nabaz-e-punjab.com

ਫਿਰੌਤੀ ਮਾਮਲਾ: ਬੱਬਰ ਖ਼ਾਲਸਾ ਦੇ ਚਾਰ ਕਾਰਕੁਨਾਂ ਨੂੰ ਜੇਲ੍ਹ ਭੇਜਿਆਂ

ਮੁਲਜ਼ਮਾਂ ਨੇ ਬੱਬਰ ਖਾਲਸਾ ਦੇ ਨਾਂ ’ਤੇ ਮੁਹਾਲੀ ਦੇ ਕਾਰੋਬਾਰੀ ਤੋਂ ਮੰਗੀ ਸੀ 5 ਲੱਖ ਦੀ ਫਿਰੌਤੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਫਰਵਰੀ:
ਮੁਹਾਲੀ ਪੁਲੀਸ ਵੱਲੋਂ ਬੱਬਰ ਖ਼ਾਲਸਾ ਦੇ ਨਾਮ ’ਤੇ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਹਰਸ਼ਦੀਪ ਸਿੰਘ ਹਰਸ਼ ਵਾਸੀ ਹਾਊਸਿੰਗ ਬੋਰਡ ਕਲੋਨੀ ਸੈਕਟਰ-18, ਜਗਾਧਰੀ, ਜ਼ਿਲ੍ਹਾ ਯਮੁਨਾਨਗਰ (ਹਰਿਆਣਾ) ਸਮੇਤ ਰਵੀ ਕੁਮਾਰ ਵਾਸੀ ਨਾਰਾਇਣਗੜ੍ਹ (ਹਰਿਆਣਾ), ਬ੍ਰਹਮਜੋਤ ਸਿੰਘ ਵਾਸੀ ਮਹੇਸ਼ ਨਗਰ (ਅੰਬਾਲਾ) ਅਤੇ ਅਮਨਦੀਪ ਸਿੰਘ ਵਾਸੀ ਜਗਾਧਰੀ, ਜ਼ਿਲ੍ਹਾ ਯਮੁਨਾਨਗਰ (ਹਰਿਆਣਾ) ਨੂੰ ਪਹਿਲਾਂ ਦਿੱਤਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਬੁੱਧਵਾਰ ਨੂੰ ਦੁਬਾਰਾ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਨਿਆਇਕ ਹਿਰਾਸਤ ਅਧੀਨ ਜੇਲ੍ਹ ਪੇਜ ਦਿੱਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ।
ਜਾਣਕਾਰੀ ਅਨੁਸਾਰ ਇੱਥੋਂ ਦੇ ਫੇਜ਼-10 ਦੇ ਵਸਨੀਕ ਗੁਰਦਿਆਲ ਸਿੰਘ ਨੇ ਮੁਹਾਲੀ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਸ ਦਾ ਦਵਾਈਆਂ ਦਾ ਕਾਰੋਬਾਰ ਹੈ ਅਤੇ ਸਨਅਤੀ ਏਰੀਆ ਮੁਹਾਲੀ ਵਿੱਚ ਫੈਕਟਰੀ ਹੈ। ਬੀਤੀ 17 ਜਨਵਰੀ ਦੀ ਰਾਤ ਨੂੰ ਉਸ ਦੇ ਫੋਨ ’ਤੇ ਕਿਸੇ ਅਣਪਛਾਤੇ ਵਿਅਕਤੀ ਨੇ ਫੋਨ ਕਰਕੇ ਖ਼ੁਦ ਨੂੰ ਬੱਬਰ ਖ਼ਾਲਸਾ ਦਾ ਕਾਰਕੁਨ ਦੱਸਦਿਆਂ ਧਮਕੀ ਦਿੱਤੀ ਸੀ ਅਤੇ ਮਗਰੋਂ ਉਸ ਕੋਲੋਂ 5 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਪੁਲੀਸ ਨੇ ਫੋਨ ਕਾਲ ਡਿਟੇਲ ਅਤੇ ਲੋਕੇਸ਼ਨ ਟਰੇਸ ਕਰਕੇ ਫੋਨ ਕਰਨ ਵਾਲੇ ਹਰਸ਼ਦੀਪ ਸਿੰਘ ਹਰਸ਼ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਸ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਬੱਬਰ ਖ਼ਾਲਸਾ ਦੇ ਨਾਂਅ ’ਤੇ ਵੱਟਸਐਪ ਗਰੁੱਪ ਬਣਾਇਆ ਗਿਆ ਹੈ। ਪੁਲੀਸ ਨੇ ਇਸ ਸਬੰਧੀ ਉਕਤ ਨੌਜਵਾਨਾਂ ਖ਼ਿਲਾਫ਼ ਧਾਰਾ 384, 385, 387, 294 ਅਤੇ 506 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਪੁਲੀਸ ਅਨੁਸਾਰ ਮੁਲਜ਼ਮ ਰਵੀ ਕੁਮਾਰ ਇਕ ਕੈਂਟਰ ਦਾ ਮਾਲਕ ਹੈ, ਜਦੋਂਕਿ ਬ੍ਰਹਮਜੋਤ ਸਿੰਘ ਬਾਰ੍ਹਵੀਂ ਪਾਸ ਅਤੇ ਅਮਨਦੀਪ ਸਿੰਘ ਬੀਏ ਪਾਸ ਹੋਣ ਦੇ ਬਾਵਜੂਦ ਫਿਲਹਾਲ ਵਿਹਲੇ ਘੁੰਮਦੇ ਹਨ। ਪੁਲੀਸ ਅਨੁਸਾਰ ਭਾਵੇਂ ਹਾਲੇ ਤੱਕ ਉਕਤ ਨੌਜਵਾਨਾਂ ਕੋਲੋਂ ਕਿਸੇ ਕਿਸਮ ਦਾ ਹਥਿਆਰ ਜਾਂ ਕੋਈ ਹੋਰ ਇਤਰਾਜ਼ਯੋਗ ਵਸਤੂ ਨਹੀਂ ਮਿਲੀ ਹੈ ਪ੍ਰੰਤੂ ਪੁਲੀਸ ਦਾ ਕਹਿਣਾ ਹੈ ਕਿ ਬੱਬਰ ਖ਼ਾਲਸਾ ਦੇ ਨਾਮ ’ਤੇ ਬਣਾਏ ਵੱਟਸਐਪ ਗਰੁੱਪ ਦੇ ਇਹ ਚਾਰੋ ਮੈਂਬਰ ਹਨ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੌਜਵਾਨਾਂ ਨੂੰ ਪੁਲੀਸ ਰਿਮਾਂਡ ਦੌਰਾਨ ਇਕ ਦੂਜੇ ਦੇ ਆਹਮੋ ਸਾਹਮਣੇ ਬਿਠਾ ਕੇ ਕਰਾਸ ਪੁੱਛਗਿੱਛ ਕਰਕੇ ਮਾਮਲੇ ਸਬੰਧੀ ਅਹਿਮ ਜਾਣਕਾਰੀ ਹਾਸਲ ਕੀਤੀ ਗਈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…