ਮੀਡੀਆ ਵਿੱਚ ਆਈਆਂ ਤਬਦੀਲੀਆਂ ਦੇ ਹਾਣੀ ਬਣਨ ਲਈ ਆਪਣੇ ਹੁਨਰ ਨੂੰ ਹੋਰ ਤਰਾਸ਼ਣ ਲੋਕ ਸੰਪਰਕ ਅਧਿਕਾਰੀ: ਵਰੁਣ ਰੂਜ਼ਮ

ਲੋਕ ਸੰਪਰਕ ਵਿਭਾਗ ਦੇ ਨਵੇਂ ਡਾਇਰੈਕਟਰ ਵੱਲੋਂ ਅਫ਼ਸਰਾਂ ਨੂੰ ਸਰਕਾਰੀ ਨੀਤੀਆਂ ਤੇ ਫੈਸਲੇ ਪਿੰਡ ਪੱਧਰ ’ਤੇ ਪੁੱਜਦਾ ਕਰਨ ਦੇ ਆਦੇਸ਼

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਮਾਰਚ:
ਪੰਜਾਬ ਦੇ ਲੋਕ ਸੰਪਰਕ ਵਿਭਾਗ ਦੇ ਨਵੇਂ ਡਾਇਰੈਕਟਰ ਸ੍ਰੀ ਵਰੁਣ ਰੂਜਮ, ਆਈ.ਏ.ਐਸ. ਨੇ ਵਿਭਾਗ ਦੇ ਅਧਿਕਾਰੀਆਂ ਦੀ ਪਲੇਠੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰਕਾਰ ਦੀਆਂ ਨੀਤੀਆਂ ਅਤੇ ਫ਼ੈਸਲੇ ਹੇਠਲੇ ਪੱਧਰ ਤੱਕ ਪਹੁੰਚਾਉਣ ਲਈ ਢੁਕਵਾਂ ਪ੍ਰਚਾਰ ਯਕੀਨੀ ਬਣਾਉਣ ਅਤੇ ਮੀਡੀਆ ’ਚ ਆਈਆਂ ਨਵੀਆਂ ਤਬਦੀਲੀਆਂ ਦੇ ਹਾਣੀ ਬਣਨ ਲਈ ਆਪਣੇ ਹੁਨਰ ਨੂੰ ਹੋਰ ਤਰਾਸ਼ਣ ਦੀ ਲੋੜ ’ਤੇ ਜ਼ੋਰ ਦਿੱਤਾ।
ਇਥੇ ਗਮਾਡਾ ਦੇ ਕਮੇਟੀ ਰੂਮ ਵਿੱਚ ਹੋਈ ਮੀਟਿੰਗ ਦੌਰਾਨ ਉਨ੍ਹਾਂ ਸਪੱਸ਼ਟ ਕੀਤਾ ਕਿ ਲੋਕ ਸੰਪਰਕ ਅਧਿਕਾਰੀ ਸਰਕਾਰ ਦੀਆਂ ਉਮੀਦਾਂ ’ਤੇ ਖਰਾ ਉਤਰਨ ਅਤੇ ਪਸੰਦ ਦੀਆਂ ਥਾਵਾਂ ’ਤੇ ਨਿਯੁਕਤੀ ਲਈ ਨੱਠ-ਭੱਜ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਵਿਭਾਗ ਦੀ ਕਾਰਜ-ਪ੍ਰਣਾਲੀ ਨਿਰੋਲ ਮੈਰਿਟ ਦੇ ਆਧਾਰ ’ਤੇ ਚੱਲੇਗੀ ਅਤੇ ਲਗਨ ਤੇ ਮਿਹਨਤ ਨਾਲ ਕੰਮ ਕਰਨ ਵਾਲਿਆਂ ਨੂੰ ਢੁਕਵਾਂ ਸਨਮਾਨ ਵੀ ਦਿੱਤਾ ਜਾਵੇਗਾ। ਸ੍ਰੀ ਰੂਜ਼ਮ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਹੋਣ ਵਾਲੇ ਸਰਕਾਰੀ ਸਮਾਗਮ ਵਿੱਚ ਕਿਫ਼ਾਇਤ ਵਰਤਣ ਅਤੇ ਵਿਭਾਗ ਵੱਲੋਂ ਬੀਤੇ ਸਮੇਂ ਦੌਰਾਨ ਅਪਣਾਈਆਂ ਜਾਂਦੀਆਂ ਸੁਚੱਜੀਆਂ ਕਾਰਜ ਵਿਧੀਆਂ ਨੂੰ ਅਪਣਾਉਣ, ਜੋ ਵਿਭਾਗ ਦੀ ਮਜ਼ਬੂਤੀ ਦਾ ਆਧਾਰ ਰਹੀਆਂ ਹਨ ਅਤੇ ਉਨ੍ਹਾਂ ਸਾਰੀਆਂ ਕਮਜ਼ੋਰੀਆਂ ਨੂੰ ਦੂਰ ਕਰਨ, ਜੋ ਵਿਭਾਗ ਦੀ ਕਾਰਜ ਪ੍ਰਣਾਲੀ ਵਿੱਚ ਵਿਘਨ ਪਾ ਰਹੀਆਂ ਹਨ। ਜ਼ਿਲ੍ਹਾ ਪੱਧਰੀ ਅਧਿਕਾਰੀਆਂ ਦੁਆਰਾ ਕੀਤੇ ਗਏ ਸਵਾਲਾਂ ਨੂੰ ਠਰ੍ਹੰਮੇ ਨਾਲ ਸੁਣਦਿਆਂ ਸ੍ਰੀ ਰੂਜ਼ਮ ਨੇ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਪੱਧਰੀ ਦਫ਼ਤਰਾਂ ਵਿਖੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਰਮਚਾਰੀਆਂ ਅਤੇ ਲੋੜੀਂਦੇ ਸਾਜ਼ੋ-ਸਾਮਾਨ ਨੂੰ ਛੇਤੀ ਤਰਕਸੰਗਤ ਕੀਤਾ ਜਾਵੇਗਾ।
ਉਨ੍ਹਾਂ ਇੱਕ ਮਜ਼ਬੂਤ ਤੇ ਪੁਖ਼ਤਾ ਫ਼ੀਡਬੈਕ ਪ੍ਰਣਾਲੀ ਵਿਕਸਿਤ ਕਰਨ ਦੀ ਲੋੜ ’ਤੇ ਵਿਸ਼ੇਸ਼ ਜ਼ੋਰ ਦਿੰਦਿਆਂ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪੋ-ਆਪਣੇ ਅਧਿਕਾਰ ਖੇਤਰਾਂ ਵਿੱਚ ਸਰਕਾਰੀ ਨੀਤੀਆਂ ਪ੍ਰਤੀ ਜਨਤਾ ਦੀ ਕਿਸੇ ਕਿਸਮ ਦੀ ਨਾਰਾਜ਼ਗੀ ਜਾਂ ਲੋਕਾਂ/ਸੰਗਠਨਾਂ/ਸਮੂਹਾਂ ਦੀਆਂ ਹੱਕੀ ਮੰਗਾਂ ਨੂੰ ਮੁੱਖ ਦਫ਼ਤਰ ਤੱਕ ਹਰ ਹਾਲਤ ਵਿੱਚ ਪੁੱਜਦਾ ਕਰਨ ਅਤੇ ਲੋਕਾਂ ਤੇ ਸਰਕਾਰ ਦਰਮਿਆਨ ਪੁਲ ਦਾ ਕੰਮ ਕਰਨ।
ਮੀਟਿੰਗ ਦੌਰਾਨ ਡਾ. ਸੇਨੂੰ ਦੁੱਗਲ ਤੇ ਉਪਿੰਦਰ ਸਿੰਘ ਲਾਂਬਾ (ਦੋਵੇਂ ਵਧੀਕ ਡਾਇਰੈਕਟਰ), ਸੁਰਿੰਦਰ ਮਲਿਕ, ਸੰਯੁਕਤ ਡਾਇਰੈਕਟਰ, ਕੇ.ਐਲ. ਰੱਤੂ, ਹਰਜੀਤ ਸਿੰਘ ਗਰੇਵਾਲ, ਡਾ. ਅਜੀਤ ਕੰਵਲ ਸਿੰਘ ਤੇ ਸ. ਰਣਦੀਪ ਸਿੰਘ ਆਹਲੂਵਾਲੀਆ (ਸਾਰੇ ਡਿਪਟੀ ਡਾਇਰੈਕਟਰ) ਅਤੇ ਜ਼ਿਲ੍ਹਾ ਲੋਕ ਅਫ਼ਸਰ ਸੁਰਜੀਤ ਸਿੰਘ ਸੈਣੀ ਸਮੇਤ ਮੁੱਖ ਦਫ਼ਤਰ ਤੇ ਜ਼ਿਲ੍ਹਿਆਂ ਦੇ ਸਮੂਹ ਅਧਿਕਾਰੀ ਸ਼ਾਮਲ ਹੋਏ।
ਕੈਪਸ਼ਨ: ਲੋਕ ਸੰਪਰਕ ਵਿਭਾਗ ਦੇ ਨਵੇਂ ਡਾਇਰੈਕਟਰ ਸ੍ਰੀ ਵਰੁਣ ਰੂਜਮ ਵਿਭਾਗ ਦੇ ਅਧਿਕਾਰੀਆਂ ਦੀ ਪਲੇਠੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਅਤੇ ਹੋਰ ਅਧਿਕਾਰੀ।

Load More Related Articles
Load More By Nabaz-e-Punjab
Load More In General News

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ‘ਮਹਿਲਾ ਦਿਵਸ’ ਨੂੰ ਸਮਰਪਿਤ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ‘ਮਹਿਲਾ ਦਿਵਸ’ ਨੂੰ ਸਮਰਪਿਤ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ …