nabaz-e-punjab.com

ਐਸ.ਜੇ.ਐਫ. ਦੇ ਕਾਨੂੰਨੀ ਸਲਾਹਕਾਰ ਤੇ 4 ਹੋਰਨਾਂ ਵਿਰੁੱਧ ਦੇਸ਼ਧ੍ਰੋਹ ਤੇ ਸਾਜਿਸ਼ ਰਚਨ ਦੇ ਦੋਸ਼ ਤਹਿਤ ਕੇਸ ਦਰਜ

ਮੁੱਖ ਮੰਤਰੀ ਪੰਜਾਬ ਵੱਲੋਂ ਫਿਰਕੂ ਭੜਕਾਹਟ ਪੈਦਾ ਕਰਨ ਵਾਲੇ ਗੈਰਸਮਾਜੀ ਤੱਤਾਂ ਵਿਰੁੱਧ ਸਖਤੀ ਵਰਤਣ ਤੇ ਆਦੇਸ਼

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 6 ਜੁਲਾਈ
ਪੰਜਾਬ ਦੇ ਕਈ ਵਰਗਾਂ ਵੱਲੋਂ ਸੂਬੇ ਦਾ ਮਾਹੌਲ ਖਰਾਬ ਕਰਨ ਦੀਆਂ ਸ਼ਿਕਾਇਤਾਂ ਦਾ ਆਧਾਰ ’ਤੇ ਮੁੱਖ ਮੰਤਰੀ ਵੱਲੋਂ ਗੈਰ ਸਮਾਜੀ ਤੱਤਾਂ ਵਿਰੁੱਧ ਸਖਤੀ ਵਰਤਣ ਦੇ ਆਦੇਸ਼ ਤੋਂ ਬਾਅਦ ਪੰਜਾਬ ਪੁਲੀਸ ਵੱਲੋਂ ਅੱਜ ਅਮਰੀਕਾ ਨਿਵਾਸੀ ਸਿੱਖ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਸਮੇਤ 2 ਭਾਰਤੀ ਬਸ਼ਿੰਦਿਆਂ ਵਿਰੁੱਧ ਦੇਸ਼ਧ੍ਰੋਹ ਅਤੇ ਸਮਾਜ ਵਿੱਚ ਨਫਰਤ ਪੈਦਾ ਕਰਨ ਤੇ ਸਾਜਿਸ਼ ਰਚਨ ਦੇ ਦੋਸ਼ ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਮੁੱਖ ਮੰਤਰੀ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ ਵੱਲੋਂ ਪੁਲੀਸ ਨੂੰ ਇਹ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸਿੱਖ ਫਾਰ ਜਸਟਿਸ ਸਮੇਤ ਕੋਈ ਵੀ ਹੋਰ ਗੈਰ ਸਮਾਜੀ ਜਥੇਬੰਦੀ ਲੋਕਾਂ ਦੀਆਂ ਫਿਰਕੂ ਭਾਵਨਾਵਾਂ ਨਾ ਭਡਕਾ ਸਕੇ ਜਿਸਦਾ ਲਾਭ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐਸ.ਆਈ ਲੈ ਸਕਦੀ ਹੈ।
ਮੁੱਖ ਮੰਤਰੀ ਵੱਲੋਂ ਪੰਜਾਬ ਪੁਲੀਸ ਨੂੰ ਇਹ ਆਦੇਸ਼ ਸੂਬੇ ਵਿੱਚ ਬੀਤੀ ਦਿਨੀਂ ਵੱਖ-ਵੱਖ 40 ਥਾਵਾਂ ਤੇ ਭੜਕਾਹਟ ਪੈਦਾ ਕਰਨ ਵਾਲੇ ਲੱਗੇ ਹੋਰਡਿੰਗਾਂ ਦੇ ਸਬੰਧ ਵਿੱਚ ਦਿੱਤਾ ਗਿਆ ਹੈ। ਪੁਲਿਸ ਦੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ‘ਪੰਜਾਬ ਇੰਡੀਪੈਂਡੈਸ ਰਿਫਰੈਡਮ 2020’ ਸਿਰਲੇਖ ਤਹਿਤ ਜੋ ਮੁਹਿੰਮ ਚਲਾਈ ਜਾ ਰਹੀ ਹੈ ਉਸ ਨੂੰ ਬਾਬਾ ਹਨੁਮਾਨ ਸਿੰਘ ਐਟਰਪ੍ਰਾਇਜਿਜ਼ ਏਜੰਸੀ ਵੱਲੋਂ ਚਲਾਇਆ ਜਾ ਰਿਹਾ ਹੈ ਜਿਸ ਨੂੰ ਕਿ ਨਿਊ ਯਾਰਕ ਤੋਂ ਐਸ.ਜੇ.ਐਫ. ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਰਾਹੀਂ ਕੰਮ ਸੌਪਿਆਂ ਗਿਆ ਹੈ। ਪੰਨੂ ਤੋਂ ਇਲਾਵਾ ਜਿਨ੍ਹਾਂ ਹੋਰਨਾਂ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੀ ਪਹਿਚਾਣ ਜਗਦੀਪ ਸਿੰਘ ਉਰਫ ਬਾਬਾ ਜੱਗ ਸਿੰਘ ਜੋ ਕਿ ਮੂਲ ਰੂਪ ਵਿੱਚ ਫਤਹਿਗੜ੍ਹ ਸਾਹਿਬ ਦਾ ਵਸਨੀਕ ਹੈ ਅਤੇ ਮੌਜੂਦਾ ਸਮੇਂ ਨਿਊ ਯਾਰਕ ਵਿਖੇ ਰਹਿ ਰਿਹਾ ਹੈ। ਇਸ ਤੋਂ ਇਲਾਵਾ ਜਗਜੀਤ ਸਿੰਘ ਜੋ ਕਿ ਮੂਲ ਰੂਪ ਵਿੱਚ ਜੰਮੂ ਕਸ਼ਮੀਰ ਨਾਲ ਸਬੰਧ ਰੱਖਦਾ ਹੈ ਅਤੇ ਹੁਣ ਨਿਊ ਯਾਰਕ ਵਿਖੇ ਰਹਿ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਜਿਨ੍ਹਾਂ ਦੋ ਭਾਰਤੀਆਂ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।
ਉਨ੍ਹਾਂ ਵਿੱਚ ਗੁਰਪ੍ਰੀਤ ਸਿੰਘ, ਡੀ.-39, ਫੇਜ਼-5, ਇੰਡਸਟਰਲ ਏਰੀਆ, ਮੁਹਾਲੀ ਅਤੇ ਹਰਪੁਨੀਤ ਸਿੰਘ ਵਾਸੀ ਨਾਨਕ ਨਗਰ, ਜੰਮੂ (ਜੰਮੂ ਕਸ਼ਮੀਰ) ਦਾ ਨਾਂ ਸ਼ਾਮਿਲ ਹੈ। ਇਨ੍ਹਾਂ ਪੰਜਾਂ ਵਿਰੁੱਧ ਦੁਸ਼ਮਣੀ ਦੀ ਭਾਵਨਾ ਨੂੰ ਬੜਾਵਾ ਦੇਣ, ਵੱਖ-ਵੱਖ ਗਰੁੱਪਾਂ ਵਿੱਚ ਨਫਰਤ ਪੈਦਾ ਕਰਕੇ ਸਮਾਜ ਵਿੱਚ ਫਿਰਕੂ ਸਦਭਾਵ ਨੂੰ ਅਸਥਿਰ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਇਨ੍ਹਾਂ ਵਿਅਕਤੀਆਂ ਵਿਰੁੱਧ ਦਾਇਰ ਐਫ.ਆਈ.ਆਰ. ਵਿੱਚ ਇਹ ਦਰਜ ਕੀਤਾ ਗਿਆ ਹੈ ਕਿ ਇਨ੍ਹਾਂ ਦੇ ਕਾਰਨਾਮਿਆਂ ਕਾਰਣ ਸਮਾਜਿਕ ਮਾਹੌਲ ਵਿਗੜਿਆਂ ਹੈ ਅਤੇ ਹੋਰ ਵਿਗੜਣ ਦੀ ਸੰਭਾਵਨਾਂ ਹੈ ਜਿਸ ਨਾਲ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੋਣ ਦੀ ਸੰਭਾਵਨਾ ਵਧ ਗਈ ਹੈ। ਇਸ ਮਾਮਲੇ ਦੀ ਵਧੇਰੇ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਐਸ.ਜੇ.ਐਫ. ਜਿਸਨੂੰ ਕਿ ਖਾਲਿਸਤਾਨੀ ਵੱਖਵਾਦੀਆਂ ਦਾ ਸਮਰਥਣ ਹਾਸਿਲ ਹੈ, ਦੇ ਵਿੱਤੀ ਸੋਮਿਆਂ ਅਤੇ ਦੇਸ਼ ਤੇ ਵਿਦੇਸ਼ ਵੱਸਦੇ ਹੋਰਨਾਂ ਲੋਕਾਂ ਨਾਲ ਸਬੰਧਾਂ ਦਾ ਪਤਾ ਲਾਇਆ ਜਾ ਸਕੇ।
ਪੰਜਾਬ ਪੁਲੀਸ ਵੱਲੋਂ ਬੀਤੇ ਕੁੱਝ ਹਫ਼ਤਿਆਂ ਤੋਂ ਖਾਲਿਸਤਾਨੀ ਵਿਚਾਰਧਾਰਾ ਨਾਲ ਜੁੜੇ ਕਾਰਕੁਨਾਂ ਦੀਆਂ ਕਈ ਸਾਜਿਸ਼ਾਂ ਨੂੰ ਬੇਨਿਕਾਬ ਕੀਤਾ ਗਿਆ ਹੈ। ਇਹ ਵੱਖਵਾਦੀ ਵਿਚਾਰਧਾਰਾ ਵਾਲੇ ਲੋਕ ਲਗਾਤਾਰ ਇਹ ਕੋਸ਼ਿਸ਼ਾਂ ਕਰ ਰਹੇ ਹਨ ਕਿ ਪੰਜਾਬ ਦਾ ਮਾਹੌਲ ਮੁੜ ਤੋਂ ਵਿਗਾੜ ਕੇ ਸਮਾਜਿਕ ਤਣਾਅ ਪੈਦਾ ਕੀਤਾ ਜਾ ਸਕੇ। ਗ੍ਰਿਫ਼ਤਾਰ ਕੀਤੇ ਗਏ ਕਾਰਕੁਨਾਂ ਤੋਂ ਕੀਤੀ ਜਾਂਹ ਦੌਰਾਨ ਇਹ ਗੱਲਾਂ ਸਾਹਮਣੇ ਆਈਆਂ ਹਨ ਕਿ ਇਨ੍ਹਾਂ ਨੂੰ ਅਮਰੀਕਾ ਅਤੇ ਕੈਨੇਡਾ ਵਸਦੇ ਖਾਲਿਸਤਾਨੀ ਸਮਰੱਥਾਂ ਵਜੋਂ ਸਹਾਇਤਾ ਮਿਲ ਰਹੀ ਹੈ ਅਤੇ ਇਸਦੇ ਨਾਲ ਹੀ ਗੁਆਂਢੀ ਦੇਸ਼ ਦੀ ਖੁਫੀਆ ਏਜੰਸੀ ਆਈ.ਐਸ.ਆਈ. ਵੱਲੋਂ ਟ੍ਰੈਨਿੰਗ ਵੀ ਦਿੱਤੀ ਜਾਂਦੀ ਹੈ। ਮੁੱਖ ਮੰਤਰੀ ਵੱਲੋਂ ਇਹ ਸਪੱਸ਼ਟ ਚਿਤਾਵਨੀ ਦਿੱਤੀ ਗਈ ਹੈ ਕਿ ਪੰਜਾਬ ਦੇ ਮਾਹੌਲ ਮੁੜ ਤੋਂ ਲਾਬੂੰ ਲਾਉਣ ਦੀਆਂ ਕੋਝੀਆਂ ਸਾਜਿਸ਼ਾਂ ਨੂੰ ਕਿਸੇ ਵੀ ਕੀਮਤ ਤੇ ਸਫਲ ਨਹੀਂ ਹੋਣ ਦਿੱਤਾ ਜਾਵੇਗਾ ਕਿਉਂਕਿ ਪੰਜਾਬ ਨੂੰ ਪਹਿਲਾਂ ਹੀ ਇਨ੍ਹਾਂ ਖਾਲਿਸਤਾਨੀ ਵਿਚਾਰਧਾਰਾ ਵਾਲੇ ਕਾਰਕੁਨਾਂ ਦੇ ਹੱਥੋਂ ਕਾਫੀ ਨੁਕਸਾਨ ਹੋ ਚੁੱਕਾ ਹੈ ਅਤੇ ਹੁਣ ਸਰਕਾਰ ਕਿਸੇ ਵੀ ਅਜਿਹੇ ਵਿਅਕਤੀ ਨੂੰ ਬਖਸ਼ੇਗੀ ਨਹੀਂ ਜੋ ਕਿ ਇਸ ਤਰ੍ਹਾਂ ਦੀਆਂ ਸਮਾਜ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਵੇਗਾ। ਮੁੱਖ ਮੰਤਰੀ ਨੇ ਇਸ ਗੱਲ ਦਾ ਖੰਡਨ ਵੀ ਕੀਤਾ ਕਿ ਐਸ.ਜੇ.ਐਫ. ਦੀ ਮੁਹਿੰਮ ਨੂੰ ਸਥਾਨਕ ਲੋਕਾਂ ਵੱਲੋਂ ਕੋਈ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸ਼ਾਂਤੀ ਚਾਹੁੰਦੇ ਹਨ ਅਤੇ ਸਰਕਾਰ ਸੂਬੇ ਵਿੱਚ ਸ਼ਾਂਤੀ ਬਰਕਰਾਰ ਰੱਖਣ ਲਈ ਵਚਨਬੱਧ ਹੈ।

Load More Related Articles
Load More By Nabaz-e-Punjab
Load More In Crime & Police

Check Also

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ

ਵਿਜੀਲੈਂਸ ਵੱਲੋਂ ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਪਤਨੀ ਵੀ ਗ੍ਰਿਫ਼ਤਾਰ ਨਬਜ਼-ਏ-ਪੰਜਾਬ, ਮੁਹਾਲੀ,…