
ਰਾਧਾ ਸੁਆਮੀ ਸਤਿਸੰਗ ਘਰ ਨੇੜੇ ਚਲਦੀ ਕਾਰ ਨੂੰ ਲੱਗੀ ਭਿਆਨਕ, ਚਾਲਕ ਦਾ ਵਾਲ ਵਾਲ ਬਚਾਅ
ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਮਈ:
ਸਥਾਨਕ ਸੈਕਟਰ-76 ਵਿੱਚ ਸਥਿਤ ਰਾਧਾ ਸੁਆਮੀ ਸਤਸੰਗ ਦੇ ਡੇਰੇ ਦੇ ਗੇਟ ਨੇੜੇ ਅੱਜ ਦੁਪਹਿਰ ਵੇਲੇ ਇੱਕ ਚਲਦੀ ਕਾਰ ਨੂੰ ਅੱਗ ਲੱਗ ਗਈ। ਅੱਗ ਲਗਣ ਕਾਰਨ ਇਹ ਕਾਰ ਪੂਰੀ ਤਰ੍ਹਾਂ ਸੜ੍ਹ ਗਈ ਜਦੋਂ ਕਿ ਇਸ ਦੇ ਮਾਲਕ ਦਾ ਬਚਾਅ ਹੋ ਗਿਆ। ਜਾਣਕਾਰੀ ਅਨੁਸਾਰ ਲਖਬੀਰ ਸਿੰਘ ਬਾਜਵਾ ਨਾਮ ਦਾ ਇੱਕ ਵਿਅਕਤੀ (ਜੋ ਸੈਕਟਰ 91 ਦਾ ਵਸਨੀਕ ਹੈ) ਆਪਣੀ ਕਾਰ ਤੇ ਚੰਡੀਗੜ੍ਹ ਦੇ ਸੈਕਟਰ 17 ਤੋੱ ਵਾਪਸ ਆਪਣੇ ਘਰ ਜਾ ਰਿਹਾ ਸੀ ਜਦੋੱ ਰਾਧਾ ਸੁਆਮੀ ਸਤਿਸੰਗ ਦੇ ਗੇਟ ਨੇੜੇ ਅਚਾਨਕ ਉਸਦੀ ਕਾਰ ਨੂੰ ਅੱਗ ਲੱਗ ਗਈ। ਅੱਗ ਲਗਣ ਦੀ ਜਾਣਕਾਰੀ ਮਿਲਣ ਤੇ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਅੱਗ ਤੇ ਕਾਬੂ ਪਾਇਆ। ਸ੍ਰੀ ਲਖਬੀਰ ਸਿੰਘ ਬਾਜਵਾ ਨੇ ਦੱਸਿਆ ਕਿ ਰਾਧਾਸੁਆਮੀ ਡੇਰੇ ਦੇ ਗੇਟ ਨੇੜੇ ਪਹੁੰਚ ਕੇ ਉਹਨਾਂ ਨੂੰ ਗੱਡੀ ਦੇ ਬੋਨਟ ਵਿੱਚ ਧੂੰਆਂ ਨਿਕਲਦਾ ਦਿਖਿਆ ਤਾਂ ਉਹਨਾਂ ਨੇ ਕਾਰ ਰੋਕ ਲਈ ਅਤੇ ਗੱਡੀ ਦਾ ਬੋਨਟ ਖੋਲਣ ਦੀ ਕੋਸ਼ਿਸ਼ ਕੀਤੀ ਪਰੰਤੂ ਬੋਨਟ ਨਹੀਂ ਖੁਲਿਆ। ਉਹਨਾਂ ਦੱਸਿਆ ਕਿ ਇਸੇ ਦੌਰਾਨ ਕਾਰ ਨੂੰ ਅੱਗ ਲੱਗ ਗਈ ਅਤੇ ਉਹਨਾਂ ਨੇ ਜਲਦੀ ਜਲਦੀ ਵਿੱਚ ਕਾਰ ਦੀ ਡਿੱਕੀ ਵਿੱਚ ਪਈ ਸਟੱਪਨੀ ਅਤੇ ਹੋਰ ਸਾਮਾਨ ਬਾਹਰ ਕੱਢਿਆ।
ਅੱਗ ਲੱਗਣ ਕਾਰਣ ਕਾਰ ਪੂਰੀ ਤਰ੍ਹਾਂ ਸੜ੍ਹ ਗਈ ਅਤੇ ਇਸ ਦੌਰਾਨ ਫਾਇਰ ਬ੍ਰਿਗੇਡ ਨੂੰ ਜਾਣਕਾਰੀ ਮਿਲਣ ਤੇ ਫਾਇਰ ਵਿਭਾਗ ਦੀ ਗੱਡੀ ਮੌਕੇ ਤੇ ਪਹੁੰਚੀ ਜਿਸ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਜਾ ਸਕਿਆ। ਇਸ ਦੌਰਾਨ ਮੁੱਖ ਸੜਕ ਤੇ ਆਵਾਜਾਈ ਵੀ ਪ੍ਰਭਾਵਿਤ ਰਹੀ। ਇਸੇ ਦੌਰਾਨ ਸ਼ਹਿਰ ਵਿੱਚ ਦੋ ਹੋਰ ਵੱਖ-ਵੱਖ ਥਾਵਾਂ ਤੇ ਅੱਗ ਲੱਗਣ ਦੀ ਸੂਚਨਾ ਹੈ। ਕੋਰਟ ਕੰਪਲੈਕਸ ਕੋਲ ਝਾੜੀਆਂ ਵਿੱਚ ਅੱਗ ਲੱਗ ਗਈ। ਇਸੇ ਤਰ੍ਹਾਂ ਮੁਹਾਲੀ ਦੇ ਅੰਬ ਸਾਹਿਬ ਗੁਰਦੁਆਰਾ ਨੇੜੇ ਖਾਲੀ ਪਏ ਇਲਾਕੇ ਵਿੱਚ ਵੀ ਅੱਗ ਲੱਗ ਗਈ।