nabaz-e-punjab.com

ਬੀਮਾ ਪਾਲਿਸੀ ਦੇ ਨਾਂ ’ਤੇ ਠੱਗੀਆਂ ਮਾਰਨ ਵਾਲੇ ਗਰੋਹ ਦੇ 6 ਮੈਂਬਰਾਂ ਖ਼ਿਲਾਫ਼ ਕੇਸ ਦਰਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਫਰਵਰੀ:
ਮੁਹਾਲੀ ਪੁਲੀਸ ਵੱਲੋਂ ਲਾਈਫ਼ ਇੰਸ਼ੋਰੈਂਸ ਪਾਲਿਸੀ ਦੇ ਨਾਂ ’ਤੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਗਰੋਹ ਦੇ 6 ਮੈਂਬਰ ਖ਼ਿਲਾਫ਼ ਆਈਪੀਸੀ ਦੀ ਧਾਰਾ-419, 420, 468, 471, 120ਬੀ ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅੱਜ ਦੇਰ ਸ਼ਾਮ ਇਹ ਜਾਣਕਾਰੀ ਦਿੰਦਿਆਂ ਸਨਅਤੀ ਏਰੀਆ ਫੇਜ਼-8 ਪੁਲੀਸ ਚੌਂਕੀ ਦੇ ਇੰਚਾਰਜ ਏਐਸਆਈ ਬਲਜਿੰਦਰ ਸਿੰਘ ਮੰਡ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਅੰਕੁਰ ਵਰਮਾ, ਮਨੀਸ਼ ਕੁਮਾਰ, ਮੁਕੇਸ਼ ਕੁਮਾਰ ਵਾਸੀ ਗਾਜ਼ੀਆਬਾਦ, ਗੌਰਵ ਵਰਮਾ ਵਾਸੀ ਸ਼ਾਸਤਰੀ ਨਗਰ (ਯੂਪੀ), ਸੂਰਜ ਮੂਰਮੁ ਵਾਸੀ ਝਾਰਖੰਡ ਅਤੇ ਰਾਜੂ ਰੰਜਨ ਯਾਦਵ ਵਾਸੀ ਝਾਰਖੰਡ ਵਜੋਂ ਹੋਈ ਹੈ। ਇਨ੍ਹਾਂ ਸਾਰੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਯਤਨ ਤੇਜ਼ ਕਰ ਦਿੱਤੇ ਹਨ। ਇਸ ਸਮੇਂ ਇਹ ਸਾਰੇ ਮੁਲਜ਼ਮ ਯੂਟੀ ਪੁਲੀਸ ਦੀ ਹਿਰਾਸਤ ਵਿੱਚ ਹਨ।
ਚੌਂਕੀ ਇੰਚਾਰਜ ਬਲਜਿੰਦਰ ਸਿੰਘ ਮੰਡ ਨੇ ਦੱਸਿਆ ਕਿ ਛਿੰਦਰ ਕੁਮਾਰ ਨੇ ਮੁਹਾਲੀ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਐਕਸਿਮ ਵੈਨਟਰਸ ਪ੍ਰਾਈਵੇਟ ਲਿਮਟਿਡ ਕੰਪਨੀ ਵਿੱਚ ਬਤੌਰ ਜਰਨਲ ਮੈਨੇਜਰ ਨੌਕਰੀ ਕਰਦਾ ਹੈ। ਪਿਛਲੇ ਸਾਲ 22 ਸਤੰਬਰ ਨੂੰ ਉਸ ਦੀ ਕੰਪਨੀ ਦੇ ਮਾਲਕ ਦੀਪਕ ਕਾਂਸਲ ਦੇ ਮੋਬਾਈਲ ’ਤੇ ਐਚਡੀਐਫ਼ਸੀ ਲਾਈਫ਼ ਇੰਸ਼ੋਰੈਂਸ ਦੀ ਨਵੀਂ ਪਾਲਿਸੀ ਕਰਨ ਲਈ ਫੋਨ ਆਇਆ ਸੀ। ਜਿਸ 1 ਲੱਖ ਰੁਪਏ ਦੀ ਪਹਿਲੀ ਕਿਸ਼ਤ ਜਮਾਂ ਕਰਾਉਣ ਲਈ ਕਿਹਾ। ਫੋਨ ਕਰਨ ਵਾਲੇ ਨੇ ਬੈਂਕ ਮੈਨੇਜਰ ਦੱਸ ਕੇ ਮਾਧੁਰੀ ਕਸ਼ਯਪ ਦਾ ਫੋਨ ਨੰਬਰ ਦਿੱਤਾ। ਪੁਲੀਸ ਅਨੁਸਾਰ ਸ਼ਿਕਾਇਤਕਰਤਾ ਦੇ ਮਾਲਕ ਦੀਪਕ ਕਾਂਸਲ ਵੱਲੋਂ ਮਾਧੁਰੀ ਕਸ਼ਯਪ ਨਾਲ ਫੋਨ ’ਤੇ ਕੀਤੀ ਅਤੇ ਉਸ ਵੱਲੋਂ ਦੱਸੇ ਖਾਤੇ ਵਿੱਚ ਲੱਖ ਰੁਪਏ ਜਮਾਂ ਕਰਵਾ ਦਿੱਤੇ। ਉਹ ਜਦੋਂ ਐਚਡੀਐਫ਼ਸੀ ਬੈਂਕ ਵਿੱਚ ਲਾਈਫ਼ ਇੰਸ਼ੋਰੈਂਸ ਪਾਲਿਸੀ ਬਾਰੇ ਪਤਾ ਕਰਨ ਗਏ ਤਾਂ ਖ਼ੁਦ ਨੂੰ ਬੈਂਕ ਮੈਨੇਜਰ ਵਾਲਾ ਜਾਲ੍ਹਸਾਜ਼ ਹੋਣ ਬਾਰੇ ਪਤਾ ਲੱਗਣ ’ਤੇ ਉਨ੍ਹਾਂ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਬੀਤੇ ਦਿਨੀਂ ਉਨ੍ਹਾਂ ਪਤਾ ਲੱਗਾ ਕਿ ਚੰਡੀਗੜ੍ਹ ਪੁਲੀਸ ਨੇ ਐਚਡੀਐਫ਼ਸੀ ਬੈਂਕ ਦੇ ਨਾਮ ’ਤੇ ਧੋਖਾਧੜੀ ਕਰਨ ਵਾਲੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਿਕਾਇਤ ਕਰਤਾ ਨੇ ਤੁਰੰਤ ਚੰਡੀਗੜ੍ਹ ਪੁਲੀਸ ਨਾਲ ਤਾਲਮੇਲ ਕਰਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਰੇ ਦੀ ਜਾਣਕਾਰੀ ਹਾਸਲ ਕੀਤੀ ਤਾਂ ਪਤਾ ਲੱਗਾ ਕਿ ਇਹ ਉਹੀ ਮੁਲਜ਼ਮ ਹਨ, ਜਿਨ੍ਹਾਂ ਨੇ ਉਨ੍ਹਾਂ ਨਾਲ ਠੱਗੀ ਮਾਰੀ ਹੈ। ਚੌਂਕੀ ਇੰਚਾਰਜ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ ਰਾਹਦਾਰੀ ਰਿਮਾਂਡ ’ਤੇ ਮੁਹਾਲੀ ਲਿਆਂਦਾ ਜਾਵੇਗਾ। ਮੁਹਾਲੀ ਅਦਾਲਤ ’ਚੋਂ ਪੁਲੀਸ ਰਿਮਾਂਡ ਲੈ ਕੇ ਮੁਲਜ਼ਮਾਂ ਤੋਂ ਠੱਗੀ ਮਾਰਨ ਬਾਰੇ ਪੁੱਛਗਿੱਛ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …