
ਵੀਆਰ ਪੰਜਾਬ ਮਾਲ ਦੇ ਸਫ਼ਾਈ ਮਜ਼ਦੂਰਾਂ ਨੂੰ ਬਰਖ਼ਾਸਤ ਕਰਨ ਦਾ ਮਾਮਲਾ ਭਖਿਆ
ਪੰਜਾਬ ਏਟਕ ਤੇ ਸੰਯੁਕਤ ਐਕਸ਼ਨ ਕਮੇਟੀ ਨੇ ਪ੍ਰਬੰਧਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜੁਲਾਈ:
ਵੀਆਰ ਪੰਜਾਬ ਮਾਲ ਬੱਲੋਮਾਜਰਾ ਵਿੱਚ ਕੰਮ ਕਰਦੇ ਸਫ਼ਾਈ ਮਜ਼ਦੂਰਾਂ ਨੂੰ ਬਿਨਾਂ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਬਿਨਾਂ ਨੌਕਰੀ ਤੋਂ ਬਰਖ਼ਾਸਤ ਕਰਨ ਦਾ ਮਾਮਲਾ ਭਖ ਗਿਆ ਹੈ। ਅੱਜ ਇੱਥੋਂ ਦੇ ਸੈਕਟਰ-57 ਦੇ ਪਾਰਕ ਵਿੱਚ ਬਰਖ਼ਾਸਤ ਸਫ਼ਾਈ ਮਜ਼ਦੂਰਾਂ ਨੇ ਮੀਟਿੰਗ ਕਰਕੇ ਸੰਘਰਸ਼ ਦੀ ਅਗਲੀ ਰਣਨੀਤੀ ਘੜੀ ਗਈ। ਇਸ ਮੀਟਿੰਗ ਵਿੱਚ ਪੰਜਾਬ ਏਟਕ ਦੇ ਮੀਤ ਪ੍ਰਧਾਨ ਵਿਨੋਦ ਚੁੱਗ ਅਤੇ ਸੰਯੁਕਤ ਐਕਸ਼ਨ ਕਮੇਟੀ ਨਗਰ ਕੌਂਸਲ ਵਰਕਰਜ਼ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਪ੍ਰਦੀਪ ਕੁਮਾਰ ਸੂਦ, ਚੇਅਰਮੈਨ ਰਵਿੰਦਰ ਪਾਲ ਸਿੰਘ, ਕੈਸ਼ੀਅਰ ਸਤੀਸ਼ ਕੁਮਾਰ ਨੇ ਵੀ ਸ਼ਿਰਕਤ ਕੀਤੀ ਅਤੇ ਸਫ਼ਾਈ ਮਜ਼ਦੂਰਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਉਨ੍ਹਾਂ ਦੀ ਬਹਾਲੀ ਦੀ ਮੰਗ ਕੀਤੀ।
ਆਗੂਆਂ ਨੇ ਦੱਸਿਆ ਕੀ ਵੀਆਰ ਮਾਲ ਪੰਜਾਬ ਵਿੱਚ ਕੰਮ ਕਰਦੇ ਸਫ਼ਾਈ ਮਜ਼ਦੂਰਾਂ ਨੂੰ ਬੀਤੀ ਇਕ ਮਈ ਨੂੰ ਗਲਤ ਤਰੀਕੇ ਨਾਲ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਸੀ। ਪ੍ਰਬੰਧਕਾਂ ਨੇ ਸਫ਼ਾਈ ਕਰਮੀਆਂ ਨੂੰ ਅਗਾਊਂ ਕੋਈ ਨੋਟਿਸ ਵੀ ਨਹੀਂ ਦਿੱਤਾ। ਜਿਸ ਕਾਰਨ ਉਹ ਬੇਰੁਜ਼ਗਾਰ ਹੋ ਕੇ ਸੜਕਾਂ ’ਤੇ ਆ ਗਏ ਹਨ। ਇਸ ਸਬੰਧੀ ਕਿਰਤੀਆਂ ਵੱਲੋਂ ਪ੍ਰਬੰਧਕਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਕਿਰਤ ਵਿਭਾਗ ਪੰਜਾਬ ਦੇ ਇੰਸਪੈਕਟਰ ਨੂੰ ਕਈ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ ਅਤੇ ਮੰਗ ਕੀਤੀ ਗਈ ਕਿ ਸਫ਼ਾਈ ਮਜ਼ਦੂਰਾਂ ਨੂੰ ਤੁਰੰਤ ਡਿਊਟੀ ’ਤੇ ਰੱਖਿਆ ਜਾਵੇ ਪ੍ਰੰਤੂ ਹੁਣ ਤੱਕ ਨਾ ਤਾਂ ਪ੍ਰਬੰਧਕਾਂ ਖ਼ਿਲਾਫ਼ ਕੋਈ ਕਾਰਵਾਈ ਕੀਤੀ ਗਈ ਅਤੇ ਨਾ ਹੀ ਮਜ਼ਦੂਰਾਂ ਨੂੰ ਬਹਾਲ ਕੀਤਾ ਗਿਆ ਹੈ। ਇਸ ਦੇ ਉਲਟ ਪ੍ਰਬੰਧਕਾਂ ਵੱਲੋਂ ਨਵੇਂ ਕਿਰਤੀ ਰੱਖੇ ਜਾ ਰਹੇ ਹਨ। ਪੀੜਤ ਸਫ਼ਾਈ ਮਜ਼ਦੂਰਾਂ ਨੇ ਦੱਸਿਆ ਕਿ ਉਹ ਪਿਛਲੇ ਕਰੀਬ 10 ਸਾਲਾਂ ਤੋਂ ਮਾਲ ਵਿੱਚ ਕੰਮ ਕਰਦੇ ਆ ਰਹੇ ਹਨ ਪ੍ਰੰਤੂ ਪ੍ਰਬੰਧਕਾਂ ਵੱਲੋਂ ਹਰ ਸਾਲ ਠੇਕੇਦਾਰ ਬਦਲ ਦਿੱਤੇ ਜਾਂਦੇ ਹਨ।
ਇਸ ਮੌਕੇ ਵਿਨੋਦ ਚੁੱਗ ਨੇ ਦੱਸਿਆ ਕੀ ਲਗਾਤਾਰ ਚੱਲਣ ਵਾਲਾ ਕੋਈ ਵੀ ਕੰਮ ਠੇਕੇ ’ਤੇ ਨਹੀਂ ਦਿੱਤਾ ਜਾ ਸਕਦਾ ਹੈ, ਮਾਲ ਵਿੱਚ ਸਾਰਾ ਕੁੱਝ ਇਸ ਦੇ ਉਲਟ ਹੋ ਰਿਹਾ ਹੈ। ਉਨ੍ਹਾਂ ਕਿਰਤ ਵਿਭਾਗ ਤੋਂ ਮੰਗ ਕੀਤੀ ਕਿ ਗਲਤ ਤਰੀਕੇ ਨਾਲ ਨੌਕਰੀ ਤੋਂ ਬਰਖ਼ਾਸਤ ਕੀਤੇ ਸਾਰੇ ਕਿਰਤੀਆਂ ਨੂੰ ਬਿਨਾਂ ਸ਼ਰਤ ਵਾਪਸ ਨੌਕਰੀ ’ਤੇ ਬਹਾਲ ਕਰਵਾਇਆ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਸਫ਼ਾਈ ਕਾਮਿਆਂ ਨੂੰ ਬਹਾਲ ਨਹੀਂ ਕੀਤਾ ਗਿਆ ਤਾਂ ਪ੍ਰਬੰਧਕਾਂ ਖ਼ਿਲਾਫ਼ ਲੜੀਵਾਰ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਰਾਮਵੀਰ ਗੂੰਜਾਂ, ਸੁਨੀਤਾ, ਪੂਜਾ, ਨੀਲਮ, ਮੋਬਿਨ ਖਾਤੂਨ ਅਤੇ ਹੋਰ ਵਰਕਰ ਹਾਜ਼ਰ ਸਨ।