ਮੁਹਾਲੀ ਵਿੱਚ ਸਿੱਖ ਬੀਬੀਆਂ ਦੇ ਬਿਨਾਂ ਹੈਲਮਟ ਚਲਾਨ ਕੱਟਣ ਦਾ ਮਾਮਲਾ ਭਖਿਆ
ਡਿਪਟੀ ਮੇਅਰ ਕੁਲਜੀਤ ਬੇਦੀ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਨਿੱਜੀ ਦਖ਼ਲ ਮੰਗਿਆ
ਡੀਜੀਪੀ, ਡੀਸੀ ਮੁਹਾਲੀ ਤੇ ਐੱਸਐੱਸਪੀ ਨੂੰ ਭੇਜੇ ਪੱਤਰ
ਨਬਜ਼-ਏ-ਪੰਜਾਬ, ਮੁਹਾਲੀ, 18 ਮਾਰਚ:
ਮੁਹਾਲੀ ਵਿੱਚ ਸਿੱਖ ਬੀਬੀਆਂ ਦੇ ਬਿਨਾਂ ਹੈਲਮਟ ਤੋਂ ਟਰੈਫ਼ਿਕ ਚਲਾਨ ਕੱਟਣ ਦਾ ਮਾਮਲਾ ਕਾਫ਼ੀ ਭਖ ਗਿਆ ਹੈ। ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਉਨ੍ਹਾਂ ਦਾ ਨਿੱਜੀ ਦਖ਼ਲ ਮੰਗਿਆ ਹੈ। ਉਨ੍ਹਾਂ ਨੇ ਸ਼ਹਿਰ ਵਿੱਚ ਸਿੱਖ ਬੀਬੀਆਂ ਦੇ ਬਿਨਾਂ ਹੈਲਮਟ ਤੋਂ ਚਲਾਨ ਕੱਟਣ ਦੀ ਸਖ਼ਤ ਨਿਖੇਧੀ ਕਰਦਿਆਂ ਸਾਰੇ ਚਲਾਨ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਇਸ ਪੱਤਰ ਦਾ ਉਤਾਰਾ ਡੀਜੀਪੀ, ਡੀਸੀ ਮੁਹਾਲੀ ਅਤੇ ਐੱਸਐੱਸਪੀ ਨੂੰ ਵੀ ਭੇਜਿਆ ਗਿਆ ਹੈ।
ਅੱਜ ਇੱਥੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਸ਼ਹਿਰ ਵਿੱਚ ਸੀਸੀਟੀਵੀ ਕੈਮਰੇ ਲਗਾ ਕੇ ਟਰੈਫ਼ਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਹੈ ਪਰ ਨਾਲ ਉਨ੍ਹਾਂ ਨੇ ਸਿੱਖ ਬੀਬੀਆਂ ਦੇ ਬਿਨਾਂ ਹੈਲਮਟ ਤੋਂ ਚਲਾਨ ਕੱਟਣ ਨੂੰ ਪੂਰੀ ਤਰ੍ਹਾਂ ਗੈਰਵਾਜਬ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਸਿੱਖ ਬੀਬੀਆਂ ਹੈਲਮਟ ਨਹੀਂ ਪਾਉਂਦੀਆਂ ਅਤੇ ਸਰਬੰਸਦਾਨੀ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਦੇ ਨਾਂ ’ਤੇ ਵਸਾਏ ਗਏ ਮੁਹਾਲੀ ਸ਼ਹਿਰ ਵਿੱਚ ਸਿੱਖ ਬੀਬੀਆਂ ਦੇ ਬਿਨਾਂ ਹੈਲਮਟ ਚਲਾਨ ਕੱਟਣ ਦੀ ਕਾਰਵਾਈ ਨੂੰ ਮੰਦਭਾਗਾ ਦੱਸਿਆ ਹੈ।
ਡਿਪਟੀ ਮੇਅਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਤਰ੍ਹਾਂ ਦੇ ਚਲਾਨ ਬਿਲਕੁਲ ਬੰਦ ਕੀਤੇ ਜਾਣ ਅਤੇ ਜਿਨ੍ਹਾਂ ਬੀਬੀਆਂ ਦੇ ਅਜਿਹੇ ਚਲਾਨ ਕੱਟੇ ਗਏ ਹਨ। ਉਨ੍ਹਾਂ ਦੀ ਸ਼ਨਾਖ਼ਤ ਕਰਕੇ ਬਿਨਾਂ ਕੋਈ ਜੁਰਮਾਨਾ ਵਸੂਲੇ ਰੱਦ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸਿੱਖ ਬੀਬੀਆਂ ਦੇ ਚਲਾਨਾਂ ਲਈ ਮੈਨੂਅਲ ਤਰੀਕੇ ਨਾਲ ਕੰਮ ਕੀਤਾ ਜਾ ਸਕਦਾ ਹੈ। ਜਾਂ ਕੋਈ ਹੋਰ ਤਰੀਕਾ ਅਪਣਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸੂਬਾ ਸਰਕਾਰ ਅਤੇ ਮੁਹਾਲੀ ਪੁਲੀਸ ਨੇ ਇਸ ਪਾਸੇ ਤੁਰੰਤ ਧਿਆਨ ਨਹੀਂ ਦਿੱਤਾ ਤਾਂ ਆਉਂਦੇ ਦਿਨਾਂ ਵਿੱਚ ਇਹ ਵੱਡਾ ਵਿਵਾਦ ਬਣ ਸਕਦਾ ਹੈ।