nabaz-e-punjab.com

ਗਾਹਕ ਦੀ ਕੁੱਟਮਾਰ ਦੇ ਦੋਸ਼ ਹੇਠ ਦੁਕਾਨਦਾਰ ਦੇ ਖ਼ਿਲਾਫ਼ ਕੇਸ ਦਰਜ, ਦੁਕਾਨਦਾਰ ਨੇ ਕੁੱਟਮਾਰ ਦੇ ਦੋਸ਼ ਨਕਾਰੇ

ਚੰਡੀਗੜ੍ਹ ਦਾ ਵਕੀਲ ਆਪਣੀ ਭੈਣ ਨਾਲ ਕੱਪੜਿਆਂ ਦੀ ਖ਼ਰੀਦਦਾਰੀ ਲਈ ਮੁਹਾਲੀ ਆਇਆ ਸੀ

ਕਾਰਡ ਤੋਂ ਦੋ ਵਾਰ ਪੈਸੇ ਨਿਕਲਣ ’ਤੇ ਹੋਇਆ ਵਿਵਾਦ, ਦੁਕਾਨਦਾਰ ’ਤੇ ਪੈਸੇ ਮੋੜਨ ਦੀ ਥਾਂ ਕੁੱਟਮਾਰ ਦਾ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜੁਲਾਈ:
ਇੱਥੋਂ ਦੇ ਫੇਜ਼-2 ਦੇ ਵਸਨੀਕ ਭਵਨੀਕ ਮਹਿਤਾ ਨਾਲ ਕੁੱਟਮਾਰ ਕਰਨ ਅਤੇ ਅਪਸ਼ਬਦ ਬੋਲਣ ਦੇ ਦੋਸ਼ਾਂ ਹੇਠ ਮਟੌਰ ਪੁਲੀਸ ਵੱਲੋਂ ਫੇਜ਼-7 ਦੀ ਮਾਰਕੀਟ ਵਿੱਚ ਕੱਪੜੇ ਦੇ ਸ਼ੋਅਰੂਮ ਦੇ ਮਾਲਕ ਖ਼ਿਲਾਫ਼ ਧਾਰਾ 323, 506, 427 ਤਹਿਤ ਕੇਸ ਦਰਜ ਕੀਤਾ ਗਿਆ ਹੈ। ਵਕੀਲ ਭਵਨੀਕ ਮਹਿਤਾ ਨੇ ਦੱਸਿਆ ਕਿ ਉਹ ਬੀਤੀ 10 ਜੁਲਾਈ ਨੂੰ ਆਪਣੀ ਭੈਣ ਦੇ ਨਾਲ ਕੱਪੜੇ ਲੈਣ ਲਈ ਉਕਤ ਦੁਕਾਨ ’ਤੇ ਆਇਆ ਸੀ ਅਤੇ 5933 ਰੁਪਏ ਦੀ ਅਦਾਇਗੀ ਉਨ੍ਹਾਂ ਨੇ ਆਪਣੇ ਕਰੈਡਿਟ ਕਾਰਡ ਨਾਲ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਕ ਵਾਰ ਕਾਰਡ ਵਰਤਣ ਤੋਂ ਬਾਅਦ ਦੁਕਾਨਦਾਰ ਨੇ ਕਿਹਾ ਕਿ ਉਸ ਦੇ ਖਾਤੇ ਵਿੱਚ ਪੈਸੇ ਨਹੀਂ ਆਏ ਹਨ ਜਦੋਂਕਿ ਉਨ੍ਹਾਂ ਨੂੰ ਕਰੈਡਿਟ ਕਾਰਡ ਤੋਂ ਪੈਸੇ ਖ਼ਰਚ ਹੋਣ ਸਬੰਧੀ ਤੁਰੰਤ ਮੈਸੇਜ ਆ ਗਿਆ ਸੀ ਪ੍ਰੰਤੂ ਜਦੋਂ ਦੁਕਾਨਦਾਰ ਨਾ ਮੰਨਿਆ ਤਾਂ ਉਨ੍ਹਾਂ ਦੁਬਾਰਾ ਕਾਰਡ ਵਰਤਣ ਲਈ ਦੇ ਦਿੱਤਾ ਜਿਸ ’ਤੇ ਦੁਬਾਰਾ ਰਕਮ ਨਿਕਲ ਗਈ। ਉਨ੍ਹਾਂ ਦੱਸਿਆ ਕਿ ਉਸ ਵੇਲੇ ਦੁਕਾਨਦਾਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਜੇਕਰ ਉਨ੍ਹਾਂ ਦੇ ਕਾਰਡ ’ਚੋਂ ਦੋ ਵਾਰ ਪੈਸੇ ਨਿਕਲੇ ਹੋਣਗੇ ਤਾਂ ਉਹ ਪੈਸੇ ਵਾਪਸ ਕਰ ਦੇਵੇਗਾ। ਇਸ ਸਬੰਧੀ ਦੁਕਾਨਦਾਰ ਨੇ ਉਨ੍ਹਾਂ ਨੂੰ ਲਿਖ ਕੇ ਵੀ ਦੇ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ 11 ਜੁਲਾਈ ਨੂੰ ਉਨ੍ਹਾਂ ਦੇ ਕਰੈਡਿਟ ਕਾਰਡ ਦੀ ਈ ਸਟੇਟਮੈਂਟ ਵਿੱਚ 5933 ਰੁਪਏ ਦੋ ਵਾਰ ਖ਼ਰਚ ਹੋਣ ਦੀ ਗੱਲ ਲਿਖਤੀ ਰੂਪ ਵਿੱਚ ਆ ਗਈ ਅਤੇ 12 ਜੁਲਾਈ ਦੀ ਰਾਤ ਵੇਲੇ ਉਹ ਦੁਬਾਰਾ ਦੁਕਾਨਦਾਰ ਕੋਲ ਆਪਣੇ ਪੈਸੇ ਵਾਪਸ ਲੈਣ ਚਲੇ ਗਏ ਅਤੇ ਦੁਕਾਨਦਾਰ ਨੂੰ ਕਰੈਡਿਟ ਕਾਰਡ ਦੀ ਸਟੇਟਮੈਂਟ (ਫੋਨ ’ਤੇ) ਦਿਖਾ ਕੇ ਪੈਸੇ ਵਾਪਸ ਕਰਨ ਲਈ ਆਖਿਆ ਪ੍ਰੰਤੂ ਦੁਕਾਨਦਾਰ ਪੈਸੇ ਮੋੜਨ ਤੋਂ ਇਨਕਾਰ ਕਰ ਦਿੱਤਾ ਅਤੇ ਕਹਿਣ ਲੱਗਾ ਕਿ ਉਸ ਕੋਲ ਇੰਨਾ ਟਾਈਮ ਨਹੀਂ ਹੈ ਕਿ ਉਹ ਫੋਨ ’ਤੇ ਸਟੇਟਮੈਂਟ ਦੇਖੇ ਅਤੇ ਉਸ ਨੂੰ ਸਟੇਟਮੈਂਟ ਦਾ ਪ੍ਰਿੰਟ ਦਿੱਤਾ ਜਾਵੇ।
ਪੀੜਤ ਵਕੀਲ ਨੇ ਦੱਸਿਆ ਕਿ ਹਾਲਾਂਕਿ ਉਹ ਦੁਕਾਨਦਾਰ ਤੋਂ ਸ਼ਾਂਤਮਈ ਤਰੀਕੇ ਨਾਲ ਪੈਸੇ ਮੰਗ ਰਹੇ ਸਨ ਪ੍ਰੰਤੂ ਅਚਾਨਕ ਦੁਕਾਨਦਾਰ ਭੜਕ ਗਿਆ ਅਤੇ ਉਨ੍ਹਾਂ ਨੂੰ ਗਾਲ੍ਹਾਂ ਕੱਢਣ ਲੱਗ ਗਿਆ ਅਤੇ ਦੁਕਾਨਦਾਰ ਨੇ ਉਨ੍ਹਾਂ ਨੂੰ ਧੱਕਾ ਮਾਰ ਕੇ ਦੁਕਾਨ ਤੋਂ ਬਾਹਰ ਕੱਢ ਦਿੱਤਾ ਅਤੇ ਖ਼ੁਦ ਵੀ ਬਾਹਰ ਆ ਕੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਦੁਕਾਨਦਾਰ ਨੇ ਕੁਝ ਹੋਰ ਵਿਅਕਤੀ ਵੀ ਮੌਕੇ ’ਤੇ ਸੱਦ ਲਏ ਅਤੇ ਸਾਰਿਆਂ ਨੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਦੀ ਭੈਣ ਨੂੰ ਗਾਲ੍ਹਾਂ ਕੱਢੀਆਂ। ਉਸ ਦੀ ਭੈਣ ਨੇ ਪੁਲੀਸ ਕੰਟਰੋਲ ਰੂਮ ’ਤੇ ਫੋਨ ਕਰਕੇ ਪੁਲੀਸ ਨੂੰ ਮੌਕੇ ’ਤੇ ਸੱਦਿਆ ਅਤੇ ਪੁਲੀਸ ਉਨ੍ਹਾਂ ਨੂੰ ਥਾਣੇ ਲੈ ਕੇ ਆਈ।
ਪੀੜਤ ਵਕੀਲ ਦੀ ਹਮਾਇਤ ਵਿੱਚ ਅੱਜ ਚੰਡੀਗੜ੍ਹ ਤੋਂ ਕਈ ਵਕੀਲ ਥਾਣੇ ਪਹੁੰਚੇ ਗਏ। ਜਿਨ੍ਹਾਂ ਨੇ ਦੁਕਾਨਦਾਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ। ਦੂਜੇ ਪਾਸੇ ਦੁਕਾਨਦਾਰ ਦੇ ਸਮਰਥਨ ਵਿੱਚ ਵਪਾਰ ਮੰਡਲ ਮੁਹਾਲੀ ਦੇ ਨੁਮਾਇੰਦੇ ਵੀ ਥਾਣੇ ਪਹੁੰਚੇ ਅਤੇ ਦੋਵਾਂ ਧਿਰਾਂ ਵਿੱਚ ਸਮਝੌਤਾ ਕਰਵਾਉਣ ਦਾ ਯਤਨ ਕੀਤਾ ਗਿਆ ਪ੍ਰੰਤੂ ਭਵਨੀਕ ਮਹਿਤਾ ਦੀ ਮੰਗ ਸੀ ਕਿ ਇਸ ਸਬੰਧੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਬਾਅਦ ਵਿੱਚ ਪੁਲੀਸ ਨੇ ਦੁਕਾਨਦਾਰ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ।
ਉਧਰ, ਦੂਜੇ ਪਾਸੇ ਕੱਪੜੇ ਦੇ ਵਪਾਰੀ ਰਮਨਜੀਤ ਸਿੰਘ ਨੇ ਗਾਹਕ ਨਾਲ ਕੁੱਟਮਾਰ ਅਤੇ ਗਾਲੀਗਲੌਚ ਕਰਨ ਦੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਮਨਘੜਤ ਦੱਸਦਿਆਂ ਕਿਹਾ ਕਿ ਉਲਟਾ ਗਾਹਕ ਨੇ ਪਹਿਲਾਂ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਅਤੇ ਉਨ੍ਹਾਂ ਨਾਲ ਹੱਥੋਪਾਈ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਗਾਹਕ ਵੱਲੋਂ ਕੱਪੜਿਆਂ ਦੀ ਖ਼ਰੀਦ ਸਬੰਧੀ ਅਦਾਇਗੀ ਲਈ ਕਰੈਡਿਟ ਕਾਰਡ ਦਿੱਤਾ ਗਿਆ ਸੀ ਅਤੇ ਜਦੋਂ ਪਹਿਲੀ ਵਾਰ ਉਨ੍ਹਾਂ ਦੇ ਖਾਤੇ ਵਿੱਚ ਰਕਮ ਨਹੀਂ ਆਈ ਤਾਂ ਦੂਜੀ ਵਾਰ ਕਾਰਡ ਵਰਤਿਆਂ ਗਿਆ ਸੀ। ਉਨ੍ਹਾਂ ਕਿਹਾ ਕਿ ਅਸਲ ਮਸਲਾ ਪੈਸੇ ਦੀ ਅਦਾਇਗੀ ਦਾ ਨਹੀਂ ਸੀ ਅਤੇ ਉਹ ਪੈਸੇ ਦੇਣ ਲਈ ਤਿਆਰ ਸਨ ਪ੍ਰੰਤੂ ਉਹ ਗਾਹਕ ਦੁਕਾਨ ਵਿੱਚ ਆਉਣ ਸਾਰ ਉਨ੍ਹਾਂ ਨਾਲ ਮੰਦਾ ਬੋਲਣ ਲੱਗ ਗਿਆ ਅਤੇ ਉਨ੍ਹਾਂ ਦੇ ਪਿਤਾ ਬਾਰੇ ਵੀ ਅਪਸ਼ਬਦ ਬੋਲੇ। ਜਿਸ ਤੋਂ ਬਾਅਦ ਇਹ ਝਗੜਾ ਵਧ ਗਿਆ। ਇਸ ਸਬੰਧੀ ਥਾਣਾ ਮਟੌਰ ਦੇ ਐਸਐਚਓ ਜਗਦੇਵ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਸਬੰਧੀ ਦੁਕਾਨਦਾਰ ਦੇ ਖ਼ਿਲਾਫ਼ ਧਾਰਾ 323, 506, 427 ਅਧੀਨ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…