
ਨਗਰ ਨਿਗਮ ਦੀ ਟੀਮ ਨੂੰ ਘੇਰ ਕੇ ਧੱਕੇ ਨਾਲ ਪਸ਼ੂ ਛੁਡਾਉਣ ਵਾਲੇ ਪਸ਼ੂ ਪਾਲਕਾਂ ਦੇ ਖ਼ਿਲਾਫ਼ ਕੇਸ ਦਰਜ
ਸਿਹਤ ਮੰਤਰੀ ਦੇ ਹੁਕਮਾਂ ’ਤੇ ਹੋਈ ਕਾਰਵਾਈ, ਕੁੰਭੜਾ ਦੇ ਪਸ਼ੂ ਪਾਲਕਾਂ ’ਤੇ ਵੀ ਹੋਵੇ ਪੁਲੀਸ ਕਾਰਵਾਈ: ਬੌਬੀ ਕੰਬੋਜ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਸਤੰਬਰ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਲਾਵਾਰਿਸ ਅਤੇ ਪਾਲਤੂ ਪਸ਼ੂਆਂ ਦੀ ਸਮੱਸਿਆ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ। ਪਸ਼ੂ ਪਾਲਕਾਂ ਦੀ ਸਿਆਸੀ ਪਹੁੰਚ ਹੋਣ ਕਾਰਨ ਨਗਰ ਨਿਗਮ ਦੇ ਮੁਲਾਜ਼ਮ ਬੇਵਸ ਜਾਪਦੇ ਸਨ, ਪ੍ਰੰਤੂ ਹੁਣ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਹੱਲਾਸ਼ੇਰੀ ਤੋਂ ਬਾਅਦ ਨਿਗਮ ਕਰਮਚਾਰੀਆਂ ਨੇ ਕਾਰਵਾਈ ਤੇਜ ਕਰ ਦਿੱਤੀ ਹੈ। ਉਧਰ, ਬੀਤੇ ਦਿਨੀਂ ਪਿੰਡ ਮਟੌਰ ਅਤੇ ਸੈਕਟਰ-71 ਵਿੱਚ ਪਸ਼ੂ ਫੜਨ ਲਈ ਗਈ ਨਗਰ ਨਿਗਮ ਦੀ ਟੀਮ ਨੂੰ ਘੇਰ ਕੇ ਧੱਕੇ ਨਾਲ ਪਸ਼ੂ ਛੁਡਾਉਣ ਅਤੇ ਸਰਕਾਰੀ ਕੰਧ ਢਾਹੁਣ ਵਾਲੇ ਪਸ਼ੂ ਪਾਲਕਾਂ ਦੇ ਖ਼ਿਲਾਫ਼ ਮਟੌਰ ਥਾਣੇ ਵਿੱਚ ਧਾਰਾ 186,323,283,341,506 ਅਤੇ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਤੇ ਪਬਲਿਕ ਪ੍ਰਾਪਰਟੀ ਐਕਟ 1984 ਦੀ ਧਾਰਾ 3 ਦੇ ਤਹਿਤ ਦਰਜ ਕੀਤਾ ਕੇਸ ਗਿਆ ਹੈ। ਇਹ ਕਾਰਵਾਈ ਸਿਹਤ ਮੰਤਰੀ ਦੇ ਹੁਕਮਾਂ ’ਤੇ ਕੀਤੀ ਗਈ ਹੈ।
ਬੀਤੇ ਦਿਨੀਂ ਸਾਬਕਾ ਕੌਂਸਲਰ ਅਮਰੀਕ ਸਿੰਘ ਸੋਮਲ ਦੀ ਸ਼ਿਕਾਇਤ ’ਤੇ ਸੈਕਟਰ-71 ਵਿੱਚ ਪਹੁੰਚੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਲਾਵਾਰਿਸ ਅਤੇ ਪਾਲਤੂ ਪਸ਼ੂਆਂ ਦੀ ਸਮੱਸਿਆ ਦਾ ਜਾਇਜ਼ਾ ਲਿਆ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ। ਉਨ੍ਹਾਂ ਮੌਕੇ ’ਤੇ ਮੌਜੂਦ ਨਿਗਮ ਕਮਿਸ਼ਨਰ ਕਮਲ ਗਰਗ ਅਤੇ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੂੰ ਕਸੂਰਵਾਰ ਪਸ਼ੂ ਪਾਲਕਾਂ ਦੇ ਖ਼ਿਲਾਫ਼ ਐਫ਼ਆਈਆਰ ਦਰਜ ਕਰਨ ਦੀ ਹਦਾਇਤ ਕੀਤੀ ਗਈ ਸੀ।
ਮੁਹਾਲੀ ਦੇ ਡੀਐਸਪੀ (ਸਿਟੀ-1) ਗੁਰਸ਼ੇਰ ਸਿੰਘ ਸੰਧੂ ਨੇ ਦੱਸਿਆ ਕਿ ਦਲਵੀਰ ਸਿੰਘ, ਮਹਿੰਦਰ ਸਿੰਘ, ਗੁਰਮੀਤ ਸਿੰਘ, ਜੀਤਾ, ਅਵਤਾਰ ਸਿੰਘ, ਵਰਿੰਦਰ ਸਿੰਘ, ਗੁਰਪ੍ਰੀਤ ਸਿੰਘ, ਹਰਮੀਤ ਸਿੰਘ, ਕੁਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਹਰਦੀਪ ਸਿੰਘ (ਸਾਰੇ ਵਾਸੀ ਪਿੰਡ ਮਟੌਰ) ਦੇ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਅਤੇ ਸਰਕਾਰੀ ਕਾਰਵਾਈ ਵਿੱਚ ਵਿਘਨ ਪਾਉਣ ਵਾਲਿਆਂ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ।
ਇਸ ਸਬੰਧੀ ਨਗਰ ਨਿਗਮ ਵੱਲੋਂ ਥਾਣੇ ਵਿੱਚ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਬੀਤੀ 3 ਸਤੰਬਰ ਨੂੰ ਨਿਗਮ ਟੀਮ ਸੈਕਟਰ-71 ਵਿੱਚ ਪਸ਼ੂਆਂ ਨੂੰ ਫੜਨ ਗਈ ਸੀ। ਇਸ ਦੌਰਾਨ ਉੱਥੇ ਪਸ਼ੂ ਪਾਲਕ ਵੀ ਪਹੁੰਚ ਗਏ। ਜਿਨ੍ਹਾਂ ਨੇ ਝਗੜਾ ਕਰਦਿਆਂ ਕਰਮਚਾਰੀਆਂ ਤੋਂ ਰੱਸੇ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨਾਲ ਹੱਥੋਪਾਈ ਕੀਤੀ ਗਈ। ਲੇਕਿਨ ਕੁੱਝ ਪਿੰਡ ਵਾਸੀਆਂ ਦੇ ਮੌਕੇ ’ਤੇ ਪਹੁੰਚਣ ਕਾਰਨ ਬਚਾਅ ਹੋ ਗਿਆ। ਹਾਲਾਂਕਿ ਲੋਕਾਂ ਦੀ ਸ਼ਿਕਾਇਤ ’ਤੇ ਮੌਕੇ ’ਤੇ ਪਹੁੰਚੇ ਪੁਲੀਸ ਕਰਮਚਾਰੀ ਕੁੱਝ ਪਸ਼ੂ ਪਾਲਕਾਂ ਨੂੰ ਥਾਣੇ ਲੈ ਗਏ ਸੀ ਪ੍ਰੰਤੂ ਬਾਅਦ ਵਿੱਚ ਸਿਆਸੀ ਆਗੂਆਂ ਨੇ ਉਨ੍ਹਾਂ ਨੂੰ ਛੁਡਾ ਲਿਆ ਸੀ।
ਸਾਬਕਾ ਕੌਂਸਲਰ ਅਮਰੀਕ ਸਿੰਘ ਸੋਮਲ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਅੱਜ ਦੁਬਾਰਾ ਕਾਰਵਾਈ ਕਰਦਿਆਂ ਸੈਕਟਰ-71 ’ਚੋਂ ਪੰਜ ਹੋਰ ਪਸ਼ੂਆਂ ਨੂੰ ਫੜ ਕੇ ਗਊਸ਼ਾਲਾ ਵਿੱਚ ਛੱਡਿਆ ਗਿਆ ਹੈ।
ਉਧਰ, ਭਾਜਪਾ ਦੇ ਸਾਬਕਾ ਕੌਂਸਲਰ ਬੌਬੀ ਕੰਬੋਜ ਨੇ ਮੰਗ ਕੀਤੀ ਕਿ ਜਿਵੇਂ ਮਟੌਰ ਦੇ ਪਸ਼ੂ ਪਾਲਕਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਓਵੇਂ ਪਿੰਡ ਕੁੰਭੜਾ ਦੇ ਪਸ਼ੂ ਪਾਲਕਾਂ ਦੇ ਖ਼ਿਲਾਫ਼ ਵੀ ਪੁਲੀਸ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੁੰਭੜਾ ਦੇ 12 ਵਿਅਕਤੀਆਂ ਵੱਲੋਂ 200 ਤੋਂ ਵੱਧ ਪਾਲਤੂ ਪਸ਼ੂ ਰੱਖੇ ਹੋਏ ਹਨ। ਜੋ ਦੁੱਧ ਚੁਆਈ ਤੋਂ ਬਾਅਦ ਆਪਣੇ ਪਸ਼ੂਆਂ ਨੂੰ ਸੈਕਟਰ-68 ਦੇ ਖਾਲੀ ਪਲਾਟਾਂ ਵਿੱਚ ਖੁੱਲ੍ਹਾ ਛੱਡ ਦਿੰਦੇ ਹਨ। ਜਿਸ ਕਾਰਨ ਪਾਲਤੂ ਪਸ਼ੂ ਰਿਹਾਇਸ਼ੀ ਖੇਤਰ ਵਿੱਚ ਗੰਦਗੀ ਫੈਲਾਉਂਦੇ ਹਨ। ਇਸ ਸਬੰਧੀ ਕਈ ਵਾਰ ਲਿਖਤੀ ਸ਼ਿਕਾਇਤਾਂ ਅਤੇ ਧਰਨੇ ਵੀ ਦਿੱਤੇ ਜਾ ਚੁੱਕੇ ਹਨ ਪ੍ਰੰਤੂ ਸਿਆਸੀ ਪਹੁੰਚ ਹੋਦ ਕਾਰਨ ਸਬੰਧਤ ਪਸ਼ੂ ਪਾਲਕਾਂ ਖ਼ਿਲਾਫ਼ ਹੁਣ ਤੱਕ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿਹਤ ਮੰਤਰੀ ਪਸ਼ੂਆਂ ਦੀ ਸਮੱਸਿਆ ਨੂੰ ਲੈ ਕੇ ਗੰਭੀਰ ਹਨ ਤਾਂ ਕੁੰਭੜਾ ਦੇ ਪਸ਼ੂਆਂ ਨੂੰ ਗਊਸ਼ਾਲਾ ਵਿੱਚ ਭੇਜਣ ਅਤੇ ਪਸ਼ੂ ਪਾਲਕਾਂ ਦੇ ਖ਼ਿਲਾਫ਼ ਕਾਰਵਾਉਣ।