ਕਾਰ ਰੇਸਰ ਅਸ਼ਵਨੀ ਸੁੰਦਰ ਤੇ ਪਤਨੀ ਦੀ ਕਾਰ ਹਾਦਸੇ ਵਿੱਚ ਸੜ ਕੇ ਮੌਤ
ਨਬਜ਼-ਏ-ਪੰਜਾਬ ਬਿਊਰੋ, ਚੇਨਈ, 19 ਮਾਰਚ:
ਪ੍ਰੋਫੈਸ਼ਨਲ ਕਾਰ ਰੇਸਰ ਅਸ਼ਵਨੀ ਸੁੰਦਰ ਅਤੇ ਉਨ੍ਹਾਂ ਦੀ ਪਤਨੀ ਨਿਵੇਦਤਾ ਦੀ ਇਕ ਕਾਰ ਹਾਦਸੇ ਵਿੱਚ ਮੌਤ ਹੋ ਗਈ। ਉਨ੍ਹਾਂ ਦੀ ਬੀ.ਐਮ.ਡਬਲਿਊ. ਕਾਰ ਚੇਨਈ ਦੇ ਸੈਂਥਮ ਰੋਡ ਤੇ ਦਰੱਖਤ ਨਾਲ ਟਕਰਾ ਗਈ। ਪੁਲੀਸ ਨੇ ਕਿਹਾ ਕਿ ਸੁੰਦਰ ਅਤੇ ਉਨ੍ਹਾਂ ਦੀ ਪਤਨੀ ਕਾਰ ਵਿੱਚ ਫਸ ਗਏ ਅਤੇ ਕਾਰ ਦੇ ਦਰਵਾਜ਼ੇ ਨਹੀਂ ਖੁੱਲ੍ਹ ਸਕੇ। ਕਾਰ ਕੰਧ ਅਤੇ ਦਰੱਖਤ ਦਰਮਿਆਨ ਫਸ ਗਈ। ਇਸ ਨਾਲ ਕਾਰ ਵਿੱਚ ਅੱਗ ਲੱਗ ਗਈ ਅਤੇ ਜੋੜੇ ਦੀ ਸੜਨ ਨਾਲ ਮੌਤ ਹੋ ਗਈ। ਕਾਰ ਸੁੰਦਰ ਚੱਲਾ ਰਹੇ ਸਨ। ਨਿਵੇਦਤਾ ਇਕ ਡਾਕਟਰ ਸੀ ਅਤੇ ਇਕ ਸਰਕਾਰੀ ਹਸਪਤਾਲ ਵਿੱਚ ਕੰਮ ਕਰ ਰਹੀ ਸੀ।
ਨੇੜਿਓਂ ਲੰਘ ਰਹੇ ਲੋਕਾਂ ਨੇ ਸੜਦੀ ਕਾਰ ਨੂੰ ਦੇਖਦੇ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਨਾਲ ਹੀ ਫਾਇਰ ਬ੍ਰਿਗੇਡ ਦੀ ਟੀਮ ਵੀ ਤੁਰੰਤ ਮੌਕੇ ਤੇ ਪੁੱਜੀ। ਟੀਮ ਨੂੰ ਅੱਗ ਤੇ ਕਾਬੂ ਪਾਉਣ ਵਿੱਚ ਅੱਧੇ ਘੰਟੇ ਦਾ ਸਮਾਂ ਲੱਗਾ। ਮਾਮਲੇ ਦੀ ਜਾਂਚ ਕਰ ਰਹੀ ਟੀਮ ਦੀ ਇੰਸਪੈਕਟਰ ਵਿਨੀਤਾ ਅਤੇ ਉਨ੍ਹਾਂ ਦੀ ਟੀਮ ਨੇ ਦਰਵਾਜ਼ੇ ਤੋੜ ਕੇ ਜੋੜੇ ਦੀਆਂ ਲਾਸ਼ਾਂ ਬਾਹਰ ਕੱਢੀਆਂ। ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਰਾਇਲਪੇਥ ਹਸਪਤਾਲ ਭੇਜਿਆ ਗਿਆ। ਲਾਸ਼ਾਂ ਇੰਨੀਆਂ ਬੁਰੀ ਤਰ੍ਹਾਂ ਸੜ ਗਈਆਂ ਸਨ ਕਿ ਸ਼ੁਰੂਆਤ ਵਿੱਚ ਪੁਲੀਸ ਉਨ੍ਹਾਂ ਨੂੰ ਪਛਾਣ ਹੀ ਨਹੀਂ ਸਕੀ। ਬਾਅਦ ਵਿੱਚ ਕਾਰ ਦੇ ਰਜਿਸਟਰੇਸ਼ਨ ਨੰਬਰ ਨਾਲ ਉਨ੍ਹਾਂ ਦੀ ਪਛਾਣ ਕੀਤੀ ਗਈ। ਜਾਂਚ ਵਿੱਚ ਪਤਾ ਲੱਗਾ ਕਿ ਅਸ਼ਵਨੀ ਅਤੇ ਉਨ੍ਹਾਂ ਦੀ ਪਤਨੀ ਅਲਕਾਪੱਕਮ ਇਲਾਕੇ ਵਿੱਚ ਰਹਿੰਦੇ ਸਨ। ਉਹ ਐਮ.ਆਰ.ਸੀ. ਨਗਰ ਵਿੱਚ ਆਪਣੇ ਦੋਸਤ ਨੂੰ ਮਿਲਣ ਆਏ ਸਨ। ਇੱਥੋੱ ਆਪਣੇ ਘਰੋੱ ਆਉੱਦੇ ਸਮੇੱ ਇਹ ਹਾਦਸਾ ਹੋਇਆ।