nabaz-e-punjab.com

ਥਾਣੇਦਾਰ ਦੇ ਬੇਟੇ ’ਤੇ ਜਾਨਲੇਵਾ ਹਮਲਾ ਕਰਨ ਵਾਲੇ 6 ਜਣਿਆਂ ਖ਼ਿਲਾਫ਼ ਕੇਸ ਦਰਜ

ਪੁਲੀਸ ਅਨੁਸਾਰ ਲੜਕੀ ਨਾਲ ਦੋਸਤੀ ਨੂੰ ਲੈ ਕੇ ਚੱਲ ਰਹੀ ਸੀ ਪੁਰਾਣੀ ਰੰਜ਼ਿਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਨਵੰਬਰ:
ਮੁਹਾਲੀ ਪੁਲੀਸ ਨੇ ਇੱਥੋਂ ਦੇ ਫੇਜ਼-3ਬੀ2 ਵਿੱਚ ਯੂਟੀ ਪੁਲੀਸ ਦੇ ਥਾਣੇਦਾਰ ਦੇ ਸਪੁੱਤਰ ਉੱਤੇ ਕਥਿਤ ਤੌਰ ’ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਵਿੱਚ ਗੁਰੀ ਭੁੱਲਰ ਸਮੇਤ ਛੇ ਵਿਅਕਤੀਆਂ ਖ਼ਿਲਾਫ਼ ਅਪਰਾਧਿਕ ਕੇਸ ਦਰਜ ਕੀਤਾ ਹੈ। ਪੀੜਤ ਗੁਰਇਸ਼ਾਨ ਸਿੰਘ (22) ਸੈਕਟਰ-42, ਚੰਡੀਗੜ੍ਹ ਦਾ ਵਸਨੀਕ ਹੈ। ਉਸ ਦੇ ਪਿਤਾ ਕਰਮਜੀਤ ਸਿੰਘ ਚੰਡੀਗੜ੍ਹ ਪੁਲੀਸ ਵਿੱਚ ਏਐਸਆਈ ਵਜੋਂ ਤਾਇਨਾਤ ਹਨ।
ਦੱਸਿਆ ਗਿਆ ਹੈ ਕਿ ਬੀਤੀ ਦੇਰ ਸ਼ਾਮ ਗੁਰੀ ਭੁੱਲਰ ਨੇ ਆਪਣੇ ਪੰਜ ਸਾਥੀਆਂ ਨਾਲ ਮਿਲ ਕੇ ਥਾਣੇਦਾਰ ਦੇ ਪੁੱਤ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ। ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਸ ਦੇ ਸਿਰ ਵਿੱਚ 18 ਟਾਂਕੇ ਲੱਗੇ ਹਨ। ਪੁਲੀਸ ਦੇ ਦੱਸਣ ਅਨੁਸਾਰ ਇਕ ਲੜਕੀ ਨਾਲ ਦੋਸਤੀ ਨੂੰ ਲੈ ਕੇ ਗੁਰਇਸ਼ਾਨ ਅਤੇ ਗੁਰੀ ਭੁੱਲਰ ਵਿਚਕਾਰ ਪੁਰਾਣੀ ਰੰਜ਼ਿਸ਼ ਦੇ ਚੱਲਦਿਆਂ ਇਹ ਘਟਨਾ ਵਾਪਰੀ ਹੈ। ਜਦੋਂਕਿ ਜ਼ਖ਼ਮੀ ਨੌਜਵਾਨ ਦੇ ਪਿਤਾ ਕਰਮਜੀਤ ਸਿੰਘ ਨੇ ਕਿਹਾ ਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਸ ਦੇ ਪੁੱਤਰ ਅਤੇ ਹਮਲਾਵਰਾਂ ਵਿਚਕਾਰ ਕਿਸ ਗੱਲ ਨੂੰ ਲੈ ਕੇ ਲਗੜਾ ਹੋਇਆ ਸੀ। ਹਮਲੇ ਤੋਂ ਬਾਅਦ ਮੁਲਜ਼ਮ, ਜ਼ਖ਼ਮੀ ਨੌਜਵਾਨ ਨੂੰ ਲਹੂ ਲੁਹਾਨ ਛੱਡ ਕੇ ਮੌਕੇ ਤੋਂ ਭੱਜ ਗਏ। ਬਾਅਦ ਵਿੱਚ ਉਸ ਨੂੰ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਅੱਜ ਉਸ ਦੀ ਸਿਹਤ ਵਿੱਚ ਸੁਧਾਰ ਹੋਣ ’ਤੇ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਜਾਂਚ ਅਧਿਕਾਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਮਟੌਰ ਥਾਣੇ ਵਿੱਚ ਆਈਪੀਸੀ ਦੀ ਧਾਰਾ 307, 324, 148 ਅਤੇ 149 ਦੇ ਤਹਿਤ ਗੁਰੀ ਭੁੱਲਰ ਤੇ ਉਸ ਦੇ ਪੰਜ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਸਾਰੇ ਹਮਲਾਵਰ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਨਾਮਜ਼ਦ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…