
ਹਰੇ ਭਰੇ ਰੁੱਖਾਂ ਨੂੰ ਨੁਕਸਾਨ ਹੋਣ ਦਾ ਮਾਮਲਾ: ਅਦਾਲਤ ਵੱਲੋਂ ਸਾਬਕਾ ਕਮਿਸ਼ਨਰ ਤਲਬ, 29 ਨਵੰਬਰ ਲਈ ਸੰਮਨ ਜਾਰੀ
ਇਨਵਾਇਰਮੈਂਟ ਪ੍ਰੋਟੈਕਸ਼ਨ ਸੁਸਾਇਟੀ ਵੱਲੋਂ ਦਾਇਰ ਕੇਸ ਦੀ ਸੁਣਵਾਈ ਦੌਰਾਨ ਅਦਾਲਤ ਨੇ ਜਾਰੀ ਕੀਤੇ ਹੁਕਮ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਕਤੂਬਰ:
ਮੁਹਾਲੀ ਨਗਰ ਨਿਗਮ ਵੱਲੋਂ ਕਰਵਾਏ ਜਾਂਦੇ ਵਿਕਾਸ ਕਾਰਜਾਂ ਦੌਰਾਨ ਸ਼ਹਿਰ ਵਿੱਚ ਲੱਗੇ ਦਰਖ਼ਤਾਂ ਨੂੰ ਨੁਕਸਾਨ ਪਹੁੰਚਾਏ ਜਾਣ ਖ਼ਿਲਾਫ਼ ਜੁਡੀਸ਼ਲ ਮੈਜਿਸਟ੍ਰੈਟ ਜਗਜੀਤ ਸਿੰਘ ਦੀ ਅਦਾਲਤ ਨੇ ਅੱਜ ਮੁਹਾਲੀ ਨਿਗਮ ਦੇ ਸਾਬਕਾ ਕਮਿਸ਼ਨਰ ਡਾ. ਕਮਲ ਕੁਮਾਰ ਨੂੰ ਸੰਮਨ ਜਾਰੀ ਕਰਕੇ 29 ਨਵੰਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਹੈ। ਇਹ ਸੰਮਨ ਨੈਸ਼ਨਲ ਗਰੀਨ ਟ੍ਰਿਬਿਊਨਲ ਐਕਟ 2010 ਦੀ ਧਾਰਾ 26 ਤਹਿਤ ਜਾਰੀ ਕੀਤੇ ਗਏ ਹਨ।
ਇਨਵਾਇਰਮੈਂਟ ਪ੍ਰੋਟੈਕਸ਼ਨ ਸੁਸਾਇਟੀ ਮੁਹਾਲੀ ਦੇ ਜਨਰਲ ਸਕੱਤਰ ਆਰਐਸ ਬੈਦਵਾਨ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੌਰਾਨ ਗਲੀਆਂ ਅਤੇ ਸੜਕਾਂ ਕਿਨਾਰੇ ਖੜ੍ਹੇ ਦਰਖ਼ਤਾਂ ਦੀਆਂ ਜੜ੍ਹਾ ਨਾਲ ਪੱਕਾ ਕੰਕਰੀਟ ਬਣਾ ਦਿੱਤੇ ਜਾਣ ਕਾਰਨ ਵੱਡੀ ਗਿਣਤੀ ਵਿੱਚ ਹਰੇ ਭਰੇ ਰੁੱਖਾਂ ਦਾ ਘਾਣ ਕੀਤਾ ਗਿਆ ਹੈ। ਜਦੋਂਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਿਸੇ ਵੀ ਰੁੱਖ ਦੇ ਆਸਪਾਸ ਥਾਂ ਪੱਕੀ ਕਰਨ ਵੇਲੇ ਜੜ੍ਹਾਂ ਦੇ ਚਾਰ ਚੁਫੇਰੇ ਇੱਕ ਮੀਟਰ ਥਾਂ ਛੱਡਣੀ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਰੁੱਖਾਂ ਦੇ ਘਾਣ ਦੀ ਇਸ ਕਾਰਵਾਈ ਦੇ ਖ਼ਿਲਾਫ਼ ਸੁਸਾਇਟੀ ਵੱਲੋਂ ਨਗਰ ਨਿਗਮ ਖ਼ਿਲਾਫ਼ ਨੈਸ਼ਨਲ ਗਰੀਨ ਟ੍ਰਿਬਊਨਲ ਵਿੱਚ ਕੇਸ ਦਾਇਰ ਕੀਤਾ ਗਿਆ ਸੀ। ਜਿਸ ’ਤੇ ਸੁਣਵਾਈ ਕਰਦਿਆਂ ਟ੍ਰਿਬਿਊਨਲ ਵੱਲੋਂ ਹੁਕਮ ਜਾਰੀ ਕਰਕੇ ਨਗਰ ਨਿਗਮ ਨੂੰ ਹਦਾਇਤ ਕੀਤੀ ਗਈ ਸੀ ਕਿ ਵਿਕਾਸ ਕਾਰਜਾਂ ਦੌਰਾਨ ਰੁੱਖਾਂ ਦੀਆਂ ਜੜ੍ਹਾਂ ਨੂੰ ਬਚਾਉਣ ਲਈ ਚਾਰੇ ਪਾਸੇ ਇੱਕ ਮੀਟਰ ਥਾਂ ਛੱਡਣੀ ਯਕੀਨੀ ਬਣਾਈ ਜਾਵੇ। ਲੇਕਿਨ ਇਸ ਦੇ ਬਾਵਜੂਦ ਨਗਰ ਨਿਗਮ ਵੱਲੋਂ ਵਿਕਾਸ ਕਾਰਜਾਂ ਸਮੇਂ ਦਰਖ਼ਤਾਂ ਦਾ ਘਾਣ ਜਾਰੀ ਰੱਖੇ ਜਾਣ ਖ਼ਿਲਾਫ਼ ਉਕਤ ਸੰਸਥਾ ਵੱਲੋਂ ਨਗਰ ਨਿਗਮ ਦੇ ਤਤਕਾਲੀ ਕਮਿਸ਼ਨਰ ਅਤੇ ਹੋਰਨਾਂ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਮੁਹਾਲੀ ਅਦਾਲਤ ਵਿੱਚ ਕੇਸ ਪਾਇਆ ਗਿਆ ਸੀ। ਜਿਸ ’ਤੇ ਸੁਣਵਾਈ ਦੌਰਾਨ ਅਦਾਲਤ ਨੇ ਨਗਰ ਨਿਗਮ ਦੇ ਸਾਬਕਾ ਕਮਿਸ਼ਨਰ ਨੂੰ 29 ਨਵੰਬਰ ਨੂੰ ਨਿੱਜੀ ਤੌਰ ’ਤੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਹਨ। ਉਧਰ, ਹੁਣ ਨਗਰ ਨਿਗਮ ਨੇ ਸੜਕ ਕਿਨਾਰੇ ਫੁੱਟਪਾਥਾਂ ’ਤੇ ਪੇਵਰ ਬਲਾਕ ਲਗਾਉਣ ਸਮੇਂ ਰੁੱਖਾਂ ਦੇ ਆਸਪਾਸ ਕੱਚੀ ਥਾਂ ਛੱਡਣੀ ਸ਼ੁਰੂ ਕਰ ਦਿੱਤੀ ਹੈ।