nabaz-e-punjab.com

ਨੌਕਰੀ ਦਾ ਝਾਂਸਾ ਦੇ ਕੇ ਨੌਜਵਾਨਾਂ ਨਾਲ ਠੱਗੀਆਂ ਮਾਰਨ ਵਾਲੀ ਕੰਪਨੀ ਖ਼ਿਲਾਫ਼ ਕੇਸ ਦਰਜ

ਕੰਪਨੀ ਪ੍ਰਬੰਧਕ ਦਫ਼ਤਰ ਨੂੰ ਤਾਲਾ ਲਗਾ ਕੇ ਫਰਾਰ, ਪੁਲੀਸ ਵੱਲੋਂ ਮੁਲਜ਼ਮਾਂ ਦੀ ਭਾਲ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਮਾਰਚ:
ਮੁਹਾਲੀ ਪੁਲੀਸ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਨਾਮੀ ਕੰਪਨੀਆਂ ਵਿੱਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਸ਼ਰ੍ਹੇਆਮ ਠੱਗੀਆਂ ਮਾਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਇਕ ਫਰਜ਼ੀ ਕੰਪਨੀ ਦੇ ਮਾਲਕ ਅਮਨਦੀਪ ਸਿੰਘ ਵਾਸੀ ਫੇਜ਼-1 ਅਤੇ ਮੈਨੇਜਰ ਗੌਤਮ ਰਾਣਾ ਵਾਸੀ ਨਵਾਂ ਗਰਾਓਂ ਦੇ ਖ਼ਿਲਾਫ਼ ਇੱਥੋਂ ਦੇ ਥਾਣਾ ਫੇਜ਼-1 ਵਿੱਚ ਆਈਪੀਸੀ ਦੀ ਧਾਰਾ 420, 406 ਅਤੇ 120ਬੀ ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕਾਰਵਾਈ ਗੁਰਸੇਵਕ ਸਿੰਘ ਵਾਸੀ ਪਿੰਡ ਤਲਵੰਡੀ ਕਲਾਂ, ਤਹਿਸੀਲ ਜਗਰਾਓ ( ਜ਼ਿਲ੍ਹਾ ਲੁਧਿਆਣਾ) ਦੀ ਸ਼ਿਕਾਇਤ ’ਤੇ ਕੀਤੀ ਗਈ ਹੈ।
ਇਸ ਸਬੰਧੀ ਪੀੜਤ ਵਿਅਕਤੀ ਨੇ ਐਸਐਸਪੀ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 15 ਜੁਲਾਈ 2019 ਨੂੰ ਉਸ ਨੇ ਰੁਜ਼ਗਾਰ ਦੀ ਭਾਲ ਕਰਦਿਆਂ ਆਪਣਾ ਬਾਇਓਡਾਟਾ ਨੌਕਰੀ ਡਾਟ ਕਾਮ ਉੱਤੇ ਅਪਲੋਡ ਕੀਤਾ ਸੀ ਅਤੇ ਅਗਲੇ ਹੀ ਦਿਨ ਮੁਹਾਲੀ ਤੋਂ ਇਕ ਲੜਕੀ ਦਾ ਫੋਨ ਆਇਆ। ਜਿਸ ਨੇ ਆਪਣੀ ਪਛਾਣ ਮਹਿੰਦਰਾ ਫਾਈਨਾਸ ਦੇ ਨੁਮਾਇੰਦੇ ਵਜੋਂ ਕਰਵਾਉਂਦੇ ਹੋਏ ਕਿਹਾ ਸੀ ਕਿ ਜੇਕਰ ਉਹ ਨੌਕਰੀ ਕਰਨਾ ਚਾਹੁੰਦੇ ਹਨ ਤਾਂ ਮੁਹਾਲੀ ਸਥਿਤ ਉਨ੍ਹਾਂ ਦੇ ਦਫ਼ਤਰ ਵਿੱਚ ਤਾਲਮੇਲ ਕੀਤਾ ਜਾਵੇ। ਫੋਨ ’ਤੇ ਗੱਲ ਕਰਨ ਵਾਲੀ ਲੜਕੀ ਨੇ ਉਸ ਨੂੰ ਇਹ ਵੀ ਭਰੋਸਾ ਦਿੱਤਾ ਸੀ ਕਿ ਕਿਸੇ ਵੀ ਉਮੀਦਵਾਰ ਤੋਂ ਕੋਈ ਪੈਸੇ ਨਹੀਂ ਲਿਆ ਜਾਂਦਾ ਹੈ।
ਪੀੜਤ ਵਿਅਕਤੀ ਅਨੁਸਾਰ ਜਦੋਂ ਉਹ ਮੁਹਾਲੀ ਦਫ਼ਤਰ ਵਿੱਚ ਆਇਆ ਤਾਂ ਉਸ ਨੂੰ ਕਿਹਾ ਗਿਆ ਕਿ 15 ਦਿਨਾਂ ਦੀ ਟਰੇਨਿੰਗ ਹੋਵੇਗੀ ਅਤੇ ਇਸ ਬਦਲੇ ਉਸ ਨੂੰ 4 ਹਜ਼ਾਰ ਰੁਪਏ ਫੀਸ ਦੇਣੀ ਪਵੇਗੀ, ਫੀਸ ਦੀ ਰਾਸ਼ੀ ਟਰੇਨਿੰਗ ਤੋਂ ਬਾਅਦ ਉਸ ਨੂੰ ਵਾਪਸ ਕਰ ਦਿੱਤੀ ਜਾਵੇਗੀ। ਉਸ ਨੂੰ ਲੁਧਿਆਣਾ ਵਿੱਚ ਹੀ ਨੌਕਰੀ ਦਿਵਾਉਣ ਦਾ ਭਰੋਸਾ ਦਿੱਤਾ ਗਿਆ ਸੀ। ਇਸ ਦੌਰਾਨ ਉਸ ਦੇ ਮੋਬਾਈਲ ਫੋਨ ’ਤੇ ਮੈਸਿਜ ਆਇਆ ਅਤੇ ਉਸ ਨੂੰ 16 ਜੁਲਾਈ ਨੂੰ ਸਵੇਰੇ 11 ਵਜੇ ਇੱਥੋਂ ਦੇ ਫੇਜ਼-1 ਸਥਿਤ ਦਫ਼ਤਰ ਵਿੱਚ ਇੰਟਰਵਿਊ ਲਈ ਸੱਦਿਆ ਗਿਆ। ਜਿੱਥੇ ਉਸ ਨੂੰ ਕੰਪਨੀ ਦਾ ਨਾਮ ਵੀਐਲ ਸਲਿਊਸ਼ਨ ਦੱਸਿਆ ਗਿਆ ਜਦੋਂਕਿ ਫੋਨ ’ਤੇ ਗੱਲ ਕਰਨ ਵਾਲੀ ਲੜਕੀ ਨੇ ਨੇ ਆਪਣੀ ਪਛਾਣ ਮਹਿੰਦਰਾ ਫਾਈਨਾਸ ਦੀ ਮੁਲਾਜ਼ਮ ਵਜੋਂ ਕਰਵਾਈ ਸੀ। ਇੰਟਰਵਿਊ ਤੋਂ ਬਾਅਦ ਉਸ ਕੋਲੋਂ 4 ਹਜ਼ਾਰ ਰੁਪਏ ਫੀਸ ਵਜੋਂ ਵਸੂਲੇ ਗਏ ਅਤੇ ਇਸ ਸਬੰਧੀ ਉਸ ਨੂੰ ਬਕਾਇਦਾ ਰਸੀਦ ਵੀ ਦਿੱਤੀ ਗਈ। ਉਕਤ ਕੰਪਨੀ ਦੇ ਮੁਲਾਜ਼ਮਾਂ ਨੇ ਉਸ ਨੂੰ ਭਰੋਸਾ ਦਿੱਤਾ ਗਿਆ ਕਿ ਜਿੱਥੇ ਉਸ ਦੀ ਟਰੇਨਿੰਗ ਹੋਣੀ ਹੈ। ਉਸ ਬਾਰੇ ਅਗਲੇ 24 ਘੰਟਿਆਂ ਦੇ ਅੰਦਰ ਅੰਦਰ ਇਤਲਾਹ ਮਿਲ ਜਾਵੇਗੀ। ਇਸ ਮਗਰੋਂ ਉਸ ਨੇ ਕਈ ਦਿਨ ਟਰੇਨਿੰਗ ਲਈ ਸੂਚਨਾ ਮਿਲਣ ਦੀ ਉਡੀਕ ਕੀਤੀ ਲੇਕਿਨ ਕੋਈ ਸੁਨੇਹਾ ਨਹੀਂ ਆਇਆ। ਪੀੜਤ ਵਿਅਕਤੀ ਅਨੁਸਾਰ ਉਸ ਨੇ ਅਚਾਨਕ ਇੰਟਰਨੈੱਟ ’ਤੇ ਸਰਚ ਕਰਕੇ ਵੀਐਲ ਸਲਿਊਸ਼ਨ ਕੰਪਨੀ ਦੇ ਸਟੇਟਸ ਬਾਰੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਕੋਈ ਠੋਸ ਜਾਣਕਾਰੀ ਨਹੀਂ ਮਿਲੀ। ਜਦੋਂਕਿ ਇਕ ਵੈਬਸਾਈਟ ’ਤੇ ਉਕਤ ਕੰਪਨੀ ਬਾਰੇ ਬਹੁਤ ਸਾਰੀਆਂ ਸ਼ਿਕਾਇਤਾਂ ਮਿਲੀਆਂ। ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਮੁੰਡੇ ਕੁੜੀਆਂ ਨੇ ਆਪਣੀਆਂ ਟਿੱਪਣੀਆਂ ਵਿੱਚ ਲਿਖਿਆ ਹੋਇਆ ਸੀ ਕਿ ਵੀਐਲ ਸਲਿਊਸ਼ਨ ਨਾਂ ਦੀ ਫਰਜ਼ੀ ਕੰਪਨੀ ਹੈ। ਜੋ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਦਾ ਝਾਂਸਾ ਦੇ ਕੇ ਠੱਗੀਆਂ ਮਾਰਦੀਆਂ ਹੈ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਥਾਣਾ ਫੇਜ਼-1 ਦੇ ਐਸਐਚਓ ਇੰਸਪੈਕਟਰ ਮਨਫੂਲ ਸਿੰਘ ਨੇ ਉਕਤ ਫਰਜੀ ਕੰਪਨੀ ਦੇ ਮਾਲਕ ਅਤੇ ਮੈਨੇਜਰ ਖ਼ਿਲਾਫ਼ ਠੱਗੀ ਦਾ ਕੇਸ ਦਰਜ ਕਰਨ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲੀਸ ਮਾਮਲੇ ਦੀ ਵੱਖ ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ ਅਤੇ ਮੁਲਜ਼ਮਾਂ ਦੀ ਪੈੜ ਨੱਪਣ ਲਈ ਮੋਬਾਈਲ ਫੋਨਾਂ ਦੀ ਲੋਕੇਸ਼ਨ ਦਾ ਪਿੱਛਾ ਕੀਤਾ ਜਾ ਰਿਹਾ ਹੈ ਪ੍ਰੰਤੂ ਸਾਰੇ ਨੰਬਰ ਬੰਦ ਪਏ ਹਨ। ਪ੍ਰਬੰਧਕ ਵੀ ਕੰਪਨੀ ਦਫ਼ਤਰ ਨੂੰ ਤਾਲਾ ਲਗਾ ਕੇ ਫਰਾਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼

ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ ‘ਜਨਮ ਦਿਨ ਮੁਬਾਰਕ’ ਰਿਲੀਜ਼ ਨਬਜ਼-ਏ-ਪੰਜਾਬ, ਮੁਹਾਲੀ, 29 ਨਵੰਬਰ: ਇੱਥੋਂ ਦ…