ਹਵਾਈ ਫਾਇਰਿੰਗ ਦਾ ਮਾਮਲਾ: ਆਜ਼ਾਦ ਗਰੁੱਪ ਨੇ ਮੁਹਾਲੀ ਪੁਲੀਸ ’ਤੇ ਲਾਏ ਧੱਕੇਸ਼ਾਹੀ ਦੇ ਦੋਸ਼

ਸੋਹਾਣਾ ਪੁਲੀਸ ਵੱਲੋਂ ਸਾਬਕਾ ਕੌਂਸਲਰ ਪਰਵਿੰਦਰ ਸਿੰਘ ਤੇ ਕਈ ਹੋਰਨਾਂ ਖ਼ਿਲਾਫ਼ ਕੇਸ ਦਰਜ

ਗ੍ਰਿਫ਼ਤਾਰੀ ਲਈ ਦਬਾਅ ਬਣਾਉਣ ਲਈ ਘਰ ਆਏ ਨਜ਼ਦੀਕੀ ਰਿਸ਼ਤੇਦਾਰ ਵੀ ਹਵਾਲਾਤ ਵਿੱਚ ਡੱਕੇ

ਆਜ਼ਾਦ ਗਰੁੱਪ ਦੇ ਮੈਂਬਰਾਂ ਖ਼ਿਲਾਫ਼ ਸਿਆਸੀ ਬਦਲਾਖੋਰੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਕੁਲਵੰਤ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਫਰਵਰੀ:
ਮੁਹਾਲੀ ਨਗਰ ਨਿਗਮ ਦੀਆਂ ਹਾਲ ਹੀ ਵਿੱਚ ਹੋਈਆਂ ਚੋਣਾਂ ਦੀ ਕੁੜੱਤਣ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀ ਹੈ। ਜਿੱਤ ਦੀ ਖ਼ੁਸ਼ੀ ਵਿੱਚ ਰੱਖੀ ਜਸ਼ਨ ਪਾਰਟੀ ਵਿੱਚ ਹਵਾਈ ਫਾਇਰਿੰਗ ਕਰਨ ਦੇ ਮਾਮਲੇ ਵਿੱਚ ਸੋਹਾਣਾ ਪੁਲੀਸ ਨੇ ਆਜ਼ਾਦ ਗਰੱੁਪ ਦੇ ਸੀਨੀਅਰ ਆਗੂ ਤੇ ਸਾਬਕਾ ਕੌਂਸਲਰ ਪਰਵਿੰਦਰ ਸਿੰਘ ਬੈਦਵਾਨ ਸਮੇਤ ਕਈ ਹੋਰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਨੌਜਵਾਨ ਆਗੂ ਦੀ ਗ੍ਰਿਫ਼ਤਾਰੀ ਲਈ ਦਬਾਅ ਬਣਾਉਣ ਲਈ ਘਰ ਆਏ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਵੀ ਹਵਾਲਾਤ ਵਿੱਚ ਬੰਦ ਕੀਤਾ ਗਿਆ।
ਜਾਣਕਾਰੀ ਅਨੁਸਾਰ ਸਾਬਕਾ ਕੌਂਸਲਰ ਪਰਵਿੰਦਰ ਸਿੰਘ ਬੈਦਵਾਨ ਨੇ ਆਪਣੀ ਪਤਨੀ ਹਰਜਿੰਦਰ ਕੌਰ ਸੋਹਾਣਾ ਵੱਲੋਂ ਨਿਗਮ ਦੀ ਚੋਣ ਜਿੱਤਣ ਦੀ ਖ਼ੁਸ਼ੀ ਵਿੱਚ ਆਪਣੇ ਘਰ ਪਾਰਟੀ ਰੱਖੀ ਗਈ ਸੀ। ਇਸ ਦੌਰਾਨ ਕਿਸੇ ਵਿਅਕਤੀ ਨੇ ਹਵਾਈ ਫਾਇਰਿੰਗ ਕਰ ਦਿੱਤੀ। ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲੀਸ ਵੱਲੋਂ ਪਰਵਿੰਦਰ ਸਿੰਘ ਅਤੇ ਕਈ ਹੋਰਨਾਂ ਅਣਪਛਾਤੇ ਵਿਅਕਤੀਆਂ ਪਰਚਾ ਦਰਜ ਕੀਤਾ ਗਿਆ। ਅੱਜ ਇੱਥੇ ਸਾਬਕਾ ਮੇਅਰ ਕੁਲਵੰਤ ਸਿੰਘ ਅਤੇ ਪਰਵਿੰਦਰ ਸਿੰਘ ਦੀ ਪਤਨੀ ਹਰਜਿੰਦਰ ਕੌਰ ਨੇ ਦੋਸ਼ ਲਾਇਆ ਕਿ ਪੁਲੀਸ ਨੇ ਪਰਵਿੰਦਰ ਖ਼ਿਲਾਫ਼ ਬਿਲਕੁਲ ਝੂਠਾ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਨੇ ਉਨ੍ਹਾਂ ਦੇ ਘਰ ਛਾਪੇਮਾਰੀ ਕਰਕੇ ਪਾਰਟੀ ਵਿੱਚ ਸ਼ਾਮਲ ਹੋਣ ਆਏ ਨਜ਼ਦੀਕੀ ਰਿਸ਼ਤੇਦਾਰ ਜਵਾਈ ਅਤੇ ਭਾਣਜੇ ਨੂੰ ਚੁੱਕ ਕੇ ਥਾਣੇ ਲੈ ਗਏ ਅਤੇ ਉਨ੍ਹਾਂ ’ਤੇ ਦਬਾਅ ਪਾਇਆ ਜਾ ਰਿਹਾ ਹੈ ਜਦੋਂ ਤੱਕ ਪਰਵਿੰਦਰ ਨੂੰ ਪੇਸ਼ ਨਹੀਂ ਕਰਦੇ ਉਦੋਂ ਤੱਕ ਉਨ੍ਹਾਂ ਨੂੰ ਛੱਡਿਆ ਨਹੀਂ ਜਾਵੇਗਾ। ਬੀਬੀ ਹਰਜਿੰਦਰ ਕੌਰ ਨੇ ਉਹ ਤਰਲੇ ਕੱਢਦੀ ਰਹੀ ਪ੍ਰੰਤੂ ਪੁਲੀਸ ਉਸ ਦੇ ਨਾਬਾਲਗ ਬੇਟੇ ਨੂੰ ਵੀ ਫੜ ਕੇ ਥਾਣੇ ਲੈ ਗਈ। ਉਨ੍ਹਾਂ ਦੋਸ਼ ਲਾਇਆ ਕਿ ਨਿਗਮ ਚੋਣਾਂ ਵਿੱਚ ਉਸ ਨੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਸੱਜੀ ਬਾਂਹ ਕਹੇ ਉਮੀਦਵਾਰ ਨੂੰ ਹਰਾ ਕੇ ਚੋਣ ਜਿੱਤੀ ਹੈ, ਜੋ ਹੁਕਮਰਾਨਾਂ ਨੂੰ ਹਜ਼ਮ ਨਹੀਂ ਹੋ ਰਹੀ ਹੈ। ਜਿਸ ਕਾਰਨ ਸਿਆਸੀ ਬਦਲਾਖੋਰੀ ਦੇ ਚੱਲਦਿਆਂ ਮੰਤਰੀ ਦੇ ਇਸ਼ਾਰੇ ’ਤੇ ਉਸ ਦੇ ਪਤੀ ਖ਼ਿਲਾਫ਼ ਝੂਠਾ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫਾਇਰਿੰਗ ਵਾਲੀ ਵੀਡੀਓ ਨਾਲ ਉਸ ਦੇ ਪਤੀ ਦੀ ਕੋਈ ਪੁਰਾਣੀ ਵੀਡੀਓ ਨੂੰ ਜੋੜ ਕੇ ਇਸ ਮਾਮਲੇ ਨੂੰ ਗਲਤ ਰੰਗਤ ਦਿੱਤੀ ਜਾ ਰਹੀ ਹੈ। ਜਦੋਂਕਿ ਪਾਰਟੀ ਵਿੱਚ ਫਾਇਰਿੰਗ ਕਰਨ ਵਾਲੇ ਵਿਅਕਤੀਆਂ ਨੂੰ ਉਨ੍ਹਾਂ ਨੇ ਖ਼ੁਦ ਪੁਲੀਸ ਦੇ ਹਵਾਲੇ ਕੀਤਾ ਗਿਆ ਹੈ।
ਸਾਬਕਾ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਆਜ਼ਾਦ ਗਰੁੱਪ ਦੇ ਮੈਂਬਰਾਂ ਖ਼ਿਲਾਫ਼ ਸਿਆਸੀ ਬਦਲਾਖੋਰੀ ਦੀਆਂ ਕਾਰਵਾਈਆਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਆਜ਼ਾਦ ਗਰੁੱਪ ਦੇ ਮੁੱਖ ਚੋਣ ਦਫ਼ਤਰ ਉੱਤੇ ਹਮਲਾ ਕਰਕੇ ਕਈ ਸਮਰਥਕਾਂ ਦੀ ਕੁੱਟਮਾਰ ਕਰਨ ਅਤੇ ਸਾਬਕਾ ਕੌਂਸਲਰ ਦੀ ਦਸਤਾਰ ਲਾਹੁਣ ਅਤੇ ਧਮਕੀਆਂ ਦੇਣ ਸਬੰਧੀ ਭਾਵੇਂ ਪੁਲੀਸ ਨੇ ਵੀਡੀਓ ਵਾਇਰਲ ਹੋਣ ’ਤੇ ਤੁਰੰਤ ਕੇਸ ਦਰਜ ਕਰ ਲਿਆ ਗਿਆ ਸੀ ਪ੍ਰੰਤੂ ਬਾਅਦ ਵਿੱਚ ਹਮਲਾਵਰਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਸਗੋਂ ਉਨ੍ਹਾਂ ਨੂੰ ਹਾਈ ਕੋਰਟ ਤੋਂ ਜ਼ਮਾਨਤ ਕਰਵਾਉਣ ਦਾ ਖੁੱਲ੍ਹਾ ਸਮਾਂ ਦਿੱਤਾ ਗਿਆ। ਆਜ਼ਾਦ ਗਰੁੱਪ ਦੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਕਿ ਚੋਣਾਂ ਤੋਂ ਇਕ ਦਿਨ ਪਹਿਲਾਂ ਉਸ ਦੇ ਚੋਣ ਦਫ਼ਤਰ ਵਿੱਚ ਵੜ ਕੇ ਹੰਗਾਮਾ ਕਰਨ ਅਤੇ ਭੰਨਤੋੜ ਕਰਨ ਵਾਲੇ ਹੁਣ ਤੱਕ ਖੁੱਲ੍ਹੇਆਮ ਘੁੰਮ ਰਹੇ ਹਨ ਪ੍ਰੰਤੂ ਪਰਵਿੰਦਰ ਮਾਮਲੇ ਵਿੱਚ ਪੁਲੀਸ ਲਗਾਤਾਰ ਛਾਪੇਮਾਰੀ ਕਰਕੇ ਜਿੱਥੇ ਪਰਿਵਾਰਕ ਮੈਂਬਰਾਂ ਨੂੰ ਡਰਾ ਧਮਕਾ ਰਹੀ ਹੈ, ਉੱਥੇ ਘਰ ਆਏ ਰਿਸ਼ਤੇਦਾਰਾਂ ਨੂੰ ਥਾਣੇ ਲਿਜਾ ਕੇ ਜ਼ਲੀਲ ਕੀਤਾ ਜਾ ਰਿਹਾ ਹੈ।
ਸਾਬਕਾ ਕੌਂਸਲਰ ਫੂਲਰਾਜ ਸਿੰਘ ਤੇ ਆਰਪੀ ਸ਼ਰਮਾ ਨੇ ਕਿਹਾ ਕਿ ਪਰਵਿੰਦਰ ਸਿੰਘ ਨੇ ਪਿਛਲੇ ਦਿਨਾਂ ਵਿੱਚ ਕੈਬਨਿਟ ਮੰਤਰੀ ਦੇ ਛੋਟੇ ਭਰਾ ਦੀ ਹਿੱਸੇਦਾਰੀ ਵਾਲੀ ਕੰਪਨੀ ਵੱਲੋਂ ਪਿੰਡ ਦੈੜੀ ਦੀ ਬਹੁ-ਕਰੋੜੀ ਜ਼ਮੀਨ ਆਪਣੀ ਫਰਮ ਦੇ ਨਾਮ ਤਬਦੀਲ ਕਰਵਾਉਣ ਅਤੇ ਹਾਈ ਕੋਰਟ ਤੋਂ ਸਰਕਾਰ ਦੇ ਇਹ ਹੁਕਮ ਰੱਦ ਕਰਵਾਏ ਗਏ ਹਨ। ਜਿਸ ਕਾਰਨ ਮੰਤਰੀ ਦਾ ਟੱਬਰ ਉਸ ਨਾਲ ਖਾਰ ਖਾਂਦਾ ਆ ਰਿਹਾ ਹੈ। ਉਨ੍ਹਾਂ ਸਮੁੱਚੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਚਿਤਾਵਨੀ ਦਿੱਤੀ ਜੇਕਰ ਪੁਲੀਸ ਨੇ ਉਨ੍ਹਾਂ ਦੇ ਸਾਥੀ ਖ਼ਿਲਾਫ਼ ਝੂਠਾ ਕੇਸ ਰੱਦ ਨਹੀਂ ਕੀਤਾ ਅਤੇ ਰਿਸ਼ਤੇਦਾਰ ਨੂੰ ਨਹੀਂ ਛੱਡਿਆ ਗਿਆ ਤਾਂ ਆਜ਼ਾਦ ਗਰੁੱਪ ਵੱਲੋਂ ਧਰਨੇ ਦਿੱਤੇ ਜਾਣਗੇ ਅਤੇ ਅਦਾਲਤ ਦਾ ਸਹਾਰਾ ਲਿਆ ਜਾਵੇਗਾ।
ਉਧਰ, ਦੂਜੇ ਪਾਸੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਜ਼ਾਦ ਗਰੁੱਪ ਵੱਲੋਂ ਲਗਾਏ ਸਾਰੇ ਦੋਸ਼ਾਂ ਬਿਲਕੁਲ ਬੇਬੁਨਿਆਦ ਅਤੇ ਮਨਘੜਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਉਂਜ ਉਨ੍ਹਾਂ ਕਿਹਾ ਕਿ ਸਾਬਕਾ ਕੌਂਸਲਰ ਵੱਲੋਂ ਆਪਣੇ ਘਰ ਸੱਦੀ ਪਾਰਟੀ ਵਿੱਚ ਮਹਿਮਾਨਾਂ ਨੇ ਹਵਾਈ ਫਾਇਰਿੰਗ ਕਰਕੇ ਕਾਨੂੰਨ ਦੀ ਉਲੰਘਣਾ ਕੀਤੀ ਹੈ। ਉੱਥੇ ਕੋਈ ਵੱਡੀ ਘਟਨਾ ਵੀ ਵਾਪਰ ਸਕਦੀ ਸੀ। ਇਸ ਲਈ ਪਰਵਿੰਦਰ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦ ਗਰੁੱਪ ਨੂੰ ਚੋਣਾਂ ਵਿੱਚ ਮਿਲੀ ਹਾਰ ਹੁਣ ਹਜ਼ਮ ਨਹੀਂ ਹੋ ਰਹੀ ਹੈ। ਜਿਸ ਕਾਰਨ ਉਹ ਦੂਸ਼ਣਬਾਜ਼ੀ ’ਤੇ ਉਤਰ ਆਏ ਹਨ।
ਇਸ ਸਬੰਧੀ ਸੰਪਰਕ ਕਰਨ ’ਤੇ ਥਾਣਾ ਸੋਹਾਣਾ ਦੇ ਐਸਐਚਓ ਭਗਵੰਤ ਸਿੰਘ ਨੇ ਆਜ਼ਾਦ ਗਰੁੱਪ ਦੇ ਦੋਸ਼ਾਂ ਨੂੰ ਝੂਠ ਦਾ ਪੁਲੰਦਾ ਦੱਸਦਿਆਂ ਸਪੱਸ਼ਟ ਕੀਤਾ ਕਿ ਪੁਲੀਸ ’ਤੇ ਕਿਸੇ ਕਿਸਮ ਦਾ ਕੋਈ ਸਿਆਸੀ ਦਬਾਅ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਲੀਸ ਸਾਬਕਾ ਕੌਂਸਲਰ ਦੇ ਨਾਬਾਲਗ ਬੇਟੇ ਨੂੰ ਥਾਣੇ ਲੈ ਕੇ ਨਹੀਂ ਆਈ ਹੈ ਪ੍ਰੰਤੂ ਰਿਸ਼ਤੇਦਾਰਾਂ ਨੂੰ ਇਸ ਕਰਕੇ ਥਾਣੇ ਲਿਆਂਦਾ ਗਿਆ ਹੈ ਤਾਂ ਜੋ ਵੀਡੀਓ ਵਿੱਚ ਨਜ਼ਰ ਆ ਰਹੇ ਵਿਅਕਤੀਆਂ ਦੀ ਸ਼ਨਾਖ਼ਤ ਕੀਤੀ ਜਾ ਸਕੇ। ਫਾਇਰਿੰਗ ਕਰਨ ਵਾਲਿਆਂ ਵੱਲੋਂ ਆਤਮ ਸਮਰਪਣ ਕਰਨ ਦੇ ਬਾਵਜੂਦ ਪਰਵਿੰਦਰ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੂੰ ਨਾ ਛੱਡਣ ਬਾਰੇ ਪੁੱਛੇ ਜਾਣ ’ਤੇ ਥਾਣਾ ਮੁਖੀ ਨੇ ਕਿਹਾ ਕਿ ਪੁਲੀਸ ਆਪਣਾ ਕੰਮ ਕਰ ਰਹੀ ਹੈ ਅਤੇ ਕਾਨੂੰਨ ਅਨੁਸਾਰ ਜੋ ਵੀ ਕਾਰਵਾਈ ਬਣਦੀ ਹੋਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…