੰ ਉਹਨਾਂ ਤੋੱ ਕਬਜਾ ਧੱਕੇ ਨਾਲ ਲੈਣ ਦੀਆਂ ਧਮਕੀਆਂ ਦੇ ਰਿਹਾ ਹੈ, ਜਿਸ ਨਾਲ ਸਾਰੇ ਇਲਾਕੇ ਵਿਚ ਅਮਨ ਕਾਨੂੰਨ ਦੀ ਸਮਸਿਆ ਪੈਦਾ ਹੋ ਸਕਦੀ ਹੈ। ਉਹਨਾਂ ਕਿਹਾ ਕਿ ਨਾਇਬ ਤਹਿਸੀਲਦਾਰ ਨੇ ਇਹ ਗਿਰਦਾਵਰੀਆਂ ਗੈਰ ਕਾਨੂੰਨੀ ਤਰੀਕੇ ਨਾਲ ਅਤੇ ਰਾਣਾ ਗੁਰਜੀਤ ਸਿੰਘ ਦੇ ਦਬਾਅ ਅਧੀਨ ਕੀਤੀਆਂ ਹਨ ਅਤੇ ਉਹਨਾਂ ਨੇ ਮਾਲ ਮਹਿਕਮੇ ਦੇ ਰਿਕਾਰਡ ਵਿਚ ਵੀ ਛੇੜਛਾੜ ਕਰਕੇ ਫੌਜਦਾਰੀ ਧਾਰਾਵਾਂ ਅਧੀਨ ਜੁਰਮ ਕੀਤਾ ਹੈ। ਉਹਨਾਂ ਕਿਹਾ ਕਿ ਰਾਣਾ ਗੁਰਜੀਤ ਸਿੰਘ ਅਤੇ ਉਸਦੇ ਪਰਿਵਾਰ ਨੇ ਇਸ ਜਮੀਨ ਉਪਰ ਪਿਛਲੇ 15 ਸਾਲ ਤੋਂ ਆਪਣਾ ਕਬਜਾ ਹੋਣ ਦਾ ਦਾਅਵਾ ਕੀਤਾ ਹੈ, ਜਦੋਂ ਕਿ ਰਾਣਾ ਗੁਰਜੀਤ ਸਿੰਘ ਅਤੇ ਉਸਦੇ ਕਿਸੇ ਕਰਿੰਦੇ ਦੀ ਪਿੰਡ ਵਾਸੀਆਂ ਨੇ ਕਦੇ ਸ਼ਕਲ ਵੀ ਨਹੀਂ ਸੀ ਦੇਖੀ। ਉਹਨਾਂ ਮੰਗ ਕੀਤੀ ਕਿ ਨਾਇਬ ਤਹਿਸੀਲਦਾਰ ਵੱਲੋਂ ਰਾਣਾ ਗੁਰਜੀਤ ਸਿੰਘ ਦੇ ਪਰਿਵਾਰ ਦੇ ਹੱਕ ਵਿਚ ਕੀਤੀਆਂ ਗਿਰਦਾਵਰੀਆਂ ਰੱਦ ਕੀਤੀਆਂ ਜਾਣ, ਇਸ ਜਮੀਨ ਦੀਆਂ ਗਿਰਦਾਵਰੀਆਂ ਪਿੰਡ ਦੇ ਲੋਕਾਂ ਦੇ ਕਬਜੇ ਮੁਤਾਬਕ ਕੀਤੀਆਂ ਜਾਣ, ਇਸ ਤੋੱੱ ਇਲਾਵਾ ਨਾਇਬ ਤਹਿਸੀਲਦਾਰ ਮਾਜਰੀ, ਰਾਣਾਂ ਗੁਰਜੀਤ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖਿਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਜੇ ਡਿਪਟੀ ਕਮਿਸ਼ਨਰ ਨੇ ਇਹਨਾਂ ਖਿਲਾਫ ਕੋਈ ਕਾਰਵਾਈ ਨਾ ਕੀਤੀ ਤਾਂ ਉਹਨਾਂ ਲਈ ਹੋਰ ਕਾਨੂੰਨੀ ਰਾਹ ਵੀ ਖੁਲੇ ਹਨ ਅਤੇ ਉਹ ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਵੀ ਲੈ ਕੇ ਜਾਣਗੇ। ਇਸ ਮੌਕੇ ਪਿੰਡ ਸਿਊਂਕ ਦੇ ਵਸਨੀਕ ਬਲਵਿੰਦਰ ਸਿੰਘ,ਹਜਾਰਾ ਸਿੰਘ, ਸ਼ੇਰ ਸਿੰਘ, ਸੌਂਧਾ ਸਿੰਘ, ਗੁਰਮੇਲ ਸਿੰਘ, ਗੁਰਦੀਪ ਸਿੰਘ, ਸੁਰਜੀਤ ਸਿੰਘ, ਹਰਜੀਤ ਸਿੰਘ, ਰਵਿੰਦਰ ਸਿੰਘ, ਨਿਰਮੈਲ ਸਿੰਘ, ਅਜਮੇਰ ਸਿੰਘ, ਮਲਕੀਤ ਸਿੰਘ, ਜਰਨੈਲ ਸਿੰਘ, ਬਲਜਿੰਦਰ ਸਿੰਘ, ਬਲਵਿੰਦਰ ਸਿੰਘ ਵੀ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ