ਦੂਸ਼ਿਤ ਮੌਮੋਸ ਬਣਾਉਣ ਵਾਲਿਆਂ ਵਿਰੁੱਧ ਮਟੌਰ ਥਾਣੇ ’ਚ ਕੇਸ ਦਰਜ, ਅਹਾਤਾ ਸੀਲ

ਗੈਰ-ਸਿਹਤਮੰਦ ਭੋਜਨ ਨਾਲ ਮਨੁੱਖੀ ਜਾਨਾਂ ਨੂੰ ਖ਼ਤਰੇ ਵਿੱਚ ਪਾਉਣ ਵਾਲਿਆਂ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ: ਡੀਸੀ

ਅਹਾਤੇ ’ਚੋਂ ਬਰਾਮਦ ਮਾਸ ਦੇ ਟੁਕੜੇ ਦ ਜਾਂਚ ਵਿੱਚ ਜੁਟੇ ਪਸ਼ੂ ਪਾਲਣ ਵਿਭਾਗ ਦੇ ਮਾਹਰ

ਨਬਜ਼-ਏ-ਪੰਜਾਬ, ਮੁਹਾਲੀ, 19 ਮਾਰਚ:
ਮੁਹਾਲੀ ਦੇ ਪਿੰਡ ਮਟੌਰ ਵਿੱਚ ਦੂਸ਼ਿਤ ਮੌਮੋਸ ਬਣਾਉਣ ਅਤੇ ਕਥਿਤ ਜਾਨਵਰਾਂ ਦਾ ਮੀਟ ਸਪਲਾਈ ਹੋਣ ਬਾਰੇ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲੀਸ ਨੇ ਮਨੁੱਖੀ ਜਾਨਾਂ ਨਾਲ ਖਿਲਵਾੜ ਕਰਨ ਵਾਲਿਆਂ ਵਿਰੁੱਧ ਮਟੌਰ ਥਾਣੇ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਗੱਲ ਦੀ ਪੁਸ਼ਟੀ ਐੱਸਐੱਸਪੀ ਦੀਪਕ ਪਾਰਿਕ ਨੇ ਕੀਤੀ। ਪ੍ਰਸ਼ਾਸਨ ਨੇ ਸਬੰਧਤ ਅਹਾਤਾ ਸੀਲ ਕਰਕੇ ਦੂਸ਼ਿਤ ਮੌਮੋਸ ਅਤੇ ਸਬਜ਼ੀਆਂ ਨੂੰ ਨਸ਼ਟ ਕੀਤਾ ਗਿਆ ਹੈ।
ਗੈਰ-ਸਿਹਤਮੰਦ ਤੇ ਗੰਦਗੀ ਭਰੀਆਂ ਹਾਲਾਤਾਂ ਵਿੱਚ ਖਾਣ-ਪੀਣ ਦੀਆਂ ਵਸਤੂਆਂ ਬਣਾਉਣ ਦੀ ਲਾਪਰਵਾਹੀ ਨੂੰ ਗੰਭੀਰਤਾ ਨਾਲ ਲੈਂਦਿਆਂ ਮੁਹਾਲੀ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਨੇ ਸਪੱਸ਼ਟ ਕੀਤਾ ਹੈ ਕਿ ਅਜਿਹੇ ਗੈਰ-ਸਿਹਤਮੰਦ ਭੋਜਨ ਨਾਲ ਮਨੁੱਖੀ ਜਾਨਾਂ ਨੂੰ ਖ਼ਤਰੇ ਵਿੱਚ ਪਾਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਫੂਡ ਸੇਫ਼ਟੀ, ਸਿਹਤ ਅਤੇ ਨਗਰ ਨਿਗਮ ਦੀਆਂ ਟੀਮਾਂ ਵੱਲੋਂ ਪਿਛਲੇ ਦਿਨੀਂ ਮਟੌਰ ਖੇਤਰ ਵਿੱਚ ਇੱਕ ਅਹਾਤੇ ’ਤੇ ਛਾਪੇਮਾਰੀ ਕਰਕੇ ਵੱਖ-ਵੱਖ ਖਾਣ-ਪੀਣ ਵਾਲੀਆਂ ਵਸਤਾਂ ਸਮੇਤ ਸਬਜ਼ੀਆਂ ਅਤੇ ਹੋਰਨਾਂ ਚੀਜ਼ਾਂ ਦੇ ਸੈਂਪਲ ਲਏ ਗਏ ਹਨ। ਉਨ੍ਹਾਂ ਨੇ ਸਪੱਸ਼ਟ ਤੌਰ ’ਤੇ ਆਖਿਆ ਕਿ ਰਸੋਈ ’ਚੋਂ ਬਰਾਮਦ ਹੋਏ ਮਾਸ ਦੇ ਟੁਕੜੇ, ਜਿਸ ਨੂੰ ਕੁੱਤੇ ਦੇ ਮੀਟ ਵਜੋਂ ਗਲਤ ਢੰਗ ਨਾਲ ਪ੍ਰਚਾਰਿਆ ਗਿਆ ਹੈ, ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ ਅਤੇ ਪਸ਼ੂ ਪਾਲਣ ਮਾਹਰਾਂ ਵੱਲੋਂ ਇਸ ਬਾਰੇ ਜਲਦੀ ਸਪੱਸ਼ਟ ਕਰ ਦਿੱਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਸ਼ੂ ਪਾਲਣ ਮਾਹਰਾਂ ਵੱਲੋਂ ਸਿੱਟੇ ’ਤੇ ਪਹੁੰਚਣ ਤੋਂ ਪਹਿਲਾਂ ਮਾਸ ਦੇ ਟੁਕੜੇ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ’ਤੇ ਭਰੋਸਾ ਨਾ ਕੀਤਾ ਜਾਵੇ।
ਡੀਸੀ ਕੋਮਲ ਮਿੱਤਲ ਨੇ ਕਿਹਾ ਕਿ ਮਨੁੱਖੀ ਜਾਨਾਂ ਨਾਲ ਖੇਡਣ ਵਾਲੇ ਮੁਲਜ਼ਮਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਨੇ ਐੱਸਐੱਸਪੀ ਨੂੰ ਵੀ ਮੁਲਜ਼ਮਾਂ ਖ਼ਿਲਾਫ਼ ਫ਼ੌਰੀ ਸਖ਼ਤ ਕਾਨੂੰਨੀ ਕਾਰਵਾਈ ਅਤੇ ਡੂੰਘਾਈ ਨਾਲ ਜਾਂਚ ਸ਼ੁਰੂ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਸਿਹਤ, ਫੂਡ ਸੇਫ਼ਟੀ ਅਤੇ ਨਗਰ ਨਿਗਮ ਦੀਆਂ ਟੀਮਾਂ ਨੂੰ ਹਦਾਇਤ ਕੀਤੀ ਕਿ ਉਹ ਮੁਹਾਲੀ ਵਿੱਚ ਫਾਸਟ ਫੂਡ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਵੇਚਣ ਵਾਲੇ ਸਾਰੇ ਵਿਕਰੇਤਾਵਾਂ ਦਾ ਨਿਰੀਖਣ ਕਰਨ ਤਾਂ ਜੋ ਸਫ਼ਾਈ ਅਤੇ ਸ਼ੁੱਧਤਾ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਫੂਡ ਸੇਫ਼ਟੀ ਟੀਮਾਂ ਨੂੰ ਅਜਿਹੇ ਵਿਕਰੇਤਾਵਾਂ ਦੇ ਫੂਡ ਸੇਫ਼ਟੀ ਲਾਇਸੈਂਸਾਂ ਦੀ ਜਾਂਚ ਅਤੇ ਕਿਸੇ ਵੀ ਅਣਗਹਿਲੀ ਦੀ ਸੂਰਤ ਵਿੱਚ ਭਾਰੀ ਰਾਸ਼ੀ ਦੇ ਚਲਾਨ ਕਰਨ ਦੇ ਨਿਰਦੇਸ਼ ਦਿੱਤੇ ਹਨ। ਡੀਸੀ ਨੇ ਮੁਹਾਲੀ ਨਿਗਮ ਦੇ ਕਮਿਸ਼ਨਰ ਪਰਮਿੰਦਰ ਪਾਲ ਸਿੰਘ ਨੂੰ ਅਣ-ਅਧਿਕਾਰਤ ਖਾਣ-ਪੀਣ ਦੀਆਂ ਰੇਹੜੀਆਂ/ਸਟਾਲਾਂ ਦੀ ਚੈਕਿੰਗ ਕਰਨ ਦੇ ਨਾਲ-ਨਾਲ ਅਣ-ਅਧਿਕਾਰਤ ਤੌਰ ’ਤੇ ਮੀਟ ਕੱਟਣ, ਸਪਲਾਈ ਰੋਕਣ ਅਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ।
ਜ਼ਿਲ੍ਹਾ ਸਿਹਤ ਅਫ਼ਸਰ ਡਾ. ਅੰਮ੍ਰਿਤ ਵੜਿੰਗ ਨੇ ਦੱਸਿਆ ਕਿ ਉਕਤ ਥਾਂ ਤੋਂ ਕਰੀਬ ਛੇ ਸੈਂਪਲ ਲਏ ਹਨ ਅਤੇ ਫੂਡ ਸੇਫ਼ਟੀ ਐਂਡ ਸਟੈਂਡਰਡ ਐਕਟ ਦੀ ਧਾਰਾ 63 ਦੀ ਉਲੰਘਣਾ ਕਰਨ ਦੇ ਚਲਾਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਖਾਣ-ਪੀਣ ਦੀਆਂ ਵਸਤੂਆਂ ਬਣਾਉਣ ਅਤੇ ਵੇਚਣ ਵਿੱਚ ਸਵੱਛਤਾ ਅਤੇ ਸ਼ੁੱਧਤਾ ਨੂੰ ਬਰਕਰਾਰ ਰੱਖਣ ਲਈ ਵਿਆਪਕ ਮੁਹਿੰਮ ਵਿੱਢੀ ਜਾਵੇਗੀ। ਅਜਿਹੀ ਅਣਗਹਿਲੀ ਵਿਰੁੱਧ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ਲਾਗੂ ਕੀਤੀ ਜਾਵੇਗੀ ਅਤੇ ਜ਼ਿੰਮੇਵਾਰ ਵਿਅਕਤੀਆਂ ਨੂੰ ਸਲਾਖ਼ਾਂ ਪਿੱਛੇ ਭੇਜਿਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਰਾਜ ਖ਼ੁਰਾਕ ਕਮਿਸ਼ਨ ਦੇ ਮੈਂਬਰ ਵੱਲੋਂ ਮੁਹਾਲੀ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦਾ ਨਿਰੀਖਣ

ਪੰਜਾਬ ਰਾਜ ਖ਼ੁਰਾਕ ਕਮਿਸ਼ਨ ਦੇ ਮੈਂਬਰ ਵੱਲੋਂ ਮੁਹਾਲੀ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦਾ ਨਿਰੀਖਣ ਮਿਡ-ਡੇਅ-ਮੀਲ…