Nabaz-e-punjab.com

ਮੁਹਾਲੀ ਏਅਰਪੋਰਟ ਸੜਕ ’ਤੇ ਸ਼ਰ੍ਹੇਆਮ ਗੁੰਡਾਗਰਦੀ ਦਾ ਮਾਮਲਾ: ਹਮਲਾਵਰ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ

ਕਾਂਗਰਸ ਆਗੂ ਦੇ ਨਜ਼ਦੀਕੀ ਬਾਊਸਰ ਸਮੇਤ ਦਰਜਨ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਦਰਜ ਕੀਤਾ ਗਿਆ ਹੈ ਕੇਸ

ਹਮਲਾਵਰਾਂ ਦੀ ਪੈੜ ਨੱਪਣ ਲਈ ਪੁਲੀਸ ਵੱਲੋਂ ਵੱਖ ਵੱਖ ਥਾਵਾਂ ’ਤੇ ਛਾਪੇਮਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਮਈ:
ਮੁਹਾਲੀ ਏਅਰਪੋਰਟ ਸੜਕ ’ਤੇ ਨਾਰਥ ਕੰਟਰੀ ਮਾਲ ਦੇ ਨੇੜੇ ਪਿਛਲੇ ਦਿਨੀ ਦੇਰ ਰਾਤ ਨੂੰ ਸ਼ਰ੍ਹੇਆਮ ਗੁੰਡਾਗਰਦੀ ਕਰਦਿਆਂ ਭੁਲੇਖੇ ਨਾਲ ਤਿੰਨ ਬੇਕਸੂਰ ਨੌਜਵਾਨਾਂ ਦੀ ਕੁੱਟਮਾਰ ਕਰਨ ਵਾਲੇ ਹਮਲਾਵਾਰ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਜ਼ਖ਼ਮੀ ਸੰਨ੍ਹੀ ਮੁਹਾਲੀ ਅਕਸ਼ੇ ਕੁਮਾਰ ਅਤੇ ਸ਼ਿਵਜੋਤ ਸਿੰਘ ਵਾਸੀ ਫਤਹਿਗੜ੍ਹ ਸਾਹਿਬ ਇੱਥੋਂ ਦੇ ਸਰਕਾਰੀ ਹਸਪਤਾਲ ਫੇਜ਼-6 ਵਿੱਚ ਜੇਰੇ ਇਲਾਜ ਹਨ।
ਥਾਣਾ ਬਲੌਂਗੀ ਦੇ ਐਸਐਚਓ ਯੋਗੇਸ਼ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਜ਼ਖ਼ਮੀ ਅਕਸ਼ੇ ਕੁਮਾਰ ਵਾਸੀ ਪਿੰਡ ਸਿਰ ਕੱਪੜਾ (ਫਤਹਿਗੜ੍ਹ ਸਾਹਿਬ) ਦੇ ਬਿਆਨਾਂ ਨੂੰ ਆਧਾਰ ਬਣਾ ਕੇ ਬਾਊਸਰ ਹਰਪਾਲ ਸਿੰਘ ਸਮੇਤ 10-12 ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 307, 323, 325, 506 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਜ਼ਖ਼ਮੀ ਨੌਜਵਾਨਾਂ ਦੇ ਬਿਆਨ ਦਰਜ ਕਰ ਲਏ ਗਏ ਹਨ। ਪੁਲੀਸ ਅਨੁਸਾਰ ਫਿਲਹਾਲ ਸਾਰੇ ਹਮਲਾਵਰ ਫਰਾਰ ਹਨ। ਥਾਣਾ ਮੁਖੀ ਨੇ ਦੱਸਿਆ ਕਿ ਹਮਲਾਵਰਾਂ ਦੀ ਪੈੜ ਨੱਪਣ ਲਈ ਵੱਖ ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਧਰ, ਸੂਤਰਾਂ ਦੀ ਜਾਣਕਾਰੀ ਅਨੁਸਾਰ ਬਾਊਸਰ ਹਰਪਾਲ ਸਿੰਘ ਸੀਨੀਅਰ ਕਾਂਗਰਸ ਆਗੂ ਦਾ ਅਤਿ ਨਜ਼ਦੀਕੀ ਦੱਸਿਆ ਜਾ ਰਿਹਾ ਹੈ।
ਸਰਕਾਰੀ ਹਸਪਤਾਲ ਵਿੱਚ ਦਾਖ਼ਲ ਸ਼ਿਵਜੋਤ ਸਿੰਘ ਦੀ ਮਾਂ ਰਜਨੀ ਦੇਵੀ ਨੇ ਦੱਸਿਆ ਕਿ ਵਾਹਿਗੁਰੂ ਦਾ ਸੁਕਰ ਹੈ ਕਿ ਉਸ ਦਾ ਬੱਚਾ ਸਹੀ ਸਲਾਮਤ ਹੈ, ਜਿਸ ਤਰੀਕੇ ਨਾਲ ਹਮਲਾਵਰਾਂ ਨੇ ਉਨ੍ਹਾਂ ਨੂੰ ਘੇਰ ਕੇ ਬੂਰੀ ਤਰ੍ਹਾਂ ਕੁੱਟਿਆ ਗਿਆ ਅਤੇ ਨੀਮ ਬੇਹੋਸੀ ਦੀ ਹਾਲਤ ਵਿੱਚ ਰਾਤ ਨੂੰ ਸੜਕ ’ਤੇ ਛੱਡ ਕੇ ਭੱਜ ਗਏ ਸੀ ਤਾਂ ਕੁਝ ਵੀ ਹੋ ਸਕਦਾ ਸੀ। ਸ਼ਿਵਜੋਤ ਸਿੰਘ ਨੇ ਦੱਸਿਆ ਕਿ ਉਹ ਇੱਥੋਂ ਦੇ ਸੈਕਟਰ-70 ਸਥਿਤ ਇਕ ਇਮੀਗਰੇਸ਼ਨ ਕੰਪਨੀ ਵਿੱਚ ਨੌਕਰੀ ਕਰਦੇ ਹਨ। ਪਿਛਲੇ ਦਿਨੀਂ ਪਾਰਕਿੰਗ ਵਿੱਚ ਵਾਹਨ ਖੜਾਉਣ ਨੂੰ ਲੈ ਕੇ ਬਾਊਸਰ ਹਸਪਾਲ ਸਿੰਘ ਦੇ ਛੋਟੇ ਭਰਾ ਨਾਲ ਕਿਸੇ ਹੋਰ ਨੌਜਵਾਨ ਨਾਲ ਝਗੜਾ ਹੋ ਗਿਆ ਸੀ ਅਤੇ ਅਣਪਛਾਤੇ ਨੌਜਵਾਨ ਨੇ ਬਾਊਸਰ ਦੇ ਭਰਾ ਕੀ ਕੁੱਟਮਾਰ ਕੀਤੀ ਸੀ ਲੇਕਿਨ ਇਸ ਦੌਰਾਨ ਉਹ ਵੀ ਉੱਥੋਂ ਲੰਘ ਰਹੇ ਸੀ ਅਤੇ ਕਿਸੇ ਨੇ ਉਨ੍ਹਾਂ ਦੀ ਗੱਡੀ ਦਾ ਨੰਬਰ ਨੋਟ ਲਿਆ।
ਉਨ੍ਹਾਂ ਦੱਸਿਆ ਕਿ ਸ਼ਨਿਚਰਵਾਰ ਰਾਤ ਨੂੰ ਉਹ ਆਪਣੇ ਦੋਸਤਾਂ ਅਕਸ਼ੇ ਕੁਮਾਰ ਅਤੇ ਸੰਨ੍ਹੀ ਮੁਹਾਲੀ ਨਾਲ ਸਵਿਫ਼ਟ ਕਾਰ ਵਿੱਚ ਆ ਰਹੇ ਸੀ। ਇਸ ਦੌਰਾਨ ਬਾਊਸਰ ਹਰਪਾਲ ਸਿੰਘ ਅਤੇ ਉਸ ਦੇ ਬੰਦਿਆਂ ਅਣਪਛਾਤੇ ਬੰਦਿਆਂ ਨੇ ਉਨ੍ਹਾਂ ਨੂੰ ਏਅਰਪੋਰਟ ਸੜਕ ’ਤੇ ਘੇਰ ਲਿਆ। ਹਮਲਾਵਰਾਂ ’ਚੋਂ ਇਕ ਨੇ ਪਿਸਤੌਲ ਤਾਣ ਕੇ ਉਨ੍ਹਾਂ ਨੂੰ ਬਾਹਰ ਆਉਣ ਲਈ ਕਿਹਾ ਗਿਆ ਲੇਕਿਨ ਉਹ ਕਾਫੀ ਡਰ ਗਏ ਅਤੇ ਉਨ੍ਹਾਂ ਨੇ ਕਾਰ ਨੂੰ ਅੰਦਰੋਂ ਲਾਕ ਕਰ ਲਿਆ। ਇਸ ਮਗਰੋਂ ਹਲਮਾਵਰਾਂ ਨੇ ਪਹਿਲਾਂ ਉਨ੍ਹਾਂ ਦੀ ਕਾਰ ਦੀ ਭੰਨ ਤੋੜ ਦਿੱਤੀ ਅਤੇ ਉਨ੍ਹਾਂ ਨੂੰ ਥੱਲੇ ਉਤਾਰ ਕੇ ਸੜਕ ’ਤੇ ਭਜਾ ਭਜਾ ਕੇ ਬੂਰੀ ਤਰ੍ਹਾਂ ਕੁੱਟਿਆਂ ਗਿਆ। ਸ਼ਿਵਜੋਤ ਨੇ ਦੱਸਿਆ ਕਿ ਉਨ੍ਹਾਂ ਨੇ ਹਮਲਾਵਰਾਂ ਨੂੰ ਇਹ ਦੱਸਣ ਦੀ ਬਹੁਤ ਕੋਸ਼ਿਸ਼ ਕੀਤੀ ਉਹ ਬੇਕਸੂਰ ਹਨ। ਬਾਅਦ ਵਿੱਚ ਜਦੋਂ ਬਾਊਸਰ ਨੂੰ ਪਤਾ ਲੱਗਾ ਕਿ ਇਹ ਉਹ ਨੌਜਵਾਨ ਨਹੀਂ ਹਨ, ਜਿਨ੍ਹਾਂ ਨੇ ਉਸ ਨੂੰ ਭਰਾ ਨਾਲ ਝਗੜਾ ਕੀਤਾ ਸੀ ਤਾਂ ਉਹ ਮੌਕੇ ਤੋਂ ਫਰਾਰ ਹੋ ਗਏ। ਜਦੋਂਕਿ ਜ਼ਖ਼ਮੀ ਨੌਜਵਾਨਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੇ ਤੁਰੰਤ ਪੁਲੀਸ ਨੂੰ ਸ਼ਿਕਾਇਤ ਕਿਉਂ ਨਹੀਂ ਦਿੱਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਬਿਆਨ ਦੇਣ ਦੀ ਹਾਲਤ ਵਿੱਚ ਨਹੀਂ ਸਨ। ਬੀਤੇ ਦਿਨੀਂ ਡਾਕਟਰਾਂ ਨੇ ਬਲੌਂਗੀ ਪੁਲੀਸ ਨੂੰ ਰੁਕਾ ਭੇਜਿਆ ਗਿਆ। ਇਸ ਤੋਂ ਬਾਅਦ ਪੁਲੀਸ ਨੇ ਹਸਪਤਾਲ ਪਹੁੰਚ ਕੇ ਉਨ੍ਹਾਂ ਦੇ ਬਿਆਨ ਦਰਜ ਕੀਤੇ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…