
ਮੁਹਾਲੀ ਫੇਜ਼-10 ਵਿੱਚ ਘਰ ਦੇ ਬਾਹਰ ਖੜ੍ਹੀਆਂ ਕਿਰਾਏਦਾਰ ਦੀਆਂ ਗੱਡੀਆਂ ਨੂੰ ਲਗਾਈ ਅੱਗ, ਸੜ ਕੇ ਸੁਆਹ
ਪੀੜਤ ਕਿਰਾਏਦਾਰ ਦੀ ਵੱਖ ਵੱਖ ਮਾਮਲਿਆਂ ਵਿੱਚ ਕਈ ਵਿਅਕਤੀਆਂ ਨਾਲ ਚਲ ਰਹੀ ਹੈ ਮੁਕੱਦਮੇ ਬਾਜੀ: ਐਸਐਚਓ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਪਰੈਲ:
ਇੱਥੋਂ ਦੇ ਫੇਜ਼-10 ਵਿੱਚ ਮਕਾਨ ਨੰਬਰ 1676 ਦੇ ਬਾਹਰ ਖੜ੍ਹੀਆਂ 2 ਗੱਡੀਆਂ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋੱ ਅੱਗ ਲਗਾ ਦਿੱਤੀ ਗਈ। ਇਹ ਦੋਵੇੱ ਗੱਡੀਆਂ ਇਸ ਮਕਾਨ ਵਿੱਚ ਕਿਰਾਏਦਾਰ ਵਜੋੱ ਰਹਿੰਦੇ ਜਰਮਨਜੀਤ ਨਾਂ ਦੇ ਵਿਅਕਤੀ ਦੀਆਂ ਹਨ। ਬੀਤੀ ਰਾਤ ਪੌਣੇ ਦੋ ਕੁ ਵਜੇ ਦੇ ਕਰੀਬ ਕਿਸੇ ਵਿਅਕਤੀ ਵੱਲੋਂ ਉਸ ਦੀਆਂ 2 ਗੱਡੀਆਂ (ਇੱਕ ਟਵੇਰਾ ਅਤੇ ਇਕ ਫੋਰਸ ਜੀਪ) ਨੂੰ ਅੱਗ ਲਗਾ ਦਿੱਤੀ ਗਈ। ਇਸ ਤਰੀਕੇ ਨਾਲ ਕਾਰਾਂ ਨੂੰ ਅੱਗ ਲਗਾਉਣ ਦੀ ਇਸ ਕਾਰਵਾਈ ਨਾਲ ਇਸ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਹੈ। ਵਾਰਡ ਦੇ ਕੌਂਸਲਰ ਹਰਦੀਪ ਸਿੰਘ ਸਰਾਓ ਨੇ ਦੱਸਿਆ ਕਿ ਰਾਤ 2 ਵਜੇ ਦੇ ਕਰੀਬ ਅਚਾਨਕ ਕਿਸੇ ਵੱਲੋਂ ਇਥੇ ਗੱਡੀਆਂ ਨੂੰ ਅੱਗ ਲਗਾ ਦਿੱਤੀ ਗਈ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਜਾਣਕਾਰੀ ਦਿੱਤੀ ਗਈ ਅਤੇ ਫਾਇਰ ਬ੍ਰਿਗੇਡ ਵੱਲੋਂ ਆ ਕੇ ਇੱਥੇ ਅੱਗ ਤੇ ਕਾਬੂ ਪਾਇਆ ਗਿਆ।
ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦੀ ਇਹ ਕਾਰਵਾਈ ਉਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਅਤੇ ਮੌਕੇ ਤੇ ਪਹੁੰਚੀ ਪੁਲੀਸ ਪਾਰਟੀ ਵੱਲੋਂ ਸੀਸੀਟੀਵੀ ਕੈਮਰੇ ਦੀ ਫੁਟੇਜ ਆਪਣੇ ਕਬਜੇ ਵਿੱਚ ਲੈ ਲਈ ਗਈ ਹੈ। ਪੁਲੀਸ ਅਨੁਸਾਰ ਸੀਸੀਟੀਵੀ ਫੁਟੇਜ ਵਿੱਚ ਇੱਕ ਨੌਜਵਾਨ ਜਿਸ ਨੇ ਮੂੰਹ ਤੇ ਕਪੜਾ ਬੰਨਿਆ ਹੋਇਆ ਹੈ ਅਤੇ ਜੈਕਟ ਪਾਈ ਹੋਈ ਹੈ ਉਥੇ ਪੈਦਲ ਆਉਂਦਾ ਹੈ ਅਤੇ ਗੱਡੀ ਦਾ ਸ਼ੀਸ਼ਾ ਤੋੜ ਕੇ ਉਸ ਵਿੱਚ ਕੋਈ ਜਲਨਸ਼ੀਲ ਪਦਾਰਥ ਸੁੱਟਦਾ ਹੈ ਅਤੇ ਫਿਰ ਅੱਗ ਲੱਗਾ ਦਿੰਦਾ ਹੈ।
ਇਸ ਸਬੰਧੀ ਸੰਪਰਕ ਕਰਨ ’ਤੇ ਥਾਣਾ ਫੇਜ਼ 11 ਦੇ ਥਾਣਾ ਮੁਖੀ ਇੰਸਪੈਕਟਰ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਜਿਸ ਵਿਅਕਤੀ ਦੀਆਂ ਗੱਡੀਆਂ ਨੂੰ ਅੱਗ ਲਗਾਈ ਗਈ ਹੈ ਉਸ ਵਿਅਕਤੀ ਦੀ ਕੁਝ ਵਿਅਕਤੀਆਂ ਨਾਲ ਵੱਖ ਵੱਖ ਮਾਮਲਿਆਂ ਵਿੱਚ ਮੁਕੱਦਮੇ ਬਾਜੀ ਚਲਦੀ ਹੈ ਅਤੇ ਘਟਨਾ ਦੀ ਮੁੱਢਲੀ ਜਾਂਚ ਨਾਲ ਇਹ ਪਤਾ ਲੱਗਦਾ ਹੈ ਕਿ ਇਹ ਮਾਮਲਾ ਨਿੱਜੀ ਰੰਜਿਸ਼ ਦਾ ਲੱਗਦਾ ਹੈ। ਉਹਨਾਂ ਦੱਸਿਆ ਕਿ ਪੁਲੀਸ ਵੱਲੋਂ ਸੀਸੀਟੀਵੀ ਦੀ ਫੁਟੇਜ ਦੀ ਜਾਂਚ ਕੀਤੀ ਗਈ ਹੈ ਅਤੇ ਹੁਣ ਪੁਲੀਸ ਵੱਲੋਂ ਇਸ ਖੇਤਰ ਵਿੱਚ ਲੱਗੇ ਦੂਜੇ ਕੈਮਰਿਆਂ ਦੀ ਫੁਟੇਜ ਵੀ ਹਾਸਿਲ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਗੱਡੀਆਂ ਨੂੰ ਅੱਗ ਲਗਾਉਣ ਵਾਲਾ ਵਿਅਕਤੀਆਂ (ਜਿਹੜਾ ਪੈਦਲ ਆਇਆ ਦਿਖ ਰਿਹਾ ਹੈ) ਕਿਹੜੀ ਥਾਂ ਤੋਂ ਆਇਆ ਸੀ ਜਾਂ ਉਸਨੇ ਆਪਣੀ ਗੱਡੀ ਕਿੱਥੇ ਖੜ੍ਹੀ ਕੀਤੀ ਸੀ। ਉਹਨਾਂ ਕਿਹਾ ਕਿ ਪੁਲੀਸ ਵੱਲੋਂ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ। ਇਸ ਸਬੰਧੀ ਪੁਲੀਸ ਵੱਲੋਂ ਆਈਪੀਸੀ ਦੀ ਧਾਰਾ 427 ਅਧੀਨ ਕੇਸ ਦਰਜ ਕੀਤਾ ਗਿਆ ਹੈ।