18 ਕਰੋੜ ਦੀ ਠੱਗੀ ਦੇ ਮਾਮਲੇ ਵਿੱਚ ਕੋਆਪਰੇਟਿਵ ਸੁਸਾਇਟੀ ਦੀਆਂ ਭਾਈਵਾਲ ਕੰਪਨੀਆਂ ਦੇ ਖ਼ਿਲਾਫ਼ ਕੇਸ ਦਰਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਫਰਵਰੀ:
ਚਿੱਟ-ਫੰਡ ਮਾਮਲੇ ਵਿੱਚ ਕਰੀਬ 18 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿੱਚ ਪੰਜਾਬ ਸਟੇਟ ਕਰਾਇਮ ਥਾਣਾ ਫੇਜ਼-4 ਮੁਹਾਲੀ ਵਿੱਚ ਕਰਾਊਨ ਕਰੈਡਿਟ ਕੋਆਪਰੇਟਿਵ ਸੁਸਾਇਟੀ ਅਤੇ ਉਸਦੀਆਂ ਹੋਰ ਭਾਈਵਾਲ ਕੰਪਨੀਆ ਖ਼ਿਲਾਫ਼ ਮਾਮਲਾ ਦਰਜ਼ ਕਰਕੇ ਇੱਕ ਇੰਦਰਜੀਤ ਸਿੰਘ ਸਰਾਉ ਵਾਸੀ ਖੰਨਾ ਨਾਂ ਦੇ ਏਜੰਟ ਨੂੰ ਗ੍ਰਿਫਤਾਰ ਕਰਕੇ ਮੁਹਾਲੀ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਮਾਮਲੇ ’ਚ ਕੰਪਨੀ ਦੇ ਕਰਮਚਾਰੀ ਹਰਜੀਤ ਸਿੰਘ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜੋ ਕਿ ਜੇਲ ਵਿੱਚ ਹੈ।
ਅਦਾਲਤ ’ਚ ਪੁਲਿਸ ਵੱਲੋਂ ਉਕਤ ਮੁਲਜਮ ਦਾ ਰਿਮਾਂਡ ਮੰਗਣ ਲੱਗਿਆਂ ਤਰਕ ਦਿੱਤਾ ਗਿਆ ਕਿ ਉਸ ਕੋਲੋਂ ਉਸ ਦੇ ਬਾਕੀ ਸਾਥੀਆਂ ਸਬੰਧੀ ਪੁੱਛ-ਗਿੱਛ ਕਰਨੀ ਹੈ ਅਤੇ ਚਿੱਟ ਫੰਡ ਦੇ ਨਾਂ ਤੇ ਲੋਕਾਂ ਦੇ ਹੜੱਪੇ ਪੈਸੇ ਬਰਾਮਦ ਕਰਨੇ ਹਨ। ਉਧਰ ਬਚਾਅ ਪੱਖ ਦੇ ਵਕੀਲ ਬਲਜਿੰਦਰ ਸਿੰਘ ਸੈਣੀ ਨੇ ਰਿਮਾਂਡ ਦਾ ਵਿਰੋਧ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਇਸ ਮਾਮਲੇ ’ਚ ਇੰਦਰਜੀਤ ਸਿੰਘ ਤੇ ਰੋਪੜ ਵਿੱਚ ਪਹਿਲਾਂ ਹੀ ਮਾਮਲਾ ਦਰਜ਼ ਹੈ ਅਤੇ ਇਸੇ ਮਾਮਲੇ ’ਚ ਨਵੀਂ ਐਫਆਈਆਰ ਦਰਜ਼ ਨਹੀਂ ਕੀਤੀ ਜਾ ਸਕਦੀ। ਅਦਾਲਤ ਨੇ ਸਰਕਾਰੀ ਧਿਰ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮੁਲਜਮ ਇੰਦਰਜੀਤ ਸਿੰਘ ਨੂੰ 2 ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਡਾਇਰੈਕਟਰ ਜਨਰਲ ਪੁਲਿਸ/ਸਟੇਟ ਕਰਾਇਮ ਨੂੰ ਪੰਜਾਬ ਦੇ ਵੱਖ-ਵੱਖ ਜਿਲਿਆਂ ਤੋਂ ਕਰੈਡਿਟ ਕੋਆਪਰੇਟਿਵ ਅਤੇ ਉਸਦੀਆਂ ਹੋਰ ਭਾਈਵਾਲ ਕੰਪਨੀਆਂ ਖਿਲਾਫ ਵੱਡੇ ਪੱਧਰ ਤੇ ਠੱਗੀ ਮਾਰਨ ਦੀਆਂ ਸ਼ਿਕਾਇਤਾਂ ਮਿਲੀਆਂ ਸਨ।
ਇਨ੍ਹਾਂ ਸ਼ਿਕਾਇਤਾਂ ਦੀ ਪੜਤਾਲ ਲਈ ਡੀ. ਆਈ. ਜੀ ਕਰਾਇਮ ਜਸਕਰਨ ਸਿੰਘ, ਸੁਸ਼ੀਲ ਕੁਮਾਰ ਐਸ. ਪੀ ਕਰਾਇਮ ਅਤੇ ਹਰਪ੍ਰੀਤ ਸਿੰਘ ਐਸ.ਪੀ ਬਰਨਾਲਾ ਦੀ ਸਾਂਝੀ ਪੜਤਾਲੀਆ ਟੀਮ (ਸਿੱਟ) ਬਣਾਈ ਗਈ ਹੈ। ਉਕਤ ਪੜਤਾਲੀਆ ਟੀਮ ਕੋਲ ਕਰੀਬ 460 ਦੇ ਕਰੀਬ ਉਕਤ ਕੰਪਨੀ ਅਤੇ ਉਸਦੀਆਂ ਭਾਈਵਾਲ ਕੰਪਨੀਆਂ ਖਿਲਾਫ ਸ਼ਿਕਾਇਤਾਂ ਮਿਲੀਆਂ ਸਨ। ਪੁਲਿਸ ਨੇ ਜਾਂਚ ’ਚ ਪਾਇਆ ਕਿ ਗੋਰਖ ਧੰਦੇ ’ਚ ਪੈਸੇ ਇਨਵੈਸਟ ਕਰਵਾਉਣ ਵਾਲੇ ਏਜੰਟ, ਕਰਾਊਨ ਕਰੈਡਿਟ ਕੰਪਨੀ ਦੇ ਐਮ. ਡੀ ਜਗਜੀਤ ਸਿੰਘ, ਡਾਇਰੈਕਟਰ ਅਤੇ ਏਜੰਟ ਸ਼ਾਮਲ ਹਨ। ਪੁਲਿਸ ਮੁਤਾਬਕ ਉਕਤ ਕੰਪਨੀ ਦੇ ਪ੍ਰਬੰਧਕਾਂ ਅਤੇ ਏਜੰਟਾ ਨੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਭੋਲੇ-ਭਾਲੇ ਲੋਕਾਂ ਤੋਂ ਕਰੋੜਾਂ ਰੁਪਏ ਇਕੱਠੇ ਕੀਤੇ ਹਨ ਅਤੇ ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਵੀ ਉਕਤ ਕੰਪਨੀਆਂ ਹੋਰ ਕੰਪਨੀਆਂ ਦੇ ਨਾਂ ਤੇ ਅਜੇ ਵੀ ਗੁਪਤ ਤੌਰ ਤੇ ਆਪਣਾ ਗੋਰਖ ਧੰਦਾ ਚਲਾ ਰਹੀਆਂ ਹਨ। ਪੁਲਿਸ ਮੁਤਾਬਕ ਉਕਤ ਕੰਪਨੀ ਪ੍ਰਬੰਧਕਾਂ ਅਤੇ ਏਜੰਟਾ ਵੱਲੋਂ 3 ਸਾਲ ’ਚ ਪੈਸੇ ਦੁਗਣੇ ਕਰਨ ਦਾ ਝਾਂਸਾ ਦਿੱਤਾ ਜਾਂਦਾ ਸੀ। ਪੁਲਿਸ ਦੀ ਜਾਂਚ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਉਕਤ ਕੰਪਨੀ ਹੋਰਨਾਂ ਸਹਿਯੋਗੀ ਕੰਪਨੀਆਂ ਦੀ ਮਦੱਦ ਨਾਲ ਹਵਾਲਾ ਰਾਹੀਂ ਵਿਦੇਸ਼ ਵਿੱਚ ਵੀ ਪੈਸਾ ਭੇਜਦੀਆਂ ਸਨ। ਪੁਲਿਸ ਮੁਤਾਬਕ ਇਸ ਮਾਮਲੇ ’ਚ ਅਜੇ ਹੋਰ ਕਈ ਵੱਡੇ ਖੁਲਾਸੇ ਹੋਣੇ ਬਾਕੀ ਹਨ। ਇਸ ਸਬੰਧੀ ਸਟੇਟ ਕਰਾਇਮ ਥਾਣਾ ਫੇਜ਼-4 ਮੁਹਾਲੀ ਦੇ ਮੁਖੀ ਇੰਸਪੈਕਟਰ ਦੀਪਕ ਸਿੰਘ ਨੇ ਦੱਸਿਆ ਕਿ ਹਰਜਿੰਦਰ ਸਿੰਘ ਢਿੱਲੋਂ ਵਾਸੀ ਫਰੀਦਕੋਟ ਅਤੇ ਹੋਰਨਾਂ ਦੀ ਸ਼ਿਕਾਇਤ ਤੇ ਕਰਾਊਨ ਕਰੇਡਿਟ ਕੋਆਪਰੇਟਿਵ ਸੁਸਾਇਟੀ ਦੇ ਐਮ. ਡੀ ਜਗਜੀਤ ਸਿੰਘ ਅਤੇ ਹੋਰਨਾਂ ਖਿਲਾਫ ਧਾਰਾ-406,420,467,468,471,120ਬੀ ਅਤੇ ਚਿੱਟ-ਫੰਡ ਐਕਟ 1978 ਦੀ ਧਾਰਾ 4 ਅਤੇ 5 ਦੇ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ।

Load More Related Articles

Check Also

ਨਸ਼ਾ ਤਸਕਰੀ ਮਾਮਲਾ: ‘ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ ਮੇਰਾ ਮਨੋਬਲ ਨਹੀਂ ਤੋੜ ਸਕਦੀ’: ਮਜੀਠੀਆ

ਨਸ਼ਾ ਤਸਕਰੀ ਮਾਮਲਾ: ‘ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ ਮੇਰਾ ਮਨੋਬਲ ਨਹੀਂ ਤੋੜ ਸਕਦੀ’: ਮਜੀਠੀਆ ਮੁਹਾਲੀ ਅਦ…