Nabaz-e-punjab.com

ਪੰਜਾਬ ਮੈਡੀਕਲ ਕੌਂਸਲ ਵਿੱਚ ਕਥਿਤ ਬੇਨਿਯਮੀਆਂ ਦਾ ਮਾਮਲਾ ਮੰਤਰੀ ਕੋਲ ਪੁੱਜਾ, ਓਪੀ ਸੋਨੀ ਵੱਲੋਂ ਜਾਂਚ ਦਾ ਭਰੋਸਾ

ਸੈਂਟਰਲ ਮੈਡੀਕਲ ਕੌਂਸਲ ਆਫ਼ ਇੰਡੀਆ ਵੱਲੋਂ ਬਲੈਕਲਿਸਟ ਕੀਤੇ ਡਾਕਟਰ ਨੂੰ ਲਾਇਆ ਪੰਜਾਬ ਮੈਡੀਕਲ ਕੌਂਸਲ ਦਾ ਪ੍ਰਧਾਨ

ਸ਼ਾਰਟਹੈਂਡ ਦੇ ਗੈਰਤਜ਼ਰਬੇਕਾਰ ਮੁਲਾਜ਼ਮ ਨੂੰ ਲਗਾਇਆ ਸਨੈਟੋ ਟਾਈਪਿਸਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਨਵੰਬਰ:
ਪੰਜਾਬ ਵਿੱਚ ਸਰਕਾਰੀ ਡਾਕਟਰਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਕਰਨ ਵਾਲੀ ਪੰਜਾਬ ਮੈਡੀਕਲ ਕੌਂਸਲ ਦੀ ਕਾਰਗੁਜ਼ਾਰੀ ’ਤੇ ਕਈ ਪ੍ਰਕਾਰ ’ਤੇ ਸੰਕੇ ਖੜੇ ਹੋ ਗਏ ਹਨ। ਸਰਕਾਰ ਵੱਲੋਂ ਜਿਸ ਵਿਅਕਤੀ ਨੂੰ ਜੂਨ 2017 ਤੋਂ ਪੰਜਾਬ ਮੈਡੀਕਲ ਕੌਂਸਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ’ਤੇ ਸੈਂਟਰਲ ਕੌਸਲ ਆਫ਼ ਇੰਡੀਆ ਵੱਲੋਂ 13 -2-2017 ਤੋਂ 12-2-2020 ਤੱਕ ਰੋਕ ਲਗਾਈ ਹੋਈ ਹੈ ਅਤੇ ਉਨ੍ਹਾਂ ਦਾ ਨਾਮ ਬਲੈਕਲਿਸਟ ਕੀਤਾ ਹੋਇਆ ਹੈ। ਇਹ ਗੱਲ ਸਮਝ ਤੋਂ ਬਾਹਰ ਹੈ ਕਿ ਇਕ ਅਜਿਹਾ ਡਾਕਟਰ ਜਿਸ ਦੇ ਡਾਕਟਰ ਵੱਲੋਂ ਕੰਮ ਕਰਨ ’ਤੇ ਦੇਸ਼ ਦੀ ਮੈਡੀਕਲ ਕੌਂਸਲ ਵੱਲੋਂ ਤਿੰਨ ਸਾਲ ਲਈ ਰੋਕ ਲਗਾਈ ਗਈ ਹੈ। ਉਸ ਨੂੰ ਕਿਸੇ ਸੂਬੇ ਦੀ ਮੈਡੀਕਲ ਕੌਂਸਲ ਦਾ ਪ੍ਰਧਾਨ ਕਿਵੇਂ ਨਿਯੁਕਤ ਕੀਤਾ ਜਾ ਸਕਦਾ ਹੈ।
ਇਸ ਸਬੰਧੀ ਬੇਨਿਯਮੀਆਂ ਬਾਰੇ ਸ਼ਿਕਾਇਤ ਕਰਨ ਵਾਲੀ ਇੱਕ ਮਹਿਲਾ ਕਰਮਚਾਰੀ ਜਸਪ੍ਰੀਤ ਕੌਰ ਵੱਲੋਂ ਇੱਕ ਮਹੀਨਾ ਪਹਿਲਾਂ ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਮੰਤਰੀ, ਵਿਭਾਗ ਦੇ ਪ੍ਰਮੁੱਖ ਸਕੱਤਰ, ਪੰਜਾਬ ਦੇ ਮੁੱਖ ਸਕੱਤਰ, ਵਿੱਤ ਸਕੱਤਰ ਅਤੇ ਪੰਜਾਬ ਮੈਡੀਕਲ ਕੌਂਸਲ ਦੇ ਰਜਿਸਟ੍ਰਾਰ ਨੂੰ ਬਾਕਾਇਦਾ ਲਿਖਤੀ ਸ਼ਿਕਾਇਤ ਦਿੱਤੇ ਜਾਣ ਦੇ ਬਾਵਜੂਦ ਮੈਡੀਕਲ ਕੌਂਸਲ ਦੇ ਪ੍ਰਧਾਨ ਹੁਣ ਤਕ ਆਪਣੇ ਅਹੁਦੇ ਤੇ ਬਣੇ ਹੋਏ ਹਨ ਅਤੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਹੈ। ਇਹ ਗੱਲ ਹੋਰ ਹੈ ਕਿ ਸੈਂਟਰਲ ਮੈਡੀਕਲ ਕੌਂਸਲ ਆਫ਼ ਇੰਡੀਆ ਵੱਲੋਂ 13 ਫਰਵਰੀ 2017 ਨੂੰ ਜਾਰੀ ਕੀਤੇ ਹੁਕਮਾਂ ਵਿੱਚ ਡਾ. ਏਐਸ ਸੇਖੋਂ ’ਤੇ ਤਿੰਨ ਸਾਲ ਲਈ ਪਾਬੰਦੀ ਲਗਾਈ ਗਈ ਸੀ। ਉਹਨਾਂ ਦੇ ਖ਼ਿਲਾਫ਼ ਪੰਜਾਬ ਮੈਡੀਕਲ ਕੌਂਸਲ ਵੱਲੋਂ 4 ਜਨਵਰੀ 2018 ਨੂੰ ਹੋਈ ਮੀਟਿੰਗ ਵਿੱਚ ਕਾਰਵਾਈ ਕਰਕੇ ਉਨ੍ਹਾਂ ਦਾ ਨਾਮ ਪੰਜਾਬ ਮੈਡੀਕਲ ਕੌਂਸਲ ਦੇ ਰਜਿਸਟਰ ਤੋਂ ਹਟਾਇਆ ਜਾ ਚੁੱਕਾ ਹੈ ਪੰ੍ਰਤੂ ਡਾ. ਏਐਸ ਸੇਖੋਂ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।
ਜਸਪ੍ਰੀਤ ਕੌਰ ਦੱਸਦੀ ਹੈ ਕਿ ਇਹ ਸਾਰਾ ਮਾਮਲਾ ਅਸਲ ਵਿੱਚ 2017 ਵਿੱਚ ਉਦੋਂ ਆਰੰਭ ਹੋਇਆ ਸੀ ਜਦੋਂ ਵਿਭਾਗ ਵੱਲੋਂ ਮੁਹਾਲੀ ਦਫ਼ਤਰ ਵਿੱਚ ਸਟੈਨੋ ਟਾਈਪਿਸਟ ਦੀ ਨੌਕਰੀ ਲਈ ਇਸ਼ਤਿਹਾਰ ਦੇ ਕੇ ਬਾਅਦ ਵਿੱਚ ਇਸ ਅਹੁਦੇ ’ਤੇ ਅਸ਼ਵਨੀ ਸ਼ਰਮਾ ਨਾਮ ਦੇ ਇੱਕ ਵਿਅਕਤੀ ਨੂੰ ਭਰਤੀ ਕਰ ਲਿਆ ਸੀ। ਉਹਨਾਂ ਅਨੁਸਾਰ ਅਸ਼ਵਨੀ ਸ਼ਰਮਾ ਨਾ ਤਾਂ ਇਸ ਅਹੁਦੇ ਲਈ ਲੋੜੀਂਦੀ ਯੋਗਤਾ ਰੱਖਦਾ ਸੀ ਅਤੇ ਨਾ ਹੀ ਉਸਨੂੰ ਸ਼ਾਰਟਹੈਂਡ ਅਤੇ ਟਾਈਪ ਆਉੱਦੀ ਹੈ ਪਰੰਤੂ ਮੈਡੀਕਲ ਕੌਂਸਲ ਦੇ ਪ੍ਰਧਾਨ ਦਾ ਨਜਦੀਕੀ ਹੋਣ ਕਾਰਨ ਉਸਨੂੰ ਲੋੜੀੱਦੀ ਯੋਗਤਾ ਨਾ ਹੋਣ ਦੇ ਬਾਵਜੂਦ ਨੌਕਰੀ ਤੇ ਰੱਖ ਲਿਆ ਗਿਆ ਅਤੇ ਉਸਨੂੰ ਸਰਕਾਰੀ ਨਿਯਮਾਂ ਅਨੁਸਾਰ ਪ੍ਰੋਬੇਸ਼ਨ ਪੀਰੀਅਡ ਦੌਰਾਨ ਬਣਦੀ ਬੇਸਿਕ ਤਨਖਾਹ ਦੇਣ ਦੀ ਥਾਂ ਪੂਰੀ ਤਨਖਾਹ ਦਿੱਤੀ ਜਾਣ ਲੱਗ ਗਈ।
ਜਸਪ੍ਰੀਤ ਕੌਰ ਅਨੁਸਾਰ ਉਹ ਕੌਂਸਲ ਵਿੱਚ ਕੰਟਰੈਕਟ ਤੇ ਕੰਮ ਕਰ ਰਹੀ ਸੀ ਅਤੇ ਵਿਭਾਗ ਵੱਲੋਂ ਸੀਟਾਂ ਖਾਲੀ ਹੋਣ ਤੇ ਕੰਟਰੈਕਟ ਤੇ ਕੰਮ ਕਰਦੇ ਕਰਮਚਾਰੀਆਂ ਨੂੰ ਹੀ ਪੱਕਾ ਕੀਤਾ ਜਾਂਦਾ ਸੀ ਪ੍ਰੰਤੂ ਅਸ਼ਵਨੀ ਕੁਮਾਰ ਨੂੰ ਲੋੜੀਂਦੀ ਯੋਗਤਾ ਨਾ ਹੋਣ ਦੇ ਬਾਵਜੂਦ ਭਰਤੀ ਕੀਤੇ ਜਾਣ ਕਾਰਨ ਪਹਿਲਾਂ ਤੋਂ ਕੰਮ ਕਰਦੇ ਮੁਲਾਜ਼ਮਾਂ ਦੀ ਹੀ ਇਕ ਸੀਟ ਮਾਰੀ ਜਾਣੀ ਸੀ ਇਸ ਲਈ ਉਹਨਾਂ ਨੇ ਅਤੇ ਉਹਨਾਂ ਦੇ ਨਾਲ ਕੰਮ ਕਰਦੇ ਕਲਰਕਾਂ ਮੀਨੂੰ ਰਾਣਾ ਅਤੇ ਸਿਮਰਨਦੀਪ ਸਿੰਘ ਵੱਲੋਂ ਇਸ ਸਬੰਧੀ ਪੰਜਾਬ ਦੇ ਮੈਡੀਕਲ ਖੋਜ ਅਤੇ ਰਿਸਰਚ ਵਿਭਾਗ ਦੇ ਮੰਤਰੀ, ਪ੍ਰਿੰਸੀਪਲ ਸਕੱਤਰ, ਮੈਡੀਕਲ ਕੌਂਸਲ ਦੇ ਰਜਿਸਟ੍ਰਾਰ ਅਤੇ ਹੋਰਨਾਂ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਦੇ ਕੇ ਇਸ ਨਿਯੁਕਤੀ ਵਿੱਚ ਹੋਈ ਨਿਯਮਾਂ ਦੀ ਉਲੰਘਣਾ ਬਾਰੇ ਸ਼ਿਕਾਇਤ ਕੀਤੀ ਜਿਸਦੀ ਜਾਂਚ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ ਪਰੰਤੂ ਤਮਾਮ ਸਬੂਤ ਮੁਹਈਆ ਕਰਵਾਏ ਜਾਣ ਦੇ ਬਾਵਜੂਦ ਵਿਭਾਗ ਵਲੋੱ ਹੁਣ ਤੱਕ ਅਸ਼ਵਨੀ ਸ਼ਰਮਾ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਉਹਨਾਂ ਦੀ ਨਿਯੁਕਤੀ ਰੱਦ ਕੀਤੀ ਗਈ ਹੈ ਬਲਕਿ ਉਲਟਾ ਵਿਭਾਗ ਵਲੋੱ ਖੁਦ ਉਹਨਾਂ (ਜਸਪ੍ਰੀਤ ਕੌਰ) ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ ਹੈ।
ਜਸਪ੍ਰੀਤ ਕੌਰ ਨੇ ਦੱਸਿਆ ਕਿ ਪਹਿਲਾਂ ਤਾਂ ਕੌਂਸਲ ਦੇ ਪ੍ਰਧਾਨ ਦੇ ਓਐਸਡੀ ਵੱਲੋਂ ਉਹਨਾਂ ਤੇ ਆਪਣੀ ਸ਼ਿਕਾਇਤ ਵਾਪਸ ਲੈਣ ਲਈ ਦਬਾਓ ਪਾਇਆ ਜਾਂਦਾ ਰਿਹਾ ਅਤੇ ਜਦੋਂ ਉਹ ਅੜੀ ਰਹੀ ਤਾਂ ਉਲਟਾ ਉਸਨੂੰ ਨੌਕਰੀ ਤੋੱ ਫਾਰਗ ਕਰ ਦਿੱਤਾ ਗਿਆ। ਉਹਨਾਂ ਮੰਗ ਕੀਤੀ ਕਿ ਕੇਂਦਰੀ ਮੈਡੀਕਲ ਕੌਂਸਲ ਵੱਲੋਂ ਤਿੰਨ ਸਾਲ ਲਈ ਬਲੈਕਲਿਸਟ ਕੀਤੇ ਜਾਣ ਦੇ ਬਾਵਜੂਦ ਪੰਜਾਬ ਮੈਡੀਕਲ ਕੌਂਸਲ ਦੇ ਪ੍ਰਧਾਨ ਦਾ ਅਹੁਦਾ ਸੰਭਾਲ ਰਹੇ ਡਾ. ਏ ਐਸ ਸੇਖੋ ਅਤੇ ਉਹਨਾਂ ਵੱਲੋਂ ਭਰਤੀ ਕੀਤੇ ਗਈ ਅਸ਼ਵਨੀ ਸ਼ਰਮਾ ਨੂੰ ਤੁਰੰਤ ਫਾਰਗ ਕੀਤਾ ਜਾਵੇ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਇਸ ਸੰਬੰਧੀ ਲੋੜੀੱਦੀ ਕਾਰਵਾਈ ਨਾ ਕੀਤੀ ਤਾਂ ਉਹ ਸਰਕਾਰ ਦੇ ਖਿਲਾਫ ਅਦਾਲਤ ਵਿੱਚ ਜਾਵੇਗੀ ਅਤੇ ਇਨਸਾਫ ਹਾਸਿਲ ਕਰਨ ਲਈ ਲੜਦੀ ਰਹੇਗੀ।
ਇਸ ਸਬੰਧੀ ਸੰਪਰਕ ਕਰਨ ’ਤੇ ਪੰਜਾਬ ਮੈਡੀਕਲ ਕੌਂਸਲ ਦੇ ਪ੍ਰਧਾਨ ਡਾ. ਏਐਸ ਸੇਖੋਂ ਨੇ ਕਿਹਾ ਕਿ ਸੈਂਟਰਲ ਮੈਡੀਕਲ ਕੌਂਸਲ ਆਫ਼ ਇੰਡੀਆ ਦਾ ਇੱਥੇ ਕੋਈ ਮਤਲਬ ਨਹੀਂ ਹੈ ਅਤੇ ਪੰਜਾਬ ਵਿੱਚ ਸੂਬੇ ਦੀ ਵੱਖਰੀ ਮੈਡੀਕਲ ਕੌਂਸਲ ਕੰਮ ਕਰਦੀ ਹੈ ਜਿਹੜੀ ਡਾਕਟਰਾਂ ਦਾ ਨਾਮ ਰਜਿਸਟਰਡ ਕਰਦੀ ਹੈ। ਹਾਲਾਂਕਿ ਉਹਨਾਂ ਇਸ ਗੱਲ ਦਾ ਜਵਾਬ ਨਹੀਂ ਦਿੱਤਾ ਕਿ ਕੇੱਦਰੀ ਕੌਂਸਲ ਵੱਲੋਂ ਬਲੈਕਲਿਸਟ ਕੀਤੇ ਜਾਣ ਦੇ ਬਾਵਜੂਦ ਉਹ ਇਸ ਅਹੁਦੇ ਤੇ ਕਿਵੇੱ ਬਣੇ ਰਹਿ ਸਕਦੇ ਹਨ ਅਤੇ ਫੋਨ ਕੱਟ ਦਿੱਤਾ। ਇਸ ਸਬੰਧੀ ਸੰਪਰਕ ਕਰਨ ਤੇ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਡੀ ਕੇ ਤਿਵਾਰੀ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਉਦੋਂ ਤੱਕ ਕੁੱਝ ਨਹੀਂ ਕਹਿ ਸਕਦੇ ਜਦੋਂ ਤੱਕ ਉਹ ਪੂਰੇ ਕਾਗਜ ਨਾ ਦੇਖ ਲੈਣ ਅਤੇ ਸ਼ਿਕਾਇਤਕਰਤਾ ਚਾਹੇ ਤਾਂ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਮਿਲ ਕੇ ਆਪਣੀ ਸ਼ਿਕਾਇਤ ਦੇ ਸਕਦਾ ਹੈ।
ਪੰਜਾਬ ਮੈਡੀਕਲ ਕੌਂਸਲ ਦੇ ਰਜਿਸਟ੍ਰਾਰ ਡਾ. ਆਕਾਸ਼ਦੀਪ ਅਗਰਵਾਲ ਨੇ ਕਿਹਾ ਕਿ ਉਹਨਾਂ ਨੇ ਹੁਣੇ ਪਿਛਲੇ ਮਹੀਨੇ ਹੀ ਕੌਂਸਲ ਦੇ ਰਜਿਸਟ੍ਰਾਰ ਦਾ ਅਹੁਦਾ ਸੰਭਾਲਿਆ ਹੈ ਅਤੇ ਉਹਨਾਂ ਨੂੰ ਪਿਛਲੀਆਂ ਗੱਲਾਂ ਦੀ ਜਾਣਕਾਰੀ ਨਹੀਂ ਹੈ ਅਤੇ ਉਹ ਮਾਮਲੇ ਦੀ ਪੂਰੀ ਜਾਣਕਾਰੀ ਮਿਲਣ ਤੋਂ ਬਾਅਦ ਹੀ ਕੁੱਝ ਦੱਸ ਸਕਣਗੇ।
ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਓਪੀ ਸੋਨੀ ਨੇ ਕਿਹਾ ਕਿ ਜੇਕਰ ਪੰਜਾਬ ਮੈਡੀਕਲ ਕੌਂਸਲ ਵਿੱਚ ਕੋਈ ਵੀ ਗਲਤ ਕੰਮ ਹੋਇਆ ਹੈ ਤਾਂ ਉਸਦੀ ਮੁਕੰਮਲ ਜਾਂਚ ਕਰਵਾਈ ਜਾਵੇਗੀ ਅਤੇ ਦੋਸ਼ੀ ਵਿਅਕਤੀ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਪੰਜਾਬ ਮੈਡੀਕਲ ਕੌਂਸਲ ਦੇ ਪ੍ਰਧਾਨ ਡਾ. ਏ.ਐਸ. ਸੇਖੋਂ ਦੇ ਖ਼ਿਲਾਫ਼ ਸੈਂਟਰਲ ਮੈਡੀਕਲ ਕੌਂਸਲ ਵੱਲੋਂ ਜਾਰੀ ਹੁਕਮ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ ਅਤੇ ਜੇਕਰ ਵਾਕਈ ਅਜਿਹਾ ਹੋਇਆ ਹੈ ਤਾਂ ਉਹ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਨੂੰ ਯਕੀਨੀ ਬਣਾਉਣਗੇ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…