nabaz-e-punjab.com

ਫੋਟੋ ਪੱਤਰਕਾਰ ਦੀ ਕੁੱਟਮਾਰ ਦਾ ਮਾਮਲਾ ਮੁੱਖ ਮੰਤਰੀ, ਰਾਜਪਾਲ ਤੇ ਪ੍ਰੈਸ ਕੌਂਸਲ ਕੋਲ ਪੁੱਜਾ

ਫੋਟੋ ਪੱਤਰਕਾਰ ਨਾਲ ਕੁੱਟਮਾਰ ਕਾਰਨ ਪੱਤਰਕਾਰ ਭਾਈਚਾਰੇ ਵਿੱਚ ਭਾਰੀ ਰੋਸ

ਕੁੱਟਮਾਰ ਕਰਨ ਵਾਲੇ ਪੁਲੀਸ ਅਧਿਕਾਰੀ ਖ਼ਿਲਾਫ਼ ਅਪਰਾਧਿਕ ਪਰਚਾ ਦਰਜ ਕਰਕੇ ਬਰਖ਼ਾਸਤ ਕਰਨ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਨਵੰਬਰ:
ਜਲੰਧਰ ਤੋਂ ਛਪਦੇ ਇੱਕ ਪੰਜਾਬੀ ਅਖ਼ਬਾਰ ਦੇ ਫੋਟੋ ਪੱਤਰਕਾਰ ਵਰਿੰਦਰਜੀਤ ਸਿੰਘ ਨਾਲ ਸਨਅਤੀ ਏਰੀਆ ਫੇਜ਼-8ਬੀ ਸਥਿਤ ਪੁਲੀਸ ਚੌਂਕੀ ਦੇ ਚੌਂਕੀ ਇੰਚਾਰਜ ਵੱਲੋਂ ਮੁੱਖ ਸੜਕ ’ਤੇ ਕੀਤੀ ਗਈ ਕੁੱਟਮਾਰ ਦੇ ਮਾਮਲੇ ਵਿੱਚ ਭਾਵੇਂ ਚੌਂਕੀ ਇੰਚਾਰਜ ਨੂੰ ਲਾਈਨ ਹਾਜ਼ਰ ਕਰਕੇ ਉਸਦੇ ਖ਼ਿਲਾਫ਼ ਵਿਭਾਗੀ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ ਪ੍ਰੰਤੂ ਪੀੜਤ ਪੱਤਰਕਾਰ ਇਸ ਕਾਰਵਾਈ ਤੋਂ ਸੰਤੁਸ਼ਟ ਨਹੀਂ ਹੈ। ਉਸ ਨੇ ਮੁੱਖ ਮੰਤਰੀ, ਪੰਜਾਬ ਦੇ ਰਾਜਪਾਲ ਅਤੇ ਪ੍ਰੈਸ ਕੌਂਸਲ ਆਫ਼ ਇੰਡੀਆ ਨੂੰ ਪੱਤਰ ਲਿਖ ਕੇ ਇਨਸਾਫ਼ ਦੀ ਗੁਹਾਰ ਲਗਾਈ ਹੈ।
ਉਧਰ, ਇਸ ਘਟਨਾ ਨੂੰ ਲੈ ਕੇ ਪੱਤਰਕਾਰ ਭਾਈਚਾਰੇ ਵਿੱਚ ਪੁਲੀਸ ਪ੍ਰਤੀ ਕਾਫ਼ੀ ਰੋਸ ਹੈ। ਉਨ੍ਹਾਂ ਮੰਗ ਕੀਤੀ ਕਿ ਫੋਟੋ ਪੱਤਰਕਾਰ ਵਰਿੰਦਰਜੀਤ ਸਿੰਘ ਦੀ ਕੁੱਟਮਾਰ ਕਰਨ ਵਾਲੇ ਪੁਲੀਸ ਅਧਿਕਾਰੀ ਖ਼ਿਲਾਫ਼ ਤੁਰੰਤ ਅਪਰਾਧਿਕ ਪਰਚਾ ਦਰਜ ਕਰਕੇ ਉਸ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇ।
ਵਰਿੰਦਰਜੀਤ ਸਿੰਘ ਨੇ ਕਿਹਾ ਕਿ ਬੀਤੀ ਰਾਤ ਉਹ ਇੱਕ ਸਮਾਰੋਹ ਦੀ ਕਵਰੇਜ ਲਈ ਦਫ਼ਤਰ ’ਚੋਂ ਨਿਕਲਿਆ ਸੀ ਅਤੇ ਰਸਤੇ ਵਿੱਚ ਟਰੈਫ਼ਿਕ ਜਾਮ ਸੀ। ਇਸ ਦੌਰਾਨ ਫੋਟੋ ਖਿੱਚਣ ’ਤੇ ਉਸ ਦੀ ਚੌਂਕੀ ਇੰਚਾਰਜ ਸਤਵਿੰਦਰ ਸਿੰਘ ਨਾਲ ਬਹਿਸ ਹੋ ਗਈ। ਜਾਮ ਕਾਰਨ ਪਹਿਲਾਂ ਤੋਂ ਹੀ ਗੁੱਸੇ ਵਿੱਚ ਲਾਲ ਪੀਲੇ ਹੋਏ ਚੌਂਕੀ ਇੰਚਾਰਜ ਨੇ ਉਸ ਦੀ ਜਨਤਕ ਤੌਰ ’ਤੇ ਕੁੱਟਮਾਰ ਕੀਤੀ ਅਤੇ ਜ਼ਮੀਨ ’ਤੇ ਸੁੱਟ ਕੇ ਠੁੱਡੇ ਮਾਰੇ। ਜਿਸ ਕਾਰਨ ਉਸ ਨੂੰ ਗੁੱਝੀਆਂ ਸੱਟਾਂ ਲੱਗੀਆਂ ਹਨ। ਪੀੜਤ ਪੱਤਰਕਾਰ ਨੇ ਕਿਹਾ ਕਿ ਇਸ ਮਾਮਲੇ ਪੁਲੀਸ ਲੀਪਾਪੋਤੀ ਕਰ ਰਹੀ ਹੈ ਅਤੇ ਉੱਚ ਅਧਿਕਾਰੀ ਚੌਂਕੀ ਇੰਚਾਰਜ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ। ਪੁਲੀਸ ਨੇ ਉਸ ਦਾ ਮੈਡੀਕਲ ਤੱਕ ਨਹੀਂ ਕਰਵਾਇਆ।
ਉਨ੍ਹਾਂ ਕਿਹਾ ਕਿ ਉਕਤ ਅਧਿਕਾਰੀ ਨੇ ਉਸ ਨੂੰ ਸੜਕ ਕਿਨਾਰੇ ਲੰਮਾ ਪਾ ਕੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ ਹੈ। ਜਿਸ ਕਾਰਨ ਉਸ ਦੀ ਗਰਦਨ ਅਤੇ ਕੰਨ ਦੇ ਉੱਪਰਲੇ ਹਿੱਸੇ ਵਿੱਚ ਸੱਟ ਲੱਗੀ ਹੈ, ਜਿੱਥੇ ਸੋਜਸ਼ ਵੀ ਆਈ ਹੋਈ ਹੈ। ਇਸ ਘਟਨਾ ਤੋਂ ਬਾਅਦ ਉਹ ਆਪਣੀ ਗਰਦਨ ਮੋੜਣ ਤੋਂ ਵੀ ਅਸਮਰਥ ਹਨ। ਉਨ੍ਹਾਂ ਕਿਹਾ ਕਿ ਜੇਕਰ ਮੌਕੇ ’ਤੇ ਪਹੁੰਚੇ ਵਿਅਕਤੀ ਉਸ ਨੂੰ ਨਾ ਛੁਡਾਉਂਦੇ ਤਾਂ ਚੌਂਕੀ ਇੰਚਾਰਜ ਨੇ ਉਸ ਦਾ ਬੁਰਾ ਹਾਲ ਕਰਨਾ ਸੀ।
ਜ਼ਿਕਰਯੋਗ ਹੈ ਕਿ ਢਾਈ ਕੁ ਸਾਲ ਪਹਿਲਾਂ ਪੁਲੀਸ ਦੀ ਕੁੱਟਮਾਰ ਦਾ ਸ਼ਿਕਾਰ ਹੋਏ ਪੱਤਰਕਾਰ ਮੇਜਰ ਸਿੰਘ ਪੰਜਾਬੀ ਨੇ ਕਿਹਾ ਕਿ ਮੁਹਾਲੀ ਪੁਲੀਸ ਪੱਤਰਕਾਰਾਂ ਨੂੰ ਡਰਾਉਣ, ਧਮਕਾਉਣ, ਉਨ੍ਹਾਂ ਨੂੰ ਕੰਮ ਕਾਰਨ ਤੋਂ ਰੋਕਣ ਅਤੇ ਕੁੱਟਮਾਰ ਕਰਨ ਦੀ ਆਦੀ ਹੋ ਗਈ ਹੈ। ਪੁਲੀਸ ਵੱਲੋਂ 22 ਮਈ 2020 ਨੂੰ ਥਾਣੇ ਡੱਕ ਕੇ ਉਸ ਨਾਲ ਵੀ ਕੁੱਟਮਾਰ ਕੀਤੀ ਗਈ ਅਤੇ ਉਸ ਦੇ ਕਕਾਰਾਂ ਦੀ ਬੇਅਦਬੀ ਕੀਤੀ ਗਈ ਸੀ। ਉਨ੍ਹਾਂ ਮੰਗ ਕੀਤੀ ਕਿ ਫੋਟੋ ਪੱਤਰਕਾਰ ਵਰਿੰਦਰਜੀਤ ਸਿੰਘ ’ਤੇ ਹਮਲਾ ਕਰਨ ਵਾਲੇ ਚੌਂਕੀ ਇੰਚਾਰਜ ਨੂੰ ਬਰਖ਼ਾਸਤ ਕਰਕੇ ਉਸ ਦੇ ਖ਼ਿਲਾਫ਼ ਅਪਰਾਧਿਕ ਕੇਸ ਦਰਜ ਕੀਤਾ ਜਾਵੇ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …