nabaz-e-punjab.com

ਮੈਂਬਰਾਂ ਨਾਲ ਧੋਖਾਧੜੀ ਕਰਨ ਦੇ ਦੋਸ਼ ਹੇਠ ਸੁਸਾਇਟੀ ਦੇ ਪ੍ਰਧਾਨ ਅਤੇ ਠੇਕੇਦਾਰ ਵਿਰੁੱਧ ਮਾਮਲਾ ਦਰਜ

ਸੁਸਾਇਟੀ ਦੇ ਪ੍ਰਬੰਧਕਾਂ ਨੇ ਦੋਸ਼ ਨਕਾਰੇ, ਸ਼ਿਕਾਇਤਕਰਤਾ ਤੇ ਨਿੱਜੀ ਫਾਇਦੇ ਲਈ ਦਬਾਉ ਬਣਾਉਣ ਦਾ ਇਲਜਾਮ ਲਗਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜਨਵਰੀ:
ਮੁਹਾਲੀ ਪੁਲੀਸ ਨੇ ਸਾਹਿਬਜਾਦਾ ਸਹਿਕਾਰੀ ਮਕਾਨ ਉਸਾਰੀ ਸਭਾ ਲਿਮਟਿਡ ਦੀ ਟੈਂਡਰ ਸਬ ਕਮੇਟੀ ਦੇ ਮੈਂਬਰਾਂ ਜਗਜੋਤ ਸਿੰਘ ਚਹਿਲ ਅਤੇ ਮਨਜੀਤ ਸਿੰਘ ਦੀ ਸ਼ਿਕਾਇਤ ਤੇ ਸਭਾ ਦੇ ਪ੍ਰਧਾਨ ਦਲਬੀਰ ਸਿੰਘ ਅਤੇ ਠੇਕੇਦਾਰ ਇੰਦਰਜੀਤ ਸਿੰਘ ਵਾਲੀਆ ਦੇ ਖਿਲਾਫ ਆਈ ਪੀ ਸੀ ਦੀ ਧਾਰਾ 406, 420 ਅਤੇ 120ਬੀ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਸ਼ਿਕਾਇਤਕਰਤਾ ਜਗਜੋਤ ਸਿੰਘ ਚਾਹਲ ਨੇ ਅੱਜ ਇੱਥੇ ਦੱਸਿਆ ਕਿ ਉਹਨਾਂ ਵਲੋੱ ਇਸ ਸੰਬੰਧੀ ਬੀਤੀ ਜੁਲਾਈ ਮਹੀਨੇ ਵਿੱਚ ਐਸ ਐਸ ਪੀ ਮੁਹਾਲੀ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਸਭਾ ਦੇ ਪ੍ਰਧਾਨ ਦਲਬੀਰ ਸਿੰਘ ਵੱਲੋਂ ਆਪਣੇ ਜੀਜੇ ਇੰਦਰਜੀਤ ਸਿੰਘ ਵਾਲੀਆ ਦੇ ਨਾਲ ਰਲ ਕੇ ਸਭਾ ਦੇ ਮੈਂਬਰਾਂ ਦੇ ਹਿੱਤਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ।
ਉਹਨਾਂ ਐਸਐਸਪੀ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਵਲੋੱ ਨਿਯਮਾਂ ਦੀ ਉਲੰਘਣਾ ਕਰਕੇ ਮੈਂਬਰਾਂ ਦੇ ਆਰਥਿਕ ਹਿੱਤਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਉਹਨਾਂ ਦੱਸਿਆ ਕਿ ਸੁਸਾਇਟੀ ਦੇ ਆਮ ਇਜਲਾਸ (ਜੋ 29-11-2016 ਨੂੰ ਹੋਇਆ ਸੀ) ਵਿੱਚ ਫਲੈਟਾਂ ਦੀ ਉਸਾਰੀ ਵਾਸਤੇ ਟੈਂਡਰ ਖੋਲ੍ਹਣ ਅਤੇ ਪਾਸ ਕਰਨ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਸੀ ਜਿਸ ਵਿੱਚ ਉਹ ਦੋਵੇ ਮੈਂਬਰ ਸੀ ਅਤੇ ਉਹਨਾਂ ਨੂੰ ਇੰਦਰਜੀਤ ਸਿੰਘ ਕੰਟਰੈਕਟਰ ਅਤੇ ਪ੍ਰਮੋਟਰ ਲਿਮ ਦਾ 40 ਕਰੋੜ 7 ਲੱਖ 75 ਹਜ਼ਾਰ 931 ਰੁਪਏ ਦਾ ਟੈਂਡਰ ਜਾਂਚ ਲਈ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਜਾਂਚ ਵਿੱਚ ਉਹਨਾਂ ਪਾਇਆ ਕਿ ਟੈਂਡਰ ਅਧੂਰਾ ਸੀ ਜਿਸ ਵਿੱਚ ਬਿਜਲੀ, ਲਿਫਟਾਂ, ਗੈਸ ਪਾਈਪ, ਸਕਿਊਰਟੀ ਗੇਟ, ਫਾਇਰ ਫਾਈਟਿੰਗ ਸਿਸਟਮ ਨਹੀਂ ਸਨ ਅਤੇ ਰੇਟ ਵੀ ਮਾਰਕੀਟ ਰੇਟ ਤੋੱ ਵੱਧ ਸੀ ਜਿਸ ਕਰਕੇ ਉਹਨਾਂ ਵੱਲੋਂ ਇਹ ਟੈਂਡਰ ਰੱਦ ਕਰ ਦਿੱਤੇ ਗਏ ਸਨ ਪ੍ਰੰਤੂ ਉਹਨਾਂ ਦੀ ਰਿਪੋਰਟ ਤੇ ਕਾਰਵਾਈ ਕਰਨ ਦੀ ਥਾਂ ਪ੍ਰਬੰਧਕ ਕਮੇਟੀ ਨੇ ਉਲਟਾ ਉਹਨਾਂ ਦੀ ਕਮੇਟੀ ਨੂੰ ਭੰਗ ਕਰਕੇ ਇੰਦਰਜੀਤ ਸਿੰਘ ਕੰਟਰੈਕਟਰ ਐੱਡ ਪ੍ਰਮੋਟਰ ਨੂੰ ਇਹ ਟੈਂਡਰ ਅਲਾਟ ਕਰ ਦਿੱਤੇ।
ਉਹਨਾਂ ਇਹ ਵੀ ਇਲਜਾਮ ਲਗਾਇਆ ਕਿ ਗਮਾਡਾ ਵੱਲੋਂ ਸੁਸਾਇਟੀ ਨੂੰ ਫਲੈਟਾਂ ਦੀ ਉਸਾਰੀ ਵਾਸਤੇ ਜਿਹੜੀ ਜਮੀਨ ਅਲਾਟ ਕੀਤੀ ਗਈ ਸੀ ਉਸਦੀ ਕੀਮਤ 12 ਕਰੋੜ 76 ਲੱਖ (ਵਿਆਜ ਸਮੇਤ) ਵਸੂਲੀ ਗਈ ਜੋ ਕਿ ਪ੍ਰਤੀ ਮੈਂਬਰ 12 ਲੱਖ 51 ਹਜਾਰ ਬਣਦੀ ਸੀ ਪ੍ਰੰਤੂ ਸੁਸਾਇਟੀ ਦੇ ਪ੍ਰਬੰਧਕਾਂ ਵੱਲੋਂ ਪ੍ਰਤੀ ਮੈਂਬਰ 15 ਲੱਖ 14 ਹਜ਼ਾਰ 160 ਵਸੂਲੇ ਗਏ ਸਨ। ਉਹਨਾਂ ਦੱਸਿਆ ਕਿ ਇਸ ਉਪਰੰਤ ਸੁਸਾਇਟੀ ਦੇ ਪ੍ਰਧਾਨ ਵੱਲੋਂ ਉਹਨਾਂ ਦੇ ਖਿਲਾਫ ਪੁਲੀਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਜਿਸਦੀ ਜਾਂਚ ਡੀਐਸਪੀ ਸਿਟੀ-1 ਵੱਲੋਂ ਕੀਤੀ ਗਈ ਅਤੇ ਇਸ ਸ਼ਿਕਾਇਤ ਨੂੰ ਆਧਾਰਹੀਨ ਮੰਨਦਿਆਂ ਦਾਖਿਲ ਦਫਤਰ ਕਰ ਦਿੱਤਾ ਗਿਆ ਜਿਸਤੋੱ ਬਾਅਦ ਉਹਨਾਂ ਵੱਲੋਂ ਸੁਸਾਇਟੀ ਦੇ ਪ੍ਰਧਾਨ ਅਤੇ ਕੰਟਰੈਕਟਰ ਦੇ ਖਿਲਾਫ ਸ਼ਿਕਾਇਤ ਕੀਤੀ ਗਈ ਸੀ ਜਿਸ ਦੇ ਆਧਾਰ ਤੇ ਹੁਣ ਇਹ ਮਾਮਲਾ ਦਰਜ ਕੀਤਾ ਗਿਆ ਹੈ।
ਉਧਰ, ਇਸ ਸੰਬੰਧੀ ਸੰਪਰਕ ਕਰਨ ’ਤੇ ਸੁਸਾਇਟੀ ਦੇ ਪ੍ਰਧਾਨ ਦਲਬੀਰ ਸਿੰਘ ਅਤੇ ਕੰਟਰੈਕਟਰ ਇੰਦਰਜੀਤ ਸਿੰਘ ਦੀ ਪਤਨੀ ਨੇ ਕਿਹਾ ਕਿ ਸੁਸਾਇਟੀ ਦੇ ਇਹਨਾਂ ਮੈਂਬਰਾਂ ਵੱਲੋਂ ਲਗਾਏ ਗਏ ਸਾਰੇ ਇਲਜਾਮ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਮਨਘੜਤ ਹਨ। ਉਹਨਾਂ ਕਿਹਾ ਕਿ ਇਹਨਾਂ ਮੈਂਬਰਾਂ ਵੱਲੋਂ ਉਹਨਾਂ ਉੱਪਰ ਨਿੱਜੀ ਫਾਇਦੇ ਹਾਸਲ ਕਰਨ ਲਈ ਗਲਤ ਕੰਮ ਕਰਨ ਦਾ ਦਬਾਓ ਬਣਾਇਆ ਗਿਆ ਸੀ। ਜਿਸ ਤੋਂ ਉਹਨਾਂ ਨੇ ਇਨਕਾਰ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਸੁਸਾਇਟੀ ਵੱਲੋਂ ਸਾਰੀ ਕਾਰਵਾਈ ਨਿਯਮਾਂ ਤਹਿਤ ਟੈਂਡਰ ਪਾਸ ਕੀਤੇ ਗਏ ਸਨ ਅਤੇ ਇਹ ਦੋਵੇਂ (ਸ਼ਿਕਾਇਤਕਰਤਾ) ਵੀ ਟੈਂਡਰ ਕਮੇਟੀ ਦੇ ਮੈਂਬਰ ਸਨ ਅਤੇ ਇਹਨਾਂ ਨੇ ਹੀ ਟੈਂਡਰ ਕਾਲ ਕੀਤੇ ਸੀ। ਜਿਸ ਤੋਂ ਬਾਅਦ ਇਹਨਾਂ ਮੈਂਬਰਾਂ ਨੇ ਉਹਨਾਂ ਦੇ ਖਿਲਾਫ ਸ਼ਿਕਾਇਤ ਕੀਤੀ ਸੀ। ਉਹਨਾਂ ਕਿਹਾ ਕਿ ਸੁਸਾਇਟੀ ਵੱਲੋਂ ਕੀਤੇ ਜਾਂਦੇ ਖਰਚਿਆਂ ਦਾ ਪੂਰਾ ਹਿਸਾਬ ਰੱਖਿਆ ਜਾਂਦਾ ਹੈ ਅਤੇ ਕੋਈ ਵੀ ਮੈਂਬਰ ਜਦੋਂ ਚਾਹੇ ਪੂਰਾ ਹਿਸਾਬ ਲੈ ਸਕਦਾ ਹੈ। ਪ੍ਰਧਾਨ ਨੇ ਦੱਸਿਆ ਕਿ ਸ਼ਿਕਾਇਤਕਰਤਾਵਾਂ ਨੇ ਹੀ ਟੈਂਡਰ ਕਾਲ ਕੀਤੇ ਸੀ ਅਤੇ ਛੇ ਕੰਪਨੀਆਂ ਨੇ ਦਿਲਚਸਪੀ ਦਿਖਾਈ ਸੀ। ਜਿਨ੍ਹਾਂ ’ਚ ਸਭਾ ਦੇ ਮੁੱਢਲੇ ਮੈਂਬਰ ਤੇ ਠੇਕੇਦਾਰ ਇੰਦਰਜੀਤ ਸਿੰਘ ਦੀ ਕੰਪਨੀ ਵੀ ਸ਼ਾਮਲ ਸੀ। ਜੇਕਰ ਸਬ ਕਮੇਟੀ ਨੂੰ ਕੋਈ ਇਤਰਾਜ਼ ਸੀ ਤਾਂ ਉਹ ਤੁਰੰਤ ਅਲਾਟਮੈਂਟ ਰੱਦ ਕਰਕੇ ਨਵੇਂ ਸਿਰਿਓਂ ਟੈਂਡਰ ਕਾਲ ਕਰ ਸਕਦੇ ਸੀ ਲੇਕਿਨ ਉਹਨਾਂ ਨੇ ਅਜਿਹਾ ਨਹੀਂ ਕੀਤਾ। ਉਹਨਾਂ ਦਾਅਵਾ ਕੀਤਾ ਕਿ ਸੁਸਾਇਟੀ ਨੇ 80 ਫੀਸਦੀ ਮੈਂਬਰਾਂ ਦਾ ਪੈਸਾ ਗਮਾਡਾ ਦਫ਼ਤਰ ਵਿੱਚ ਜਮ੍ਹਾ ਕਰਵਾਇਆ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…