Nabaz-e-punjab.com

ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਖ਼ਿਲਾਫ਼ ਮੁਹਾਲੀ ’ਚ ਕੇਸ ਦਰਜ

29 ਸਾਲ ਪਹਿਲਾਂ ਸਾਬਕਾ ਆਈਏਐਸ ਅਫ਼ਸਰ ਦੇ ਪੁੱਤ ਨੂੰ ਘਰੋਂ ਚੁੱਕ ਕੇ ਮੌਤ ਦੇ ਘਾਟ ਉਤਾਰਨ ਦਾ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਮਈ:
ਪੰਜਾਬ ਪੁਲੀਸ ਦੇ ਚਰਚਿਤ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੇ ਖ਼ਿਲਾਫ਼ ਮੁਹਾਲੀ ਦੇ ਮਟੌਰ ਥਾਣੇ ਵਿੱਚ ਵੱਖ-ਵੱਖ ਧਰਾਵਾਂ ਤਹਿਤ ਫੌਜਦਾਰੀ ਕੇਸ ਦਰਜ ਕੀਤਾ ਗਿਆ ਹੈ। ਸੈਣੀ ’ਤੇ 29 ਸਾਲ ਪਹਿਲਾਂ ਮੁਹਾਲੀ ’ਚੋਂ ਸਾਬਕਾ ਆਈਏਐਸ ਅਧਿਕਾਰੀ ਦੇ ਬੇਟੇ ਅਤੇ ਸਿੱਟਕੋ ਦੇ ਜੇਈ ਬਲਵਿੰਦਰ ਸਿੰਘ ਮੁਲਤਾਨੀ ਨੂੰ 11 ਦਸੰਬਰ 1991 ਨੂੰ ਸਵੇਰੇ ਤੜਕੇ 4 ਵਜੇ ਫੇਜ਼-7 ਸਥਿਤ ਘਰੋਂ ਚੁੱਕ ਕੇ ਤਸ਼ੱਦਦ ਢਾਹੁਣ ਦਾ ਦੋਸ਼ ਹੈ। ਇਸ ਨੌਜਵਾਨ ਦੀ ਪੁਲੀਸ ਹਿਰਾਸਤ ਵਿੱਚ ਮੌਤ ਹੋ ਗਈ ਸੀ। ਉਸ ਸਮੇਂ ਸੁਮੇਧ ਸੈਣੀ ਚੰਡੀਗੜ੍ਹ ਵਿੱਚ ਐਸਐਸਪੀ ਦੇ ਅਹੁਦੇ ’ਤੇ ਤਾਇਨਾਤ ਸਨ। ਹਾਲਾਂਕਿ ਪੀੜਤ ਪਰਿਵਾਰ ਨੇ ਇਨਸਾਫ਼ ਪ੍ਰਾਪਤੀ ਲਈ ਵੱਡੇ ਪੱਧਰ ’ਤੇ ਕਾਨੂੰਨੀ ਚਾਰਾਜੋਈ ਕੀਤੀ ਗਈ ਸੀ ਲੇਕਿਨ ਉਦੋਂ ਸੈਣੀ ਦੇ ਰੁਤਬੇ ਅੱਗੇ ਉਨ੍ਹਾਂ ਦੀ ਕੋਈ ਵਾਹ ਨਹੀਂ ਚਲੀ। ਸੈਣੀ ਸ਼ੁਰੂ ਤੋਂ ਹੀ ਵਿਵਾਦਾਂ ਵਿੱਚ ਘਿਰੇ ਰਹੇ ਹਨ। ਪਿਛਲੀ ਅਕਾਲੀ ਸਰਕਾਰ ਵੇਲੇ ਉਨ੍ਹਾਂ ਨੂੰ ਸੂਬੇ ਦਾ ਡੀਜੀਪੀ ਲਗਾਉਣ ਦੇ ਮੁੱਦੇ ’ਤੇ ਸਿੱਖ ਜਥੇਬੰਦੀਆਂ ਨੇ ਕਾਫੀ ਬੁਰਾ ਮਨਾਇਆ ਸੀ।
ਪਿਛਲੇ ਜਿਹੇ ਸੈਣੀ ਦੇ ਸੇਵਾਮੁਕਤ ਹੋਣ ਤੋਂ ਬਾਅਦ ਪੀੜਤ ਪਰਿਵਾਰ ਨੇ ਹਿੰਮਤ ਕਰਕੇ ਮੁੜ ਤੋਂ ਸੈਣੀ ਖ਼ਿਲਾਫ਼ ਸ਼ਿਕਾਇਤ ਦੇ ਕੇ ਇਨਸਾਫ਼ ਦੀ ਗੁਹਾਰ ਲਗਾਈ। ਇਸ ਤਰ੍ਹਾਂ ਲੰਘੀ ਰਾਤ ਮੁਹਾਲੀ ਦੇ ਮਟੌਰ ਥਾਣੇ ਵਿੱਚ ਸਾਬਕਾ ਡੀਜੀਪੀ ਸੈਣੀ ਸਮੇਤ ਅੱਠ ਹੋਰਨਾਂ ਖ਼ਿਲਾਫ਼ ਧਾਰਾ 364, 201, 344, 330, 219 ਅਤੇ 120ਬੀ ਦੇ ਤਹਿਤ ਕੇਸ ਦਰਜ ਕੀਤਾ ਗਿਆ। ਇਹ ਕਾਰਵਾਈ ਮ੍ਰਿਤਕ ਨੌਜਵਾਨ ਦੇ ਭਰਾ ਪਲਵਿੰਦਰ ਸਿੰਘ ਮੁਲਤਾਨੀ ਦੀ ਸ਼ਿਕਾਇਤ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ। ਇਸ ਮਾਮਲੇ ਵਿੱਚ ਸੈਣੀ ਤੋਂ ਇਲਾਵਾ ਐਸਪੀ ਬਲਦੇਵ ਸਿੰਘ ਸੈਣੀ, ਸਤਵੀਰ ਸਿੰਘ, ਹਰ ਸਹਾਏ, ਜਗੀਰ ਸਿੰਘ ਅਤੇ ਅਨੂਪ ਸਿੰਘ (ਸਾਰੇ ਸਬ ਇੰਸਪੈਕਟਰ) ਅਤੇ ਏਐਸਆਈ ਥਾਣੇਦਾਰ ਕੁਲਦੀਪ ਸਿੰਘ ਅਤੇ ਇਕ ਅਣਪਛਾਤੇ ਵਿਅਕਤੀ ਦਾ ਨਾਮ ਸ਼ਾਮਲ ਹੈ। ਹਾਲਾਂਕਿ ਸੈਣੀ ਤੇ ਹੋਰਨਾਂ ਖ਼ਿਲਾਫ਼ ਕੇਸ ਦਰਜ ਹੋਣ ਦੀ ਐਫ਼ਆਈਆਰ ਦੀ ਕਾਪੀ ਮੀਡੀਆ ਕੋ ਪਹੁੰਚ ਗਈ ਹੈ ਪ੍ਰੰਤੂ ਕੋਈ ਵੀ ਵੱਡਾ ਜਾਂ ਛੋਟਾ ਅਧਿਕਾਰੀ ਆਪਣਾ ਮੂੰਹ ਖੋਲ੍ਹਣ ਲਈ ਤਿਆਰ ਹੈ।
ਇਸ ਸਬੰਧੀ ਪਲਵਿੰਦਰ ਸਿੰਘ ਮੁਲਤਾਨੀ ਨੇ ਐਸਐਸਪੀ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਭਰਾ ਬਲਵੰਤ ਸਿੰਘ ਮੁਲਤਾਨੀ ਨੂੰ ਘਰੋਂ ਅਗਵਾ ਕਰਨ ਅਤੇ ਅਣਮਨੁੱਖੀ ਤਸੀਹੇ ਦੇਣ ਦੇ ਮਾਮਲੇ ਵਿੱਚ ਉਕਤ ਵਿਅਕਤੀਆਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸ਼ਿਕਾਇਤਕਰਤਾ ਅਨੁਸਾਰ 11 ਦਸੰਬਰ 1991 ਨੂੰ ਸੈਣੀ ਦੇ ਹੁਕਮਾਂ ਉਸ ਦੇ ਡੀਐਸਪੀ ਬਲਦੇਵ ਸਿੰਘ ਸੈਣੀ ਦੀ ਅਗਵਾਈ ਵਾਲੀ ਟੀਮ ਨੇ ਉਸ ਦੇ ਭਰਾ ਬਲਵੰਤ ਸਿੰਘ ਮੁਲਤਾਨੀ ਨੂੰ ਘਰੋਂ ਜਬਰੀ ਚੁੱਕ ਕੇ ਸੈਕਟਰ-17 ਦੇ ਥਾਣੇ ਲੈ ਗਈ। ਚੰਡੀਗੜ੍ਹ ਪੁਲੀਸ ਮੁਲਤਾਨੀ ਤੋਂ ਵਾਰ ਵਾਰ ਇਹ ਪੁੱਛ ਰਹੀ ਸੀ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੇ ਟਿਕਾਣੇ ਬਾਰੇ ਦੱਸਿਆ ਜਾਵੇ। ਪ੍ਰੋ. ਭੁੱਲਰ ਮੁਲਤਾਨੀ ਦਾ ਨਜ਼ਦੀਕੀ ਰਿਸ਼ਤੇਦਾਰ ਸੀ। ਇਸ ਮਗਰੋਂ ਪੁਲੀਸ ਨੇ ਉਸ ਦੇ ਭਰਾ ਨੂੰ ਇੱਥੋਂ ਦੇ ਫੇਜ਼-10 ਸਥਿਤ ਹਾਊਸਫੈੱਡ ਕੰਪਲੈਕਸ ਵਿੱਚ ਛਾਪੇਮਾਰੀ ਕੀਤੀ ਗਈ। ਜਿੱਥੋਂ ਦੋ ਹੋਰ ਵਿਅਕਤੀਆਂ ਪਿਤਾ-ਪੁੱਤ ਨੂੰ ਹਿਰਾਸਤ ਵਿੱਚ ਲੈ ਲਿਆ। ਇਨ੍ਹਾਂ ਸਾਰਿਆਂ ’ਤੇ ਅੰਨ੍ਹੇਵਾਹ ਅਣਮਨੁੱਖੀ ਤਸ਼ੱਦਦ ਢਾਹਿਆ ਗਿਆ ਸੀ ਅਤੇ ਮੁਲਤਾਨੀ ਦੀ ਪੁਲੀਸ ਹਿਰਾਸਤ ਵਿੱਚ ਮੌਤ ਹੋ ਗਈ। ਜਦੋਂ ਪਰਿਵਾਰ ਨੂੰ ਪਤਾ ਲੱਗਾ ਤਾਂ ਪੁਲੀਸ ਨੇ ਉਨ੍ਹਾਂ ਨੂੰ ਕੋਈ ਆਈ ਗਈ ਨਹੀਂ ਦਿੱਤੀ ਸਗੋਂ ਪਰਿਵਾਰ ਨੂੰ ਇਹ ਕਹਿ ਕੇ ਟਾਲ ਦਿੱਤਾ ਕਿ ਪੁਲੀਸ ਬਲਵੰਤ ਮੁਲਤਾਨੀ ਲੈ ਕੇ ਕਾਦੀਆਂ ਗਈ ਹੈ, ਉੱਥੇ ਕਿਸੇ ਖਾੜਕੂ ਬਾਰੇ ਪਤਾ ਲਗਾਉਣਾ ਹੈ। ਬਾਅਦ ਵਿੱਚ ਪੁਲੀਸ ਨੇ ਇਹ ਗੱਲ ਉੱਡਾ ਦਿੱਤੀ ਕਿ ਬਲਵੰਤ ਪੁਲੀਸ ਹਿਰਾਸਤ ’ਚੋਂ ਫਰਾਰ ਹੋ ਗਿਆ ਹੈ। ਇਸ ਤੋਂ ਬਾਅਦ ਮੁਲਤਾਨੀ ਦੀ ਹੁਣ ਤੱਕ ਕੋਈ ਉੱਗ ਸੁੱਗ ਨਹੀਂ ਮਿਲੀ।
ਜਾਣਕਾਰੀ ਅਨੁਸਾਰ ਇਨਸਾਫ਼ ਪ੍ਰਾਪਤੀ ਲਈ ਪੀੜਤ ਪਰਿਵਾਰ ਲੇ ਹਾਈ ਕੋਰਟ ਦਾ ਬੂਹਾ ਖੜਕਾਇਆ ਅਤੇ ਹਾਈ ਕੋਰਟ ਨੇ 2007 ਵਿੱਚ ਸੀਬੀਆਈ ਨੂੰ ਜਾਂਚ ਦੇ ਹੁਕਮ ਦਿੱਤੇ ਗਏ। ਮੁੱਢਲੀ ਜਾਂਚ ਤੋਂ ਬਾਅਦ ਸੀਬੀਆਈ ਨੇ ਉੱਚ ਅਦਾਲਤ ਵਿੱਚ ਪੇਸ਼ ਕੀਤੀ ਰਿਪੋਰਟ ਵਿੱਚ ਦੱਸਿਆ ਗਿਆ ਕਿ ਸੈਣੀ ਤੇ ਹੋਰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਮਗਰੋਂ ਸੁਮੇਧ ਸੈਣੀ ਸੁਪਰੀਮ ਕੋਰਟ ਦੀ ਸ਼ਰਨ ਵਿੱਚ ਚਲਾ ਗਿਆ। ਸੁਪਰੀਮ ਕੋਰਟ ਜੁਲਾਈ 2008 ਨੂੰ ਸੈਣੀ ਨੂੰ ਵੱਡੀ ਰਾਹਤ ਦਿੰਦਿਆਂ ਕਲੀਨ ਚਿੱਟ ਦੇ ਦਿੱਤੀ। ਇਸ ਤੋਂ ਬਾਅਦ ਪੀੜਤ ਪਰਿਵਾਰ ਦੀ ਕਿਸੇ ਸਰਕਾਰ ਨੇ ਗੱਲ ਨਹੀਂ ਸੁਣੀ। ਪਰਿਵਾਰ ਨੂੰ 14 ਦਸੰਬਰ 2015 ਨੂੰ ਇਕ ਨੈਸ਼ਨਲ ਮੈਗਜ਼ੀਨ ਵਿੱਚ ਖ਼ਬਰ ਪੜ੍ਹ ਕੇ ਪਤਾ ਲੱਗਾ ਕਿ ਬਲਵੰਤ ਮੁਲਤਾਨੀ ਦੀ ਮੌਤ ਹੋ ਗਈ ਹੈ ਕਿਉਂਕਿ ਮੈਗਜ਼ੀਨ ਵਿੱਚ ਸੈਣੀ ਦੇ ਖਾਸ ਸਮਝੇ ਜਾਂਦੇ ਇਕ ਸਾਬਕਾ ਪੁਲੀਸ ਅਧਿਕਾਰੀ ਦੇ ਹਵਾਲੇ ਨਾਲ ਡਿਟੇਲ ਸਟੋਰੀ ਪ੍ਰਕਾਸ਼ਿਤ ਕੀਤੀ ਹੋਈ ਸੀ। ਖ਼ਬਰ ਪੜ੍ਹ ਕੇ ਪੀੜਤ ਪਰਿਵਾਰ ਨੇ ਕਾਫੀ ਭੱਜ ਦੌੜ ਕੀਤੀ ਪ੍ਰੰਤੂ ਕਿਸੇ ਨੇ ਉਨ੍ਹਾਂ ਦਾ ਦਰਦ ਨਹੀਂ ਸੁਣਿਆ। ਹੁਣ ਪੀੜਤ ਪਰਿਵਾਰ ਨੂੰ 29 ਸਾਲਾਂ ਬਾਅਦ ਕੇਸ ਦਰਜ ਹੋਣ ਨਾਲ ਇਨਸਾਫ਼ ਦੀ ਉਮੀਦ ਜਾਗੀ ਹੈ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…