ਖਰੜ ਦੇ ਸਿਵਲ ਹਸਪਤਾਲ ਵਿੱਚ ਸ਼ੁਰੂ ਹੋਇਆ ‘ਕੇਅਰ ਕੰਪੈਨੀਅਨ ਪ੍ਰੋਗਰਾਮ’

ਮਰੀਜ਼ ਦੀ ਸਿਹਤਯਾਬੀ ਲਈ ਪਰਿਵਾਰਕ ਮੈਂਬਰਾਂ ਦਾ ਜਾਗਰੂਕ ਹੋਣਾ ਬਹੁਤ ਜ਼ਰੂਰੀ: ਸਿਵਲ ਸਰਜਨ

ਨਬਜ਼-ਏ-ਪੰਜਾਬ ਬਿਊਰੋ, ਖਰੜ, 4 ਮਾਰਚ:
ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਹੋਰ ਸੀਨੀਅਰ ਸਿਹਤ ਅਧਿਕਾਰੀਆਂ ਨੇ ਅੱਜ ਖਰੜ ਦੇ ਸਰਕਾਰੀ ਹਸਪਤਾਲ ਵਿੱਚ ‘ਕੇਅਰ ਕੰਪੈਨੀਅਨ ਪ੍ਰੋਗਰਾਮ’ ਦੀ ਸ਼ੁਰੂਆਤ ਕੀਤੀ। ਇਸ ਮੌਕੇ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੰਤਵ ਹੈ ਕਿ ਮਰੀਜ਼ ਹਸਪਤਾਲ ’ਚੋਂ ਠੀਕ ਹੋ ਕੇ ਜਾਣ ਅਤੇ ਘਰਾਂ ਵਿੱਚ ਵੀ ਉਨ੍ਹਾਂ ਦੇ ਪਰਵਾਰਕ ਜੀਅ ਮੁਕੰਮਲ ਸਿਹਤਯਾਬੀ ਤਕ ਉਨ੍ਹਾਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਨ। ਇਸ ਲਈ ਮਰੀਜ਼ ਦੀ ਮੁਕੰਮਲ ਤੰਦਰੁਸਤੀ ਲਈ ਉਸ ਦੇ ਪਰਵਾਰਕ ਜੀਆਂ ਜਾਂ ਸਾਕ-ਸਬੰਧੀਆਂ ਨੂੰ ਸਹੀ ਦੇਖਭਾਲ ਬਾਬਤ ਸਿੱਖਿਅਤ ਕੀਤਾ ਜਾਵੇ। ਇੰਜ ਮਰੀਜ਼ ਹਸਪਤਾਲ ਵਿੱਚ ਦਾਖ਼ਲ ਹੋਣ ਦੌਰਾਨ ਅਤੇ ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਛੇਤੀ ਸਿਹਤਯਾਬ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਪਹਿਲਾਂ ਹੀ ਜ਼ਿਲ੍ਹਾ ਹਸਪਤਾਲ ਮੁਹਾਲੀ ਅਤੇ ਡੇਰਾਬੱਸੀ ਦੇ ਸਿਵਲ ਹਸਪਤਾਲ ਵਿਚ ਚੱਲ ਰਿਹਾ ਹੈ ਅਤੇ ਅੱਜ ਖਰੜ ਦੇ ਸਬ-ਡਵੀਜ਼ਨਲ ਹਸਪਤਾਲ ਵਿੱਚ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਮਰੀਜ਼ ਖ਼ੁਦ ਅਤੇ ਉਸ ਦੇ ਪਰਵਾਰਕ ਜੀਅ ਸਾਫ਼-ਸਫ਼ਾਈ, ਦਵਾਈ, ਸਹੀ ਖਾਣ-ਪੀਣ, ਸੁਚੱਜੇ ਸਿਹਤ ਵਿਹਾਰ ਜਿਹੀਆਂ ਛੋਟੀਆਂ-ਛੋਟੀਆਂ ਗੱਲਾਂ ਬਾਰੇ ਜਾਗਰੂਕ ਹੋਣਗੇ ਤਾਂ ਮਰੀਜ਼ ਨੂੰ ਬਹੁਤੀ ਤਕਲੀਫ਼ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਉਹ ਛੇਤੀ ਠੀਕ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਮਰੀਜ਼ ਨੂੰ ਲਾਗ ਜਾਂ ਇਨਫ਼ੈਕਸ਼ਨ ਤੋਂ ਬਚਾਉਣਾ ਬਹੁਤ ਜ਼ਰੂਰੀ ਹੈ। ਅਸੀਂ ਨਿੱਜੀ ਸਫ਼ਾਈ ਦੇ ਨਾਲ-ਨਾਲ ਹਸਪਤਾਲ ਦੀ ਸਫ਼ਾਈ ਵਲ ਵੀ ਧਿਆਨ ਦੇ ਕੇ ਲਾਗ ਨੂੰ ਫੈਲਣ ਤੋਂ ਰੋਕ ਸਕਦੇ ਹਾਂ ਅਤੇ ਬੀਮਾਰੀ ਵਿਅਕਤੀ ਦੇ ਠੀਕ ਹੋਣ ਵਿੱਚ ਮਦਦ ਕਰ ਸਕਦੇ ਹਾਂ।
ਸਿਵਲ ਸਰਜਨ ਨੇ ਕਿਹਾ ਕਿ ਸਾਫ਼-ਸਫ਼ਾਈ ਨਾ ਹੋਣ ’ਤੇ ਜਿੱਥੇ ਮਰੀਜ਼ ਦੀ ਬੀਮਾਰੀ ਵੱਧ ਸਕਦੀ ਹੈ, ਉਥੇ ਉਸ ਦੀ ਦੇਖਭਾਲ ਕਰਨ ਵਾਲੇ ਵੀ ਬੀਮਾਰੀ ਦੀ ਲਪੇਟ ਵਿਚ ਆ ਸਕਦੇ ਹਨ। ਹੱਥਾਂ ਦੀ ਸਫ਼ਾਈ ਨਾਲ ਹੀ ਲਾਗ ਤੋਂ ਹੋਣ ਵਾਲੀਆਂ 90 ਫੀਸਦੀ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਸ ਲਈ ਖਾਣਾ ਖਾਣ ਤੋਂ ਪਹਿਲਾਂ ਅਤੇ ਬਾਅਦ ਵਿਚ ਹੱਥਾਂ ਦੀ ਸਫ਼ਾਈ ਬਹੁਤ ਜ਼ਰੂਰੀ ਹੈ। ਬੀਮਾਰ ਵਿਅਕਤੀ ਨੂੰ ਛੂਹਣ ਤੋਂ ਪਹਿਲਾਂ ਅਤੇ ਬਾਅਦ ਵਿਚ ਹੱਥ ਜ਼ਰੂਰ ਧੋਣੇ ਚਾਹੀਦੇ। ਜੇ ਹੱਥਾਂ ਦੇ ਨਹੁੰ ਵਧੇ ਹੋਏ ਹਨ ਤਾਂ ਹੱਥ ਧੋਣ ਦਾ ਕੋਈ ਫ਼ਾਇਦਾ ਨਹੀਂ। ਬੀਮਾਰੀ ਵਿਅਕਤੀ ਨੂੰ ਖਾਣਾ ਖਵਾਉਣ ਤੋਂ ਪਹਿਲਾਂ ਹੱਥ ਜ਼ਰੂਰ ਧੋਤੇ ਜਾਣ। ਸਫ਼ਾਈ ਲਈ ਸਾਬਣ, ਤਰਲ ਸਾਬਣ ਆਦਿ ਵਰਤਿਆ ਜਾ ਸਕਦਾ ਹੈ। ਕੋਸ਼ਿਸ਼ ਇਹ ਹੋਵੇ ਕਿ ਮਰੀਜ਼ ਦੀ ਖ਼ਬਰਸਾਰ ਲੈਣ ਵਾਲਿਆਂ ਨੂੰ ਮਰੀਜ਼ ਦੇ ਕਮਰੇ ਜਾਂ ਵਾਰਡ ਵਿੱਚ ਨਾ ਜਾਣ ਦਿਤਾ ਜਾਵੇ। ਇੰਜ ਲਾਗ ਲੱਗਣ ਦਾ ਡਰ ਹੁੰਦਾ ਹੈ।
ਡਾ. ਆਦਰਸ਼ਪਾਲ ਕੌਰ ਨੇ ਕਿਹਾ ਕਿ ਹਸਪਤਾਲ ਵਿਚ ਬਿਸਤਰੇ ‘ਤੇ ਬੈਠ ਕੇ ਨਾ ਖਾਧਾ ਜਾਵੇ। ਹਸਪਤਾਲ ਵਿੱਚ ਕਿਤੇ ਵੀ ਨਾ ਥੁੱਕਿਆ ਜਾਵੇ। ਜੇ ਮਰੀਜ਼ ਦੇ ਕਿਸੇ ਜ਼ਖ਼ਮ ਦਾ ਇਲਾਜ ਹੋਇਆ ਹੈ ਤਾਂ ਉਸ ਦੀ ਚੰਗੀ ਤਰ੍ਹਾਂ ਦੇਖਭਾਲ ਕੀਤੀ ਜਾਵੇ। ਜ਼ਖ਼ਮ ‘ਤੇ ਵਰਤੀ ਜਾਣ ਵਾਲੀ ਪੱਟੀ ਨੂੰ ਸਾਫ਼ ਅਤੇ ਸੁੱਕਾ ਰੱਖਿਆ ਜਾਵੇ। ਮਰੀਜ਼ ਦੇ ਘਰ ਜਾਣ ਮਗਰੋਂ ਟਾਂਕਿਆਂ ਨੂੰ ਸਾਫ਼ ਅਤੇ ਸੁੱਕਾ ਰਖਿਆ ਜਾਵੇ। ਡਾਕਟਰ ਦੀ ਸਲਾਹ ਤੋਂ ਬਿਨਾਂ ਤੇਲ ਜਾਂ ਕੋਈ ਹੋਰ ਚੀਜ਼ ਨਾ ਲਗਾਓ। ਅਪਣੀ ਮਰਜ਼ੀ ਨਾਲ ਦਵਾਈ ਬੰਦ ਨਾ ਕਰੋ। ਇਸ ਤੋਂ ਇਲਾਵਾ ਮਰੀਜ਼ ਨੂੰ ਚੰਗੀ ਤੇ ਸਿਹਤਮੰਦ ਖ਼ੁਰਾਕ ਦਿਤੀ ਜਾਵੇ ਅਤੇ ਉਸ ਨੂੰ ਹਲਕੀ-ਫੁਲਕੀ ਕਸਰਤ ਕਰਨ ਲਈ ਵੀ ਕਿਹਾ ਜਾਵੇ।
ਸਿਵਲ ਸਰਜਨ ਨੇ ਮੌਕੇ ’ਤੇ ਮੌਜੂਦ ਸਟਾਫ਼ ਨੂੰ ਇਸ ਪ੍ਰੋਗਰਾਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਜ਼ਰੂਰੀ ਹਦਾਇਤਾਂ ਵੀ ਦਿਤੀਆਂ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਦਲਜੀਤ ਸਿੰਘ ਪ੍ਰਦੇਸੀ, ਐਸਐਮਓ ਡਾ. ਮਨਿੰਦਰ ਕੌਰ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …