
ਮਾਰਕੀਟ ਵਿੱਚ 30 ਸਾਲ ਪੁਰਾਣਾ ਦਰਖ਼ਤ ਕੱਟਣ ਵਾਲਿਆਂ ਖ਼ਿਲਾਫ਼ ਕੇਸ ਦਰਜ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਜਨਵਰੀ:
ਇੱਥੋਂ ਦੇ ਫੇਜ਼-7 ਦੀ ਮਾਰਕੀਟ ਵਿੱਚ ਲੰਘੀ ਰਾਤ ਅਣਪਛਾਤੇ ਲੋਕਾਂ ਨੇ ਇਕ ਪੁਰਾਣਾ ਦਰਖ਼ਤ ਕੱਟਣ ਦਾ ਮਾਮਲਾ ਥਾਣੇ ਪਹੁੰਚ ਗਿਆ ਹੈ। ਇਸ ਸਬੰਧੀ ਅਕਾਲੀ ਆਗੂ ਅਤੇ ਮੁਹਾਲੀ ਵਪਾਰ ਮੰਡਲ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਪਾਰਸ ਨੇ ਮਟੌਰ ਥਾਣੇ ਵਿੱਚ ਸ਼ਿਕਾਇਤ ਦਿੱਤੀ ਗਈ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲੀਸ ਨੇ ਦਰਖ਼ਤ ਕੱਟਣ ਵਾਲੇ ਅਣਪਛਾਤੇ ਵਿਅਕਤੀਆਂ ਵਿਰੁੱਧ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਰਬਜੀਤ ਸਿੰਘ ਪਾਰਸ ਨੇ ਦੱਸਿਆ ਕਿ ਮਾਰਕੀਟ ਦੀ ਪਾਰਕਿੰਗ ਵਿੱਚ ਲੱਗਿਆ ਇਹ ਦਰਖ਼ਤ ਲਗਪਗ 30 ਸਾਲ ਪੁਰਾਣਾ ਹੈ ਅਤੇ ਪਿਛਲੇ ਲੰਮੇ ਸਮੇਂ ਤੋਂ ਲੋਕ ਇਸ ਦਰਖ਼ਤ ਦੀ ਸੰਘਣੀ ਛਾਂ ਦਾ ਸੁੱਖ ਮਾਣ ਰਹੇ ਸੀ। ਉਨ੍ਹਾਂ ਕਿਹਾ ਕਿ ਅੱਜ ਸਵੇਰੇ ਜਾਣਕਾਰੀ ਮਿਲੀ ਕਿ ਕਿਸੇ ਨੇ ਰਾਤੋ ਰਾਤ ਇਹ ਦਰਖ਼ਤ ਵੱਢ ਦਿੱਤਾ ਹੈ ਅਤੇ ਜਦੋਂ ਉਨ੍ਹਾਂ ਮੌਕੇ ’ਤੇ ਪਹੁੰਚ ਕੇ ਦੇਖਿਆ ਤਾਂ ਦਰਖ਼ਤ ਵੱਢ ਕੇ ਉੱਥੇ ਹੀ ਸੁੱਟਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮਾਰਕੀਟ ਵੱਲੋਂ ਮਟੌਰ ਥਾਣੇ ਵਿੱਚ ਸ਼ਿਕਾਇਤ ਦਿੱਤੀ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਦਰਖ਼ਤ ਨੂੰ ਵੱਢੇ ਜਾਣ ਲਈ ਜ਼ਿੰਮੇਵਾਰ ਵਿਅਕਤੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਉਹ ਸਥਾਨਕ ਲੋਕਾਂ ਅਤੇ ਨੌਜਵਾਨਾਂ ਨੂੰ ਵਾਤਾਵਰਨ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਦਰਖ਼ਤ ਲਗਾਉਣ ਲਈ ਪ੍ਰੇਰਿਤ ਕਰਦੇ ਹਨ ਪ੍ਰੰਤੂ ਇੱਥੇ ਮਾਰਕੀਟ ਵਿੱਚ 30 ਸਾਲ ਪੁਰਾਣੇ ਇਸ ਹਰੇ ਭਰੇ ਦਰਖ਼ਤ ਨੂੰ ਕਿਸੇ ਨੇ ਜੜ੍ਹੋਂ ਹੀ ਵੱਢ ਦਿੱਤਾ ਹੈ।
ਇਸ ਸਬੰਧੀ ਮਟੌਰ ਥਾਣਾ ਦੇ ਐਸਐਚਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਪੁਲੀਸ ਨੇ ਸ਼ਿਕਾਇਤ ਮਿਲਣ ਤੋਂ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।