Nabaz-e-punjab.com

ਕਾਰ ਅਗਨੀਕਾਂਡ: ਕਾਰ ਚਾਲਕ ਦੀ ਲਾਸ਼ ਨੂੰ ਫੋਰੈਂਸਿਕ ਜਾਂਚ ਲਈ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਭੇਜਿਆ

ਅੱਗ ਲੱਗਣ ਕਾਰਨ ਕਾਰ ਚਾਲਕ ਦੀ ਲਾਸ਼ ਲਗਭਗ ਸੜ ਚੁੱਕੀ ਸੀ: ਮੈਡੀਕਲ ਅਫ਼ਸਰ

ਜਾਂਚ ਅਧਿਕਾਰੀ ਨੇ ਪੋਸਟ ਮਾਰਟਮ ਲਈ ਦਿੱਤੀ ਅਰਜ਼ੀ ਵਿੱਚ ਕੀਤੀ ਸੀ ਡੀਐਨਏ ਅਤੇ ਵਿੱਸਰਾਂ ਜਾਂਚ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜਨਵਰੀ:
ਇੱਥੋਂ ਦੇ ਨੇੜਲੇ ਪਿੰਡ ਸੰਭਾਲਕੀ (ਸੈਕਟਰ-79) ਤੋਂ ਸੈਕਟਰ-80 ਦੀ ਮੁੱਖ ਸੜਕ ’ਤੇ ਵੀਰਵਾਰ ਦੇਰ ਰਾਤ ਆਈ-10 ਕਾਰ ਨੂੰ ਭਿਆਨਕ ਅੱਗ ਲੱਗਣ ਕਾਰਨ ਫੌਤ ਹੋਏ ਕਾਰ ਚਾਲਕ ਮਾਧਵ ਚਤੁਰਵੇਦੀ (39) ਵਾਸੀ ਸੈਕਟਰ-108 ਦੀ ਲਾਸ਼ ਦਾ ਸਰਕਾਰੀ ਹਸਪਤਾਲ ਫੇਜ਼-6 ਵਿੱਚ ਪੋਸਟ ਮਾਰਟਮ ਨਹੀਂ ਹੋ ਸਕਿਆ ਅਤੇ ਲਾਸ਼ ਨੂੰ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਭੇਜਿਆ ਗਿਆ ਹੈ। ਮ੍ਰਿਤਕ ਆਈਡੀਆ ਕੰਪਨੀ ਦੀ ਪੰਚਕੂਲਾ ਸਥਿਤ ਬਰਾਂਚ ਵਿੱਚ ਸੀਨੀਅਰ ਮੈਨੇਜਰ ਦੇ ਅਹੁਦੇ ’ਤੇ ਤਾਇਨਾਤ ਸੀ। ਉਸ ਦੀ ਪਤਨੀ ਡਾਕਟਰ ਹੈ ਅਤੇ ਘਟਨਾ ਵਾਲੇ ਦਿਨ ਉਹ ਆਪਣੇ 2 ਬੱਚਿਆਂ ਸਮੇਤ ਕੋਟਾ (ਰਾਜਸਥਾਨ) ਗਈ ਹੋਈ ਸੀ।
ਸਰਕਾਰੀ ਹਸਪਤਾਲ ਦੇ ਡਾਕਟਰ ਸੰਦੀਪ ਸਿੰਘ ਨੇ ਦੱਸਿਆ ਕਿ ਸੋਹਾਣਾ ਪੁਲੀਸ ਨੇ ਬੀਤੇ ਦਿਨੀਂ ਕਾਰ ਚਾਲਕ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਭੇਜਿਆ ਗਿਆ ਸੀ ਅਤੇ ਅੱਜ ਪੋਸਟ ਮਾਰਟਮ ਹੋਣਾ ਸੀ ਪ੍ਰੰਤੂ ਤਕਨੀਕੀ ਕਾਰਨਾਂ ਕਰਕੇ ਲਾਸ਼ ਦਾ ਇੱਥੇ ਪੋਸਟ ਮਾਰਟਮ ਨਹੀਂ ਹੋ ਸਕਿਆ। ਉਨ੍ਹਾਂ ਦੱਸਿਆ ਕਿ ਜਾਂਚ ਅਧਿਕਾਰੀ ਨੇ ਪੋਸਟ ਮਾਰਟਮ ਲਈ ਦਿੱਤੀ ਅਰਜ਼ੀ ਵਿੱਚ ਲਿਖਿਆ ਸੀ ਕਿ ਲਾਸ਼ ਦੀ ਅਸਲ ਪਛਾਣ ਲਈ ਡੀਐਨਏ ਟੈੱਸਟ ਅਤੇ ਵਿੱਸਰਾਂ ਜਾਂਚ ਲਈ ਭੇਜਣ ਦੀ ਸਖ਼ਤ ਲੋੜ ਹੈ।
ਮੈਡੀਕਲ ਅਫ਼ਸਰ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਮੁਹਾਲੀ ਵਿੱਚ ਫੋਰੈਂਸਿਕ ਮਾਹਰ ਡਾਕਟਰ ਉਪਲਬਧ ਨਹੀਂ ਸੀ। ਉਂਜ ਵੀ ਕਾਰ ਚਾਲਕ ਦੀ ਲਾਸ਼ ਅੱਗ ਲੱਗਣ ਕਾਰਨ ਲਗਭਗ ਪੂਰੀ ਤਰ੍ਹਾਂ ਸੜਕ ਚੁੱਕੀ ਸੀ ਅਤੇ ਸਿਰਫ਼ ਹੱਡੀਆਂ ਦਾ ਪਿੰਜਰ ਹੀ ਬਚਿਆ ਸੀ। ਜਿਸ ਕਾਰਨ ਡੀਐਨਏ ਅਤੇ ਵਿੱਸਰਾਂ ਜਾਚ ਲਈ ਸੈਂਪਲ ਲੈਣੇ ਕਾਫੀ ਮੁਸ਼ਕਲ ਸੀ। ਜਿਸ ਕਾਰਨ ਲਾਸ਼ ਨੂੰ ਪੋਸਟ ਮਾਰਟਮ ਲਈ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿੱਚ ਰੈਫਰ ਕੀਤਾ ਗਿਆ ਹੈ।
ਉਧਰ, ਹਾਲਾਂਕਿ ਸੋਹਾਣਾ ਪੁਲੀਸ ਨੇ ਮੁੱਢਲੀ ਜਾਂਚ ਤੋਂ ਬਾਅਦ ਹਾਦਸਾ ਗ੍ਰਸਤ ਕਾਰ ਦੇ ਨੰਬਰ ਰਾਹੀਂ ਕਾਰ ਚਾਲਕ ਮਾਧਵ ਚਤੁਰਵੇਦੀ ਦੀ ਸ਼ਨਾਖ਼ਤ ਕਰ ਲਈ ਸੀ ਪ੍ਰੰਤੂ ਪੁਲੀਸ ਮ੍ਰਿਤਕ ਦੀ ਸ਼ਨਾਖ਼ਤ ਨੂੰ ਲੈ ਕੇ ਕੋਈ ਗੁੰਜਾਇੰਸ ਬਾਕੀ ਨਹੀਂ ਛੱਡਣਾ ਚਾਹੁੰਦੀ ਹੈ। ਇਸ ਲਈ ਪੁਲੀਸ ਨੇ ਕਾਰ ਵਿੱਚ ਅੱਗ ਲੱਗਣ ਨਾਲ ਸੜਨ ਵਾਲੇ ਵਿਅਕਤੀ ਦੀ ਅਸਲ ਪਛਾਣ ਲਈ ਉਸ ਦਾ ਡੀਐਨਏ ਟੈਸਟ ਅਤੇ ਵਿੱਸਰਾਂ ਦੀ ਜਾਂਚ ਕਰਵਾਉਣਾ ਚਾਹੁੰਦੀ ਹੈ। ਉਂਜ ਪੁਲੀਸ ਅਨੁਸਾਰ ਕਾਰ ਚਾਲਕ ਦੀ ਮੌਤ ਅੱਗ ਵਿੱਚ ਸੜਨ ਕਾਰਨ ਹੋਈ ਹੈ।
ਜਾਣਕਾਰੀ ਅਨੁਸਾਰ ਮਾਧਵ ਚਤੁਰਵੇਦੀ ਵੀਰਵਾਰ ਰਾਤ ਨੂੰ ਕਰੀਬ 11 ਵਜੇ ਆਪਣੀ ਆਈ-10 ਕਾਰ ਵਿੱਚ ਸਵਾਰ ਹੋ ਕੇ ਪਿੰਡ ਮੌਲੀ ਬੈਦਵਾਨ ਵੱਲ ਜਾ ਰਿਹਾ ਸੀ। ਜਦੋਂ ਉਹ ਪਿੰਡ ਸੰਭਾਲਕੀ ਦੇ ਨੇੜੇ ਪੁੱਜਾ ਤਾਂ ਅਚਾਨਕ ਕਾਰ ਨੂੰ ਅੱਗ ਲੱਗ ਗਈ। ਜਿਸ ਕਾਰਨ ਕਾਰ ਬੇਕਾਬੂ ਹੋ ਕੇ ਸੜਕ ਤੋਂ ਹੇਠਾਂ ਖਤਾਨਾਂ ਵਿੱਚ ਉਤਰ ਗਈ ਅਤੇ ਉੱਥੇ ਖੜੇ ਦਰਖਤ ਨਾਲ ਟਕਰਾ ਕੇ ਬੰਦ ਹੋ ਗਈ। ਅੱਗ ਜ਼ਿਆਦਾ ਫੈਲਣ ਕਾਰਨ ਕਾਰ ਚਾਲਕ ਬਹੁਤ ਘਬਰਾ ਗਿਆ ਅਤੇ ਉਸ ਤੋਂ ਸੀਟ ਬੈਲਟ ਵੀ ਨਹੀਂ ਖੁੱਲ੍ਹੀ ਅਤੇ ਬਾਹਰ ਨਾ ਨਿਕਲਣ ਕਾਰਨ ਉਸ ਦੀ ਕਾਰ ਵਿੱਚ ਸੜ ਕੇ ਦਰਦਨਾਕ ਮੌਤ ਹੋ ਗਈ। ਇਸ ਹਾਦਸੇ ਬਾਰੇ
ਉੱਥੋਂ ਲੰਘ ਰਹੀ ਇੱਕ ਟੈਕਸੀ ਕਾਰ ਦੇ ਚਾਲਕ ਜਤਿੰਦਰ ਨੇ ਮੁਹਾਲੀ ਪੁਲੀਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਸੀ।

Load More Related Articles
Load More By Nabaz-e-Punjab
Load More In General News

Check Also

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ ਜ਼ਬਰਦਸਤੀ …