nabaz-e-punjab.com

ਡੀਸੀ ਦੇ ਹੁਕਮਾਂ ’ਤੇ ਨਿੱਜੀ ਸਕੂਲ ਦੇ ਡਾਇਰੈਕਟਰ ਤੇ ਮੈਨੇਜਮੈਂਟ ਕਮੇਟੀ ਵਿਰੁੱਧ ਕੇਸ ਦਰਜ

ਪਿੰਡ ਤੰਗੋਰੀ ਦੇ ਨਿੱਜੀ ਸਕੂਲ ਦੇ 42 ਵਿਦਿਆਰਥੀ ਤੇ 3 ਸਟਾਫ਼ ਮੈਂਬਰ ਕਰੋਨਾ ਪਾਜ਼ੇਟਿਵ

ਨਿਯਮਾਂ ਦੀ ਉਲੰਘਣਾ ਕਰਕੇ ਚਲਾਇਆ ਜਾ ਰਿਹਾ ਸੀ ਸਕੂਲ: ਥਾਣਾ ਮੁਖੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਪਰੈਲ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਦੇ ਹੁਕਮਾਂ ’ਤੇ ਨੇੜਲੇ ਪਿੰਡ ਤੰਗੋਰੀ ਸਥਿਤ ਕੈਰੀਅਰ ਪੁਆਇੰਟ ਗੁਰੂਕੁਲ ਦੇ ਡਾਇਰੈਕਟਰ ਉਮੇਦ ਸਿੰਘ ਅਤੇ ਮੈਨੇਜਮੈਂਟ ਕਮੇਟੀ ਦੇ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਸੋਹਾਣਾ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਪ੍ਰਬੰਧਕਾਂ ਖ਼ਿਲਾਫ਼ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਕੋਵਿਡ ਨਿਯਮਾਂ ਦੀ ਉਲੰਘਣਾ ਅਤੇ ਘੋਰ ਲਾਪਰਵਾਹੀ ਵਰਤਣ ਦਾ ਦੋਸ਼ ਹੈ। ਮਿਲੀ ਜਾਣਕਾਰੀ ਅਨੁਸਾਰ ਗੁਰੂਕੁਲ ਦੇ 42 ਵਿਦਿਆਰਥੀਆਂ ਅਤੇ ਤਿੰਨ ਸਟਾਫ਼ ਮੈਂਬਰਾਂ ਦੇ ਕੋਵਿਡ ਨਮੂਨੇ ਦੀ ਜਾਂਚ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਬੀਤੇ ਕੱਲ੍ਹ ਨਿੱਜੀ ਸਕੂਲ ਦੇ ਕੋਵਿਡ ਸਬੰਧੀ 100 ਨਮੂਨਿਆਂ ’ਚੋਂ ਵਿਦਿਆਰਥੀਆਂ ਅਤੇ ਸਟਾਫ਼ ਸਮੇਤ 17 ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ।
ਸੋਹਾਣਾ ਥਾਣਾ ਦੇ ਐਸਐਚਓ ਭਗਵੰਤ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਪਾਇਆ ਗਿਆ ਹੈ ਕਿ ਗੁਰੂਕੁਲ ਪ੍ਰਬੰਧਕਾਂ ਵੱਲੋਂ ਨਿਯਮਾਂ ਦੀ ਉਲੰਘਣਾ ਕਰਕੇ ਸਕੂਲ ਚਲਾਇਆ ਜਾ ਰਿਹਾ ਸੀ। ਸੂਚਨਾ ਮਿਲਦੇ ਹੀ ਡੀਸੀ ਦੇ ਹੁਕਮਾਂ ’ਤੇ ਐਸਡੀਐਮ ਜਗਦੀਪ ਸਹਿਗਲ ਦੀ ਅਗਵਾਈ ਹੇਠ ਮੁਹਾਲੀ ਅਤੇ ਬਨੂੜ ਦੀ ਸਿਹਤ ਟੀਮਾਂ ਨੇ ਸੰਸਥਾਨ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਨਾਇਬ ਤਹਿਸੀਲਦਾਰ ਅਰਜਨ ਸਿੰਘ ਗਰੇਵਾਲ ਵੀ ਮੌਜੂਦ ਸਨ।
ਸਕੂਲ ਦੇ ਵਿਦਿਆਰਥੀਆਂ ਵੱਲੋਂ ਦਰਮਿਆਨੇ ਤੋਂ ਤੇਜ਼ ਬੁਖਾਰ ਤੋਂ ਪੀੜਤ ਹੋਣ ਸਬੰਧੀ ਸ਼ਿਕਾਇਤ ਮਿਲਣ ’ਤੇ ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਵੱਲੋਂ ਤੁਰੰਤ ਹਰਕਤ ਆਉਂਦਿਆਂ ਉੱਥੇ ਰਹਿਣ ਵਾਲਿਆਂ ਦੇ ਕੋਵਿਡ-19 ਟੈਸਟ ਕਰਵਾਉਣ ਲਈ ਇਕ ਵਿਸ਼ੇਸ਼ ਮੈਡੀਕਲ ਟੀਮ ਭੇਜੀ ਗਈ। ਕਰੋਨਾ ਪਾਜ਼ੇਟਿਵ ਵਿਦਿਆਰਥੀਆਂ ਅਤੇ ਸਟਾਫ਼ ਨੂੰ ਕੋਵਿਡ ਕੇਅਰ ਸੈਂਟਰ ਘੜੂੰਆਂ ਵਿੱਚ ਇਕਾਂਤਵਾਸ ਕਰ ਦਿੱਤਾ ਗਿਆ ਹੈ ਜਦਕਿ ਨੈਗਟਿਵ ਪਾਏ ਗਏ ਵਿਅਕਤੀਆਂ ਨੂੰ ਉਨ੍ਹਾਂ ਦੇ ਘਰ ਭੇਜਿਆ ਜਾ ਰਿਹਾ ਹੈ। ਸਕੂਲ ਅਥਾਰਟੀ ਦੀ ਅਣਗਹਿਲੀ ਦਾ ਗੰਭੀਰ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਸਕੂਲ ਪ੍ਰਸ਼ਾਸਨ ਦਾ ਗੈਰ ਜ਼ਿੰਮੇਵਾਰਨਾ ਵਿਵਹਾਰ ਹੈ। ਸਕੂਲ ਅਥਾਰਟੀ ਵੱਲੋਂ ਕੋਈ ਲੱਛਣ/ਸ਼ੱਕ ਪੈਦਾ ਹੋਣ ’ਤੇ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਨਾਲ ਸੰਪਰਕ/ਰਿਪੋਰਟ ਕਰਨਾ ਚਾਹੀਦਾ ਸੀ। ਉਨ੍ਹਾਂ ਮੁੜ ਦੁਹਰਾਇਆ ਕਿ ਕੋਵਿਡ ਨਾਲ ਸਬੰਧਤ ਕਿਸੇ ਵੀ ਲੱਛਣ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਹੈ ਅਤੇ ਕਰੋਨਾ ਵਾਇਰਸ ਦੇ ਫੈਲਾਅ ਤੋਂ ਬਚਣ ਲਈ ਤੁਰੰਤ ਜਾਂਚ ਕੀਤੀ ਜਾਣੀ ਚਾਹੀਦੀ ਹੈ।

Load More Related Articles

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 3 ਮਈ: ਇੱਥੋਂ ਦੇ ਇਤਿਹਾਸ…