ਕਾਰ ਤੇ ਬੱਸ ਦੀ ਟੱਕਰ, ਇੱਕ ਬੱਚੇ ਤੇ ਅੌਰਤ ਸਮੇਤ ਚਾਰ ਦੀ ਮੌਤ
ਨਰਸਿੰਘਪੁਰ ਦੇ ਕੋਲ ਤੇਜ ਰਫ਼ਤਾਰ ਬੱਸ ਪਲਟੀ, 25 ਯਾਤਰੀ ਗੰਭੀਰ ਜ਼ਖ਼ਮੀ
ਨਬਜ਼-ਏ-ਪੰਜਾਬ ਬਿਊਰੋ, ਹਰੀਕੇ/ਨਰਸਿੰਘਪੁਰਾ, 6 ਫਰਵਰੀ:
ਹਰੀਕੇ-ਬਠਿੰਡਾ ਹਾਈਵੇਅ ਮਾਰਗ ’ਤੇ ਅੱਜ ਸਵੇਰੇ ਪਈ ਸੰਘਣੀ ਧੁੰਦ ਕਾਰਨ ਹਰੀਕੇ ਹੈਡ ਵਰਕਸ ਨੇੜੇ ਇੱਕ ਪ੍ਰਾਈਵੇਟ ਬੱਸ ਅਤੇ ਕਾਰ ਦੀ ਆਹਮੋ-ਸਾਹਮਣੇ ਟੱਕਰ ਹੋਣ ਕਾਰਨ ਕਾਰ ਵਿੱਚ ਸਵਾਰ ਇੱਕ ਬੱਚੇ ਅਤੇ ਇੱਕ ਅੌਰਤ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਜਦੋਂ ਕਿ ਕਾਰ ਵਿੱਚ ਸਵਾਰ ਹੋਰ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ ਹਨ। ਪਤਾ ਲੱਗਾ ਹੈ ਕਿ ਕਾਰ ਸਵਾਰ ਅੰਮ੍ਰਿਤਸਰ ਤੋਂ ਲੁਧਿਆਣਾ ਜਾ ਰਹੇ ਸਨ। ਜਿਵੇਂ ਹੀ ਉਨ੍ਹਾਂ ਦੀ ਕਾਰ ਨੇ ਹਰੀਕੇ ਹੈਡ ਵਰਕਸ ਨੂੰ ਪਾਰ ਕੀਤਾ ਤਾਂ ਸੰਘਣੀ ਧੂੰਦ ਕਾਰਨ ਸਾਹਮਣੇ ਤੋਂ ਆ ਰਹੀ ਪ੍ਰਾਈਵੇਟ ਦਸ਼ਮੇਸ਼ ਕੰਪਨੀ ਦੀ ਬੱਸ ਨਾਲ ਆਹਮੋ ਸਾਹਮਣੇ ਟੱਕਰ ਹੋ ਗਈ। ਜਿਸ ਕਾਰਨ ਇਹ ਦਰਦਨਾਕ ਹਾਦਸਾ ਵਾਪਰ ਗਿਆ।
ਉਧਰ, ਨਰਸਿੰਘਪੁਰ ਦੇ ਜ਼ਿਲਾ ਮੁੱਖ ਦਫ਼ਤਰ ਤੋਂ ਕਰੀਬ 22 ਕਿਲੋਮੀਟਰ ਦੂਰ ਮਨਕਵਾਰਾ ਦੇ ਕੋਲ ਤੇਜ਼ ਰਫਤਾਰ ਬੱਸ ਪਲਟ ਗਈ। ਬੱਸ ਵਿੱਚ ਸਵਾਰ 25 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਦੇ ਮੁਤਾਬਕ ਬੱਸ ਐਮ.ਪੀ. 28 ਪੀ 1044 ਸਾਈਖੇੜਾ ਤੋਂ ਛਿੰਦਵਾੜਾ ਜਾ ਰਹੀ ਸੀ। ਅੱਜ ਸਵੇਰੇ 8:30 ਵਜੇ ਮਨਕਵਾਰਾ ਰੇਲ ਗੇਟ ਦੇ ਕੋਲ ਡਰਾਇਵਰ ਨੇ ਤੇਜ ਰਫਤਾਰ ਬੱਸ ਨੂੰ ਅਚਾਨਕ ਬਰੇਕ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ। ਇਸ ਦੇ ਬਾਅਦ ਬੱਸ ਪਲਟ ਗਈ ਅਤੇ ਉਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਖਰਾਬ ਹੋ ਗਿਆ। ਘਟਨਾ ਦੇ ਬਾਅਦ ਬੱਸ ਚਾਲਕ ਫਰਾਰ ਹੋ ਗਿਆ। ਬੱਸ ਪਲਟਨ ਦੇ ਬਾਅਦ ਉਸ ਵਿੱਚ ਮੌਜੂਦ ਯਾਤਰੀ ਘਬਰਾ ਕੇ ਚੀਖਾਂ ਮਾਰਨ ਲੱਗੇ। ਨੇੜੇ-ਤੇੜੇ ਤੋਂ ਨਿਕਲ ਰਹੇ ਲੋਕਾਂ ਨੇ ਜ਼ਖਮੀਆਂ ਨੂੰ ਬੱਸ ਤੋਂ ਬਾਹਰ ਕੱਢਿਆ ਅਤੇ ਪੁਲੀਸ ਅਤੇ ਐਂਬੂਲੈਂਸ ਨੂੰ ਇਸ ਦੀ ਸੂਚਨਾ ਦਿੱਤੀ।