Nabaz-e-punjab.com

ਡਾਕਟਰ ਨੂੰ ਅਗਵਾ ਕਰਕੇ ਕੁੱਟਮਾਰ ਕਰਨ ਦੇ ਦੋਸ਼ ਹੇਠ ਪਿਊ-ਪੁੱਤ ਸਮੇਤ 9 ਵਿਅਕਤੀਆਂ ਖ਼ਿਲਾਫ਼ ਕੇਸ ਦਰਜ

ਬਲੌਂਗੀ ਪੁਲੀਸ ਵੱਲੋਂ ਮੁਲਜ਼ਮ ਪਿਊ ਪੁੱਤ ਗ੍ਰਿਫ਼ਤਾਰ, ਬਾਕੀ ਸੱਤ ਅਣਪਛਾਤੇ ਵਿਅਕਤੀਆਂ ਦੀ ਭਾਲ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਗਸਤ:
ਪਿੰਡ ਸੰਤੇ ਮਾਜਰਾ ਦੇ ਵਸਨੀਕ ਡਾ. ਹਰਦੀਪ ਸਿੰਘ ਨੂੰ ਅਗਵਾ ਕਰਕੇ ਉਸ ਦੀ ਕੁੱਟਮਾਰ ਕਰਨ ਅਤੇ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿੱਚ ਬਲੌਂਗੀ ਪੁਲੀਸ ਵੱਲੋਂ ਜਸਵੀਰ ਸਿੰਘ ਅਤੇ ਉਸ ਦੇ ਜਸਕੀਰਤ ਸਿੰਘ ਵਾਸੀ ਪਿੰਡ ਬਰਿਆਲੀ ਅਤੇ ਸੱਤ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 323,342,364,307,506 ਅਧੀਨ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਥਾਣਾ ਬਲੌਂਗੀ ਦੇ ਐਸਐਚਓ ਮਨਫੂਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਪਿਊ ਪੁੱਤ ਜਸਵੀਰ ਸਿੰਘ ਅਤੇ ਜਸਕੀਰਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦੋਂਕਿ ਬਾਕੀ ਅਣਪਛਾਤੇ ਵਿਅਕਤੀਆਂ ਦੀ ਭਾਲ ਜਾਰੀ ਹੈ।
ਹਰਦੀਪ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਉਹ ਸੰਤੇ ਮਾਜਰਾ ਦਾ ਰਹਿਣ ਵਾਲਾ ਸੀ ਅਤੇ ਉਸ ਨੇ ਪਿੰਡ ਮਨਾਣਾ ਵਿੱਚ ਕਲੀਨਿਕ ਖੋਲ੍ਹੀ ਹੋਈ ਹੈ। ਸ਼ਿਕਾਇਤਕਰਤਾ ਅਨੁਸਾਰ ਜਸਵੀਰ ਸਿੰਘ ਤੇ ਉਸਦਾ ਬੇਟਾ ਜਸਕੀਰਤ ਉਸ ਦੀ ਦੁਕਾਨ ’ਤੇ ਆਏ ਅਤੇ ਕਹਿਣ ਲੱਗੇ ਕਿ ਉਨ੍ਹਾਂ ਨੇ ਕੋਈ ਜ਼ਰੂਰੀ ਗੱਲ ਕਰਨੀ ਹੈ ਅਤੇ ਉਸ ਨੂੰ ਜ਼ਬਰਦਸਤੀ ਕਾਰ ਵਿੱਚ ਬਿਠਾ ਕੇ ਲੈ ਗਏ। ਸ਼ਿਕਾਇਤ ਕਰਤਾ ਅਨੁਸਾਰ ਉਕਤ ਵਿਅਕਤੀਆਂ ਨੇ ਗੱਡੀ ਵਿੱਚ ਹੀ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਇਨ੍ਰਾਂ ਵਿਅਕਤੀਆਂ ਨੇ ਰਾਹ ਵਿੱਚ ਕੁਝ ਹੋਰ ਬੰਦੇ ਵੀ ਕਾਰ ਵਿੱਚ ਬਿਠਾ ਲਏ ਅਤੇ ਪਿੰਡ ਦੁਰਾਲੀ ਕੋਲ ਇਕ ਮਕਾਨ ਵਿੱਚ ਲੈ ਗਏ। ਜਿੱਥੇ ਉਨ੍ਹਾਂ ਨੇ ਮਿਲ ਕੇ ਉਸ ਨੂੰ ਬਹੁਤ ਕੁੱਟਿਆ ਅਤੇ ਬਿਜਲੀ ਦਾ ਕਰੰਟ ਵੀ ਲਗਾ ਕੇ ਜਾਨ ਤੋਂ ਮਾਰਨ ਦਾ ਯਤਨ ਕੀਤਾ।
ਇਸ ਦੌਰਾਨ ਉਸ ਵੱਲੋਂ ਰੌਲਾ ਪਾਉਣ ’ਤੇ ਪਿੰਡ ’ਚੋਂ ਕਿਸੇ ਵਿਅਕਤੀ ਨੇ ਉਸ ਦੇ ਭਰਾ ਕੁਲਦੀਪ ਸਿੰਘ ਨੂੰ ਫੋਨ ਕਰਕੇ ਸਾਰੀ ਗੱਲ ਦੱਸੀ ਅਤੇ ਕੁਲਦੀਪ ਸਿੰਘ ਤੇ ਸੁਖਜਿੰਦਰ ਸਿੰਘ ਨੇ ਉੱਥੇ ਪਹੁੰਚ ਕੇ ਉਸ ਨੂੰ ਐਂਬੂਲੈਂਸ ਮੰਗਵਾ ਕੇ ਚੰਡੀਗੜ੍ਹ ਸੈਕਟਰ-32 ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਸ਼ਿਕਾਇਤਕਰਤਾ ਅਨੁਸਾਰ ਜਸਵੀਰ ਸਿੰਘ ਦਾ ਉਸ ਦੀ ਘਰ ਵਾਲੀ ਕਰਮਜੀਤ ਕੌਰ ਨਾਲ ਆਪਸ ਵਿੱਚ ਕੇਸ ਚੱਲਦਾ ਸੀ ਅਤੇ ਉਸ ਨੇ ਮੁਲਜ਼ਮ ਜਸਵੀਰ ਸਿੰਘ ਦੀ ਪਤਨੀ ਦੀ ਮਦਦ ਕੀਤੀ ਸੀ। ਜਿਸ ਕਾਰਨ ਉਸ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…