nabaz-e-punjab.com

ਪੁਲੀਸ ਥਾਣਿਆਂ ਦੇ ਬਾਹਰ ਮਿੱਟੀ ਹੋ ਰਹੇ ਨੇ ਕੇਸ ਪ੍ਰਾਪਰਟੀ ਅਤੇ ਦੁਰਘਟਨਾ ਗ੍ਰਸਤ ਵਾਹਨ

‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਹਾਦਸਾਗ੍ਰਸਤ ਵਾਹਨਾਂ ਦੀ ਨਿਲਾਮੀ ਦਾ ਮੁੱਦਾ ਚੁੱਕਿਆ

ਨਬਜ਼-ਏ-ਪੰਜਾਬ, ਮੁਹਾਲੀ, 29 ਮਾਰਚ:
ਮੁਹਾਲੀ ਸਮੇਤ ਪੰਜਾਬ ਭਰ ਦੇ ਪੁਲੀਸ ਥਾਣਿਆਂ ਦੇ ਬਾਹਰ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿੱਚ ਕੇਸ ਪ੍ਰਾਪਰਟੀ ਬਣਾਏ ਵਾਹਨ ਅਤੇ ਸੜਕ ਦੁਰਘਟਨਾ ਗ੍ਰਸਤ ਵਾਹਨ ਮਿੱਟੀ ਹੋ ਰਹੇ ਹਨ। ਪੰਜਾਬ ਸਰਕਾਰ ਅਤੇ ਪੁਲੀਸ ਦੀ ਬੇਧਿਆਨੀ ਕਾਰਨ ਕਾਫ਼ੀ ਵਾਹਨਾਂ ਪੂਰੀ ਤਰ੍ਹਾਂ ਕੰਡਮ ਹੋ ਗਏ ਹਨ, ਜੋ ਕੇਸ ਖ਼ਤਮ ਹੋਣ ਤੋਂ ਬਾਅਦ ਕਿਸੇ ਕੰਮ ਨਹੀਂ ਆਉਣਗੇ। ਇਹੀ ਨਹੀਂ ਜ਼ਿਆਦਾਤਰ ਵਾਹਨਾਂ ਦੀ ਹਾਲਤ ਅਜਿਹੀ ਹੋ ਚੁੱਕੀ ਹੈ ਕਿ ਉਨ੍ਹਾਂ ਨੂੰ ਸ਼ਾਇਦ ਕੋਈ ਕਬਾੜੀਆਂ ਵੀ ਨਾ ਖ਼ਰੀਦੇ। ਸੂਤਰ ਦੱਸਦੇ ਹਨ ਕਿ ਅਜਿਹੇ ਕਾਫ਼ੀ ਵਾਹਨਾਂ ਦੇ ਪੁਰਜੇ ਵੀ ਗਾਇਬ ਹੋ ਗਏ ਹਨ। ਪਤਾ ਲੱਗਾ ਹੈ ਕਿ ਚੰਗੇ ਪੁਰਜੇ ਕੱਢ ਲਏ ਗਏ ਹਨ ਜਾਂ ਚੋਰੀ ਹੋ ਗਏ ਹਨ। ਇਸ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਹੈ ਕਿਉਂਕਿ ਇਸ ਸਬੰਧੀ ਕਿਸੇ ਥਾਣੇ ਵਿੱਚ ਪੁਰਜੇ ਚੋਰੀ ਹੋਣ ਬਾਰੇ ਕੋਈ ਸ਼ਿਕਾਇਤ\ਡੀਡੀਆਰ ਤੱਕ ਦਰਜ ਨਹੀਂ ਹੈ।
ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਵਿਧਾਨ ਸੈਸ਼ਨ ਵਿੱਚ ਜ਼ੀਰੋ ਆਵਰ ਦੌਰਾਨ ਪੰਜਾਬ ਦੀ ਇਸ ਗੰਭੀਰ ਸਮੱਸਿਆ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਥਾਣਿਆਂ ਦੇ ਬਾਹਰ ਪਾਰਕਿੰਗ ਦੀ ਢੁਕਵੀਂ ਵਿਵਸਥਾ ਨਹੀਂ ਹੈ, ਕਿਉਂਕਿ ਥਾਣਿਆਂ ਦੇ ਬਾਹਰ ਖਾਲੀ ਥਾਂ ਅਤੇ ਸੜਕ ਕਿਨਾਰੇ ਦੁਰਘਟਨਾ ਗ੍ਰਸਤ ਵਾਹਨਾਂ ਦੇ ਢੇਰ ਲੱਗੇ ਹੋਏ ਹਨ। ਅਜਿਹੇ ਵਾਹਨਾਂ ਦੇ ਬਹੁਤ ਵੱਡੇ ਢੇਰ/ਗਿਣਤੀ ਹੋਣ ਕਾਰਨ ਇਨ੍ਹਾਂ ਵਿੱਚ ਮੱਛਰ ਅਤੇ ਹੋਰ ਜਾਨਵਰਾਂ ਪੈਦਾ ਹੋਣ ਨਾਲ ਬੀਮਾਰੀਆਂ ਲੱਗਣ ਦਾ ਡਰ ਬਣਿਆ ਰਹਿੰਦਾ ਹੈ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਥਾਣਿਆਂ ਦੀ ਚਾਰ-ਦੀਵਾਰੀ ਦੇ ਅੰਦਰ ਅਤੇ ਬਾਹਰ ਕਰੀਬ 39 ਹਜ਼ਾਰ ਦੁਰਘਟਨਾ ਗ੍ਰਸਤ ਵਾਹਨ ਪਏ ਹਨ, ਜਿਨ੍ਹਾਂ ਦੀ ਜਲਦੀ ਨਿਲਾਮੀ ਕਰ ਦੇਣੀ ਚਾਹੀਦੀ ਹੈ। ਜੇਕਰ ਇਹ 39 ਹਜ਼ਾਰ ਵਾਹਨ ਵੇਚੇ ਜਾਣ ਅਤੇ ਜੇਕਰ ਅੰਦਾਜ਼ਨ ਇੱਕ ਵਾਹਨ 25 ਤੋਂ 30 ਹਜ਼ਾਰ ਵਿੱਚ ਵਿਕਦਾ ਹੈ, ਤਾਂ ਇਨ੍ਹਾਂ ਤੋਂ 125 ਕਰੋੜ ਤੋਂ ਲੈ ਕੇ 150 ਕਰੋੜ ਰੁਪਏ ਕਮਾਏ ਜਾ ਸਕਦੇ ਹਨ ਅਤੇ ਇਸ ਰਾਸ਼ੀ ਨਾਲ ਦੋ ਏਕੜ ਜ਼ਮੀਨ ਖ਼ਰੀਦੀ ਸਕਦੀ ਹੈ।
‘ਆਪ’ ਆਗੂ ਨੇ ਕਿਹਾ ਕਿ ਪੰਜਾਬ ਵਿੱਚ 23 ਜ਼ਿਲ੍ਹੇ ਅਤੇ 97 ਤਹਿਸੀਲਾਂ ਹਨ, ਜੇਕਰ ਪ੍ਰਤੀ ਤਹਿਸੀਲ 2 ਏਕੜ ਜਗ੍ਹਾ ਵੀ ਦਿੱਤੀ ਜਾਵੇ ਤਾਂ ਥਾਣਿਆਂ ਦੇ ਅੰਦਰ ਅਤੇ ਬਾਹਰ ਪਏ ਕਬਾੜ ਦੀ ਸਮੱਸਿਆ ਦਾ ਪੱਕਾ ਹੱਲ ਹੋ ਜਾਵੇਗਾ। ਤਹਿਸੀਲ ਵਿੱਚ ਇੱਕ ਸਾਂਝਾ ਡੰਪ ਬਣਾਉਣ ਦੀ ਲੋੜ ਹੈ। ਜਦੋਂ ਵੀ ਕੋਈ ਕਾਨੂੰਨੀ ਕਾਰਵਾਈ ਪੂਰੀ ਹੋਈ ਥਾਣੇ ’ਚੋਂ ਉਹ ਵਾਹਨ ਚੁੱਕ ਕੇ ਉਸ ਡੰਪ ਵਿੱਚ ਪਹੁੰਚਾ ਦਿੱਤਾ ਜਾਵੇ। ਉਨ੍ਹਾਂ ਨੇ ਮੰਗ ਕੀਤੀ ਕਿ ਜਿੰਨੀ ਜਲਦੀ ਹੋ ਸਕੇ ਅਜਿਹੇ ਵਾਹਨਾਂ ਦੀ ਨਿਲਾਮੀ ਕੀਤੀ ਜਾਵੇ ਅਤੇ ਇਹ ਪੈਸਾ ਕੇਂਦਰੀ ਪੂਲ ਵਿੱਚ ਪਾ ਕੇ ਜ਼ਮੀਨ ਖਰੀਦੀ ਜਾਵੇ।

Load More Related Articles

Check Also

ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੀ ਸਿਹਤ ’ਚ ਸੁਧਾਰ, ਫੋਰਟਿਸ ’ਚੋਂ ਛੁੱਟੀ ਮਿਲੀ

ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੀ ਸਿਹਤ ’ਚ ਸੁਧਾਰ, ਫੋਰਟਿਸ ’ਚੋਂ ਛੁੱਟੀ ਮਿਲੀ ਸਾਬਕਾ ਮੰਤਰੀ ਸ…