
ਨੌਕਰੀ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਮਾਰਨ ਵਾਲੇ ਕੰਪਨੀ ਮਾਲਕ ਤੇ ਮੈਨੇਜਰ ਖ਼ਿਲਾਫ਼ ਕੇਸ ਦਰਜ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜਨਵਰੀ:
ਮੁਹਾਲੀ ਪੁਲੀਸ ਨੇ ਭੋਲੇ ਭਾਲੇ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਠੱਗਾਂ ਖ਼ਿਲਾਫ਼ ਵਿੱਢੀ ਮੁਹਿੰਮ ਦੇ ਤਹਿਤ ਇਕ ਪ੍ਰਾਈਵੇਟ ਕੰਪਨੀ ਦੇ ਮਾਲਕ ਨਿਤਿਨ ਕੁਮਾਰ ਅਤੇ ਮੈਨੇਜਰ ਹਰਵਿੰਦਰ ਸਿੰਘ ਦੇ ਖ਼ਿਲਾਫ਼ ਇੱਥੋਂ ਦੇ ਮਟੌਰ ਥਾਣੇ ਵਿੱਚ ਧਾਰਾ 406,420,465,467,468,471 ਅਤੇ 120ਬੀ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਨਾਮਜ਼ਦ ਮੈਨੇਜਰ ਹਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦੋਂਕਿ ਕੰਪਨੀ ਪ੍ਰਬੰਧਕ ਹਾਲੇ ਫਰਾਰ ਦੱਸਿਆ ਜਾ ਰਿਹਾ ਹੈ।
ਮੁਹਾਲੀ ਦੇ ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਠੱਗੀ ਦਾ ਸ਼ਿਕਾਰ ਹੋਈ ਦੀਕਸ਼ਾ ਪੁੱਤਰੀ ਜਗਦੀਪ ਲਾਲ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ। ਪੀੜਤ ਲੜਕੀ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਉਸ ਨੇ ਨੌਕਰੀ ਲਈ ਆਪਣਾ ਰੀਜਊਮ ਨੌਕਰੀ ਡਾਟ ਕਾਮ ’ਤੇ ਪਾਇਆ ਸੀ। ਜਿਸ ਨੂੰ ਵੈਫ਼ਟ ਟੈਕਨਾਲੋਜੀ ਕੰਪਨੀ ਦੇ ਦਫ਼ਤਰ ਤੋਂ ਬੀਤੀ 5 ਦਸੰਬਰ 2020 ਨੂੰ ਫੋਨ ਆਇਆ ਅਤੇ ਉਸ ਨੂੰ 7 ਦਸੰਬਰ ਨੂੰ ਨੌਕਰੀ ਸਬੰਧੀ ਇੰਟਰਵਿਊ ਲਈ ਸੈਕਟਰ-70 ਵਿੱਚ ਸੱਦਿਆ ਗਿਆ। ਜਿੱਥੇ ਉਸ ਕੋਲੋਂ 4500 ਰੁਪਏ ਨਕਦ ਅਤੇ 10 ਹਜ਼ਾਰ ਰੁਪਏ ਆਪਣੇ ਬੈਂਕ ਖਾਤੇ ਵਿੱਚ ਟਰਾਂਸਫ਼ਰ ਕਰਵਾਏ ਗਏ ਪ੍ਰੰਤੂ ਬਾਅਦ ਵਿੱਚ ਪੀੜਤ ਨੂੰ ਕਿਤੇ ਵੀ ਨੌਕਰੀ ’ਤੇ ਨਹੀਂ ਲਗਵਾਇਆ ਗਿਆ ਅਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ, ਸਗੋਂ 8 ਹਜ਼ਾਰ ਰੁਪਏ ਹੋਰ ਦੇਣ ਲਈ ਜ਼ੋਰ ਪਾਇਆ ਗਿਆ।
ਐਸਐਸਪੀ ਨੇ ਦੱਸਿਆ ਕਿ ਪੀੜਤ ਲੜਕੀ ਦੀ ਸ਼ਿਕਾਇਤ ਦੀ ਡੀਐਸਪੀ (ਅਪਰੇਸ਼ਨ) ਪਾਲ ਸਿੰਘ ਦੀ ਨਿਗਰਾਨੀ ਹੇਠ ਜ਼ਿਲ੍ਹਾ ਪੁਲੀਸ ਦੇ ਈਓ ਵਿੰਗ ਦੇ ਇੰਚਾਰਜ ਇੰਸਪੈਕਟਰ ਅਮਰਦੀਪ ਸਿੰਘ ਨੇ ਡੂੰਘਾਈ ਨਾਲ ਜਾਂਚ ਕੀਤੀ ਗਈ। ਮੁੱਢਲੀ ਜਾਂਚ ਵਿੱਚ ਵੈਫ਼ਟ ਟੈਕਨਾਲੋਜੀ ਕੰਪਨੀ ਦੇ ਮਾਲਕ ਨਿਤਿਨ ਕੁਮਾਰ ਵਾਸੀ ਪਹੇਵਾ (ਹਰਿਆਣਾ) ਅਤੇ ਮੈਨੇਜਰ ਹਰਵਿੰਦਰ ਸਿੰਘ ਵਾਸੀ ਪਿੰਡ ਅਲੂਣਾ (ਲੁਧਿਆਣਾ) ਨੂੰ ਕਸੂਰਵਾਰ ਪਾਇਆ ਗਿਆ। ਇਹ ਦੋਵੇਂ ਆਪਸ ਵਿੱਚ ਮਿਲੀਭੁਗਤ ਕਰਕੇ ਭੋਲੇ-ਭਾਲੇ ਨੌਜਵਾਨ ਲੜਕੇ ਲੜਕੀਆਂ ਦਾ ਨੌਕਰੀ ਡਾਟ ਕਾਮ ਅਤੇ ਅਜਿਹੀਆਂ ਹੋਰ ਐਪਸ ਤੋਂ ਰੀਜਊਮ ਹਾਸਲ ਕਰਕੇ ਉਨ੍ਹਾਂ ਦੇ ਮੋਬਾਈਲ ਨੰਬਰਾਂ ’ਤੇ ਸੰਪਰਕ ਕਰਕੇ ਨੌਕਰੀ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀਆਂ ਠੱਗੀਆਂ ਮਾਰਦੇ ਹਨ।