nabaz-e-punjab.com

ਵਕੀਲ ਨੂੰ ਗ੍ਰਿਫ਼ਤਾਰ ਕਰਨ ਦਾ ਮਾਮਲਾ: ਮੁਹਾਲੀ ਅਦਾਲਤ ਵੱਲੋਂ ਡੀਐਸਪੀ ਤੇ ਥਾਣਾ ਮੁਖੀ ਬਾਇੱਜ਼ਤ ਬਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਫਰਵਰੀ:
ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਜਸਵਿੰਦਰ ਸਿੰਘ ਦੀ ਅਦਾਲਤ ਨੇ ਵਕੀਲ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਣ ਅਤੇ ਬਿਨਾਂ ਸਰਚ ਵਰੰਟਾਂ ਤੋਂ ਘਰ ਦੀ ਤਲਾਸ਼ੀ ਲੈਣ ਦੇ ਮਾਮਲੇ ਦਾ ਨਿਬੇੜਾ ਕਰਦਿਆਂ ਖਰੜ ਸਦਰ ਥਾਣਾ ਦੇ ਤਤਕਾਲੀ ਐਸਐਚਓ ਅਤੇ ਮੌਜੂਦਾ ਡੀਐਸਪੀ ਗੁਰਵਿੰਦਰਪਾਲ ਸਿੰਘ ਅਤੇ ਸੀਨੀਅਰ ਇੰਸਪੈਕਟਰ ਜਰਨੈਲ ਸਿੰਘ ਨੂੰ ਸਾਰੇ ਦੋਸ਼ਾਂ ਤੋਂ ਬਾਇੱਜ਼ਤ ਬਰੀ ਕਰ ਦਿੱਤਾ ਹੈ। ਇਨ੍ਹਾਂ ਪੁਲੀਸ ਅਧਿਕਾਰੀਆਂ ਨੂੰ ਦਸੰਬਰ 2015 ਵਿੱਚ ਖਰੜ ਅਦਾਲਤ ਵੱਲੋਂ 3-3 ਸਾਲ ਦੀ ਕੈਦ ਅਤੇ ਜੁਰਮਾਨੇ ਦੀ ਸਜਾ ਸੁਣਾਈ ਗਈ ਸੀ। ਅੱਜ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਜਸਵਿੰਦਰ ਸਿੰਘ ਦੀ ਅਦਾਲਤ ਨੇ ਸਰਕਾਰੀ ਧਿਰ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਡੀਐਸਪੀ ਗੁਰਵਿੰਦਰਪਾਲ ਸਿੰਘ ਅਤੇ ਇੰਸਪੈਕਟਰ ਜਰਨੈਲ ਸਿੰਘ ਨੂੰ ਭਾਰੀ ਰਾਹਤ ਦਿੰਦਿਆਂ ਉਕਤ ਮਾਮਲੇ ਵਿੱਚ ਬਾ-ਇੱਜ਼ਤ ਬਰੀ ਕਰ ਦਿੱਤਾ ਹੈ ਅਤੇ ਸ਼ਿਕਾਇਤਕਰਤਾ ਵਕੀਲ ਗੁਰਪਾਲ ਸਿੰਘ ਬੈਂਸ ਦੀ ਉਸ ਅਰਜ਼ੀ ਨੂੰ ਵੀ ਖਾਰਜ ਕਰ ਦਿੱਤਾ ਹੈ। ਜਿਸ ਵਿੱਚ ਵਕੀਲ ਨੇ ਦੋਵੇਂ ਪੁਲੀਸ ਅਫ਼ਸਰਾਂ ਦੀ ਸਜਾ ਵਧਾਉਣ ਦੀ ਅਪੀਲ ਕੀਤੀ ਗਈ ਸੀ।
ਜਾਣਕਾਰੀ ਅਨੁਸਾਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਗੁਰਪਾਲ ਸਿੰਘ ਬੈਂਸ ਨੇ ਖਰੜ ਅਦਾਲਤ ਵਿੱਚ ਉਕਤ ਪੁਲੀਸ ਅਧਿਕਾਰੀਆਂ ਖ਼ਿਲਾਫ਼ ਇੱਕ ਇਸਤਗਾਸਾ/ਪ੍ਰਾਈਵੇਟ ਕੰਪਲੇਂਟ ਦਾਇਰ ਕੀਤੀ ਸੀ। ਬੈਂਸ ਕੋਲ ਇੱਕ ਕੇਸ ਆਇਆ ਸੀ, ਜਿਸ ਵਿੱਚ ਜਸਵੀਰ ਸਿੰਘ ਦੇ ਖ਼ਿਲਾਫ਼ ਪੁਲੀਸ ਨੇ ਇੱਕ ਲੜਕੀ ਵਰਗਲਾ ਲੈ ਕੈ ਆਪਣੇ ਨਾਲ ਲਿਜਾਉਣ ਦਾ ਪਰਚਾ ਦਰਜ ਕੀਤਾ ਸੀ। ਜਸਵੀਰ ਸਿੰਘ ਨੇ ਅਗਾਊਂ ਜ਼ਮਾਨਤ ਲਈ ਉਨ੍ਹਾਂ ਨਾਲ ਤਾਲਮੇਲ ਕੀਤਾ ਸੀ। ਜਦੋਂ ਵਕੀਲ ਨੇ ਜਸਵੀਰ ਸਿੰਘ ਦੀ ਜ਼ਮਾਨਤ ਦਾਇਰ ਕਰਨ ਲਈ ਸਾਰੀ ਕਾਰਵਾਈ ਸ਼ੁਰੂ ਕੀਤੀ ਤਾਂ ਖਰੜ ਪੁਲੀਸ ਵੱਲੋਂ ਬਿਨਾਂ ਕਿਸੇ ਸਰਚ ਵਰੰਟਾਂ ਤੋਂ ਉਨ੍ਹਾਂ ਦੇ ਘਰ ਦੀ ਤਲਾਸ਼ੀ ਲਈ ਗਈ ਅਤੇ ਪੁਲੀਸ ਥਾਣੇ ਸੱਦ ਕੇ ਉਸ ਨਾਲ ਮਾੜਾ ਸਲੂਕ ਕੀਤਾ ਗਿਆ ਅਤੇ ਜਸਵੀਰ ਸਿੰਘ ਖ਼ਿਲਾਫ਼ ਦਰਜ ਕੇਸ ਵਿੱਚ ਉਸ ਨੂੰ ਵੀ ਗ੍ਰਿਫ਼ਤਾਰ ਕਰਕੇ ਅਦਾਲਤ ਨੇ ਪਟਿਆਲਾ ਜੇਲ੍ਹ ਭੇਜ ਦਿੱਤਾ ਸੀ।
ਵਕੀਲ ਬੈਂਸ ਨੇ ਜ਼ਮਾਨਤ ’ਤੇ ਰਿਹਾਅ ਹੋ ਕੇ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਸ਼ਿਕਾਇਤ ਕੀਤੀ, ਪ੍ਰੰਤੂ ਕੋਈ ਕਾਰਵਾਈ ਨਹੀਂ ਹੋਈ। ਇਸ ਮਗਰੋਂ ਉਨ੍ਹਾਂ ਨੇ ਖਰੜ ਅਦਾਲਤ ਦਾ ਬੂਹਾ ਖੜਕਾਇਆ। ਇਸ ਦੌਰਾਨ ਉਸ ਨੂੰ ਅਤੇ ਉਸ ਦੇ ਗਵਾਹਾ ਨੂੰ ਵੀ ਡਰਾਇਆ ਧਮਕਾਇਆ ਗਿਆ ਅਤੇ ਰਿਕਾਰਡ ਖੁਰਦ ਬੁਰਦ ਕੀਤਾ ਗਿਆ। ਇਸ ਮਾਮਲੇ ਖਰੜ ਅਦਾਲਤ ਨੇ ਦਸੰਬਰ 2015 ਵਿੱਚ ਦੋਵੇਂ ਪੁਲੀਸ ਅਫ਼ਸਰਾਂ ਨੂੰ 3-3 ਸਾਲ ਦੀ ਕੈਦ ਅਤੇ 10-10 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਸੀ ਪ੍ਰੰਤੂ ਅੱਜ ਜ਼ਿਲ੍ਹਾ ਅਦਾਲਤ ਨੇ ਉਕਤ ਅਧਿਕਾਰੀਆਂ ਨੂੰ ਬਾਇੱਜ਼ਤ ਬਰੀ ਕਰ ਦਿੱਤਾ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …