Nabaz-e-punjab.com

‘ਮਸ਼ਾਲ ਪ੍ਰਾਜੈਕਟ’: ਸਿੱਖਿਆ ਵਿਭਾਗ ਨੇ ਅਧਿਆਪਕਾਂ ਨੂੰ ਦਿੱਤੀ ਕਰੀਅਰ ਤੇ ਗਾਈਡੈਂਸ ਕੌਂਸਲਰ ਦੀ ਸਿਖਲਾਈ

ਵਿਦਿਆਰਥੀ ਦਾ ਭਵਿੱਖ ਬਣਾਉਣ ਵਿੱਚ ਸਕੂਲੀ ਅਧਿਆਪਕਾਂ ਦਾ ਅਹਿਮ ਰੋਲ: ਇੰਦਰਜੀਤ ਸਿੰਘ

ਮੁਹਾਲੀ ਸਮੇਤ ਸੱਤ ਜ਼ਿਲ੍ਹਿਆਂ ਦੀ ਲਗਾਈਆਂ ਜਾ ਚੁੱਕੀਆਂ ਹਨ ਸਿਖਲਾਈ ਵਰਕਸ਼ਾਪਾਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਗਸਤ:
ਸਿੱਖਿਆ ਵਿਭਾਗ ਵੱਲੋਂ ਸਕੱਤਰ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰਾਜੈਕਟ ਅਧੀਨ ਸਰਕਾਰੀ ਹਾਈ/ਸੀਨੀਅਰ ਸੈਕੰਡਰੀ ਸਕੂਲਾਂ ਦੇ ਸੀਨੀਅਰ/ਕੁਸ਼ਲ ਅਧਿਆਪਕਾਂ ਨੂੰ ‘ਮਸ਼ਾਲ ਪ੍ਰਾਜੈਕਟ’ ਅਧੀਨ ਕਰੀਅਰ ਗਾਈਡੈਂਸ ਕੌਂਸਲਰ ਵਜੋਂ ਸਿਖਲਾਈ ਦਿੱਤੀ ਗਈ। ਨਿਸ਼ਾਨ ਐਜੂਕੇਸ਼ਨ ਟਰੱਸਟ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਵੱਖ-ਵੱਖ ਕਿੱਤਿਆਂ ਬਾਰੇ ਜਾਣਕਾਰੀ ਦੇਣ ਅਤੇ ਉਨ੍ਹਾਂ ਦਾ ਮਾਰਗ ਦਰਸ਼ਨ ਕਰਨ ਲਈ ਇਸ ਸਿਖਲਾਈ ਵਰਕਸ਼ਾਪ ਵਿੱਚ ਅਧਿਆਪਕਾਂ ਨੂੰ ਕਰੀਅਰ ਗਾਈਡੈਂਸ ਕੌਂਸਲਰ ਵਜੋਂ ਸਿੱਖਿਅਤ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਪੰਜਾਬ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਦੇ ਡਾਇਰੈਕਟਰ ਇੰਦਰਜੀਤ ਸਿੰਘ ਨੇ ਕਿਹਾ ਕਿ ਵਰਕਸ਼ਾਪ ਦਾ ਉਦੇਸ਼ ਕਿਸ਼ੋਰ ਅਵਸਥਾ ਵਿੱਚ ਵਿਦਿਆਰਥੀਆਂ ਨੂੰ ਕੁਰਾਹੇ ਪੈਣ ਤੋਂ ਰੋਕਣ ਅਤੇ ਯੋਗ ਅਗਵਾਈ ਦੇਣਾ ਹੈ ਤਾਂ ਜੋ ਉਹ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿ ਕੇ ਆਪਣੀ ਪੜ੍ਹਾਈ ਪ੍ਰਤੀ ਸੁਚੇਤ ਰਹਿਣ ਅਤੇ ਸਹੀ ਕਿੱਤੇ ਦੀ ਚੋਣ ਕਰਕੇ ਆਪਣੇ ਜੀਵਨ ਵਿੱਚ ਸਮੇਂ ਸਿਰ ਕਾਮਯਾਬ ਹੋ ਸਕਣ। ਉਨ੍ਹਾਂ ਕਿਹਾ ਕਿ ਅਧਿਆਪਕ ਦਾ ਵਿਦਿਆਰਥੀ ਦਾ ਭਵਿੱਖ ਬਣਾਉਣ ਵਿੱਚ ਅਹਿਮ ਰੋਲ ਹੁੰਦਾ ਹੈ। ਇਸ ਲਈ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਵਿਦਿਆਰਥੀਆਂ ਨੂੰ ਸਹੀ ਸੇਧ ਦੇ ਕੇ ਉਨ੍ਹਾਂ ਨੂੰ ਆਪਣਾ ਮੁਕਾਮ ਹਾਸਲ ਕਰਨ ਵਿੱਚ ਮਦਦ ਕਰਨ।
ਗਾਈਡੈਂਸ ਐਂਡ ਕੌਂਸਲਿੰਗ ਦੇ ਸਟੇਟ ਕੋਆਰਡੀਨੇਟਰ ਜਯੋਤੀ ਸੋਨੀ ਨੇ ਦੱਸਿਆ ਕਿ ਬੀਤੀ 22 ਜੁਲਾਈ ਤੋਂ ਲਗਾਈਆਂ ਜਾ ਰਹੀਆਂ ਇਨ੍ਹਾਂ ਸਿਖਲਾਈ ਵਰਕਸ਼ਾਪਾਂ ਵਿੱਚ ਹੁਣ ਤੱਮ ਮੁਹਾਲੀ ਸਮੇਤ ਸੱਤ ਜ਼ਿਲ੍ਹਿਆਂ ਫਤਹਿਗੜ੍ਹ ਸਾਹਿਬ, ਫਿਰੋਜ਼ਪੁਰ, ਅੰਮ੍ਰਿਤਸਰ, ਬਠਿੰਡਾ, ਗੁਰਦਾਸਪੁਰ ਅਤੇ ਫਰੀਦਕੋਟ ਦੇ ਅਧਿਆਪਕਾਂ ਨੂੰ ਸਿੱਖਿਅਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਹ ਸਿਖਲਾਈ ਵਰਕਸ਼ਾਪਾਂ ਵੱਖ-ਵੱਖ ਸਿੱਖਿਆ ਸ਼ਾਸਤਰੀਆਂ ਦੇ ਸਹਿਯੋਗ ਨਾਲ ਲਗਾਈਆਂ ਜਾ ਰਹੀਆਂ ਹਨ। ਇਸ ਮੌਕੇ ਸਹਾਇਕ ਡਾਇਰੈਕਟਰ (ਟਰੇਨਿੰਗ) ਜਰਨੈਲ ਸਿੰਘ, ਨਿਸ਼ਾਨ ਐਜੂਕੇਸਨ ਟਰੱਸਟ ਦੇ ਚੇਅਰਮੈਨ ਰਣਜੀਤ ਪਵਾਰ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਮੌਜੂਦ ਸਨ।

Load More Related Articles
Load More By Nabaz-e-Punjab
Load More In Education and Board

Check Also

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ

ਬਾਰ੍ਹਵੀਂ ਦਾ ਨਤੀਜਾ: ਵੀਆਈਪੀ ਸਿਟੀ ਦੀਆਂ ਕੁੜੀਆਂ ਨੇ ਬਾਜੀ ਮਾਰੀ, 13 ਬੱਚੇ ਮੈਰਿਟ ’ਚ ਆਏ ਸਰਕਾਰੀ ਮੈਰੀਟੋ…