Nabaz-e-punjab.com

ਅਕਾਲੀ ਆਗੂ ’ਤੇ ਧੋਖਾਧੜੀ ਦਾ ਕੇਸ ਦਰਜ ਕਰਨ ਦਾ ਮਾਮਲਾ ਚੋਣ ਕਮਿਸ਼ਨ ਤੇ ਡੀਜੀਪੀ ਕੋਲ ਪੁੱਜਾ

ਅਕਾਲੀ ਜਥੇਦਾਰ ਨੇ ਪਸ਼ੂ ਪਾਲਣ ਮੰਤਰੀ ਬਲਬੀਰ ਸਿੱਧੂ ’ਤੇ ਨਿਸ਼ਾਨਾ ਸਾਧਿਆ

ਪਤਨੀ ਦੇ ਹੱਕ ’ਚ ਚੋਣ ਪ੍ਰਚਾਰ ਕਰਨ ਤੋਂ ਰੋਕ ਕੇ ਹੁਕਮਰਾਨਾਂ ਨੇ ਚੋਣ ਨਤੀਜੇ ਤੋਂ ਪਹਿਲਾਂ ਹੀ ਹਾਰ ਮੰਨੀ: ਸ਼ਾਮਪੁਰ

ਪਿੰਡ ਸ਼ਾਮਪੁਰ ਨੂੰ ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਘੋਸ਼ਿਤ ਕਰਕੇ ਸਪੈਸ਼ਲ ਫੋਰਸ ਤਾਇਨਾਤ ਕਰਨ ਦੀ ਗੁਹਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਦਸੰਬਰ:
ਸੋਹਾਣਾ ਪੁਲੀਸ ਵੱਲੋਂ ਬੀਤੇ ਦਿਨੀਂ 10 ਸਾਲ ਪੁਰਾਣੇ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਜਥੇਦਾਰ ਗੁਰਮੀਤ ਸਿੰਘ ਸ਼ਾਮਪੁਰ ਦੇ ਖ਼ਿਲਾਫ਼ ਜ਼ਮੀਨ ਦੀ ਖ਼ਰੀਦੋ ਫਰੋਖ਼ਤ ਸਬੰਧੀ ਦਰਜ ਕੀਤੇ ਧੋਖਾਧੜੀ ਦਾ ਮਾਮਲਾ ਹੁਣ ਚੋਣ ਕਮਿਸ਼ਨ ਅਤੇ ਡੀਜੀਪੀ ਦੇ ਦਰਬਾਰ ਵਿੱਚ ਪਹੁੰਚ ਗਿਆ ਹੈ।
ਇਸ ਸਬੰਧੀ ਅਕਾਲੀ ਜਥੇਦਾਰ ਨੇ ਅੱਜ ਪੰਜਾਬ ਰਾਜ ਚੋਣ ਕਮਿਸ਼ਨ, ਮੁੱਖ ਮੰਤਰੀ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ, ਡੀਜੀਪੀ, ਪਟਿਹਾਲਾ ਰੇਂਜ ਦੇ ਆਈਜੀ, ਡੀਸੀ ਮੁਹਾਲੀ ਅਤੇ ਐਸਐਸਪੀ ਨੂੰ ਸ਼ਿਕਾਇਤਾਂ ਭੇਜ ਕੇ ਉਨ੍ਹਾਂ ਖ਼ਿਲਾਫ਼ ਦਰਜ ਝੂਠਾ ਕੇਸ ਰੱਦ ਕਰਨ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ 30 ਦਸੰਬਰ ਨੂੰ ਹੋਣ ਵਾਲੀਆਂ ਪੰਚਾਇਤਾਂ ਚੋਣਾਂ ਸਬੰਧੀ ਉਸ ਦੀ ਪਤਨੀ ਦਲਜੀਤ ਕੌਰ ਪਿੰਡ ਸ਼ਾਮਪੁਰ ਵਿੱਚ ਸਰਪੰਚੀ ਦੀ ਚੋਣ ਲੜ ਰਹੀ ਹੈ। ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਉਨ੍ਹਾਂ ਦੇ ਸਿਆਸੀ ਵਿਰੋਧੀ ਹਨ। ਜਿਸ ਕਾਰਨ ਉਨ੍ਹਾਂ ਨੂੰ ਆਪਣੀ ਪਤਨੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਅਤੇ ਰਣਨੀਤੀ ਉਲੀਕਣ ਤੋਂ ਰੋਕਣ ਲਈ ਚੋਣਾਂ ਦੇ ਐਨ ਮੌਕੇ 10 ਸਾਲ ਪੁਰਾਣੇ ਮਾਮਲੇ ਵਿੱਚ ਉਨ੍ਹਾਂ ਦੇ ਖ਼ਿਲਾਫ਼ ਝੂਠਾ ਪਰਚਾ ਦਰਜ ਕਰਵਾ ਕੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੀ ਸਿਆਸੀ ਪ੍ਰਭਾਵ ਕਾਰਨ ਲਗਾਤਾਰ ਵਾਰ-ਵਾਰ ਉਨ੍ਹਾਂ ਦੇ ਘਰ ਅਤੇ ਫਾਰਮ ਹਾਉੂਸ ’ਤੇ ਜਾ ਕੇ ਪਰਿਵਾਰਕ ਮੈਂਬਰਾਂ ਨੂੰ ਧਮਕਾ ਰਹੀ ਹੈ ਕਿ ਉਕਤ ਕੇਸ ਵਿੱਚ ਉਨ੍ਹਾਂ (ਸ਼ਾਮਪੁਰ) ਨੂੰ ਥਾਣੇ ਪੇਸ਼ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਆਪਣੀ ਅਤੇ ਪਰਿਵਾਰ ਦੀ ਜਾਨ ਮਾਲ ਨੂੰ ਖਤਰਾ ਦੱਸਦਿਆਂ ਰੱਖਿਆ ਦੀ ਮੰਗ ਕੀਤੀ। ਜੇਕਰ ਪੰਚਾਇਤ ਚੋਣਾਂ ਦੌਰਾਨ ਕੋਈ ਅਣਸੁਖਾਵੀਂ ਘਟਨਾ ਵਾਪਰੀ ਤਾਂ ਉਸ ਨੂੰ ਪੁਲੀਸ ਅਤੇ ਮੰਤਰੀ ਅਤੇ ਉਸ ਦਾ ਭਰਾ ਜ਼ਿੰਮੇਵਾਰ ਹੋਣਗੇ।
ਅਕਾਲੀ ਜਥੇਦਾਰ ਨੇ ਦੋਸ਼ ਲਾਇਆ ਕਿ ਹੁਕਮਰਾਨਾਂ ਵੱਲੋਂ ਆਪਣੇ ਸਰਪੰਚ ਜਾਂ ਪੰਚਾਂ ਨੂੰ ਜਿਤਾਉਣ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ। ਇਸ ਤਰ੍ਹਾਂ ਚੋਣ ਕਮਿਸ਼ਨ ਦੇ ਨਿਰਪੱਖ ਚੋਣ ਕਰਵਾਉਣ ਦੇ ਹੁਕਮਾਂ ਅਤੇ ਨਿਯਮਾਂ ਦੀ ਉਲੰਘਣਾ ਹੋ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਪਿੰਡ ਸ਼ਾਮਪੁਰ ਨੂੰ ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਘੋਸ਼ਿਤ ਕਰਕੇ ਨਿਰਪੱਖ ਚੋਣਾਂ ਲਈ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਸਪੈਸ਼ਲ ਫੋਰਸ ਤਾਇਨਾਤ ਕੀਤੀ ਜਾਵੇ।
(ਬਾਕਸ ਆਈਟਮ)
ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅਕਾਲੀ ਆਗੂ ਦੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਮਨਘੜਤ ਦੱਸਦਿਆਂ ਕਿਹਾ ਕਿ ਸੋਹਾਣਾ ਥਾਣੇ ਵਿੱਚ ਦਰਜ ਠੱਗੀ ਦੇ ਕੇਸ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਅਕਾਲੀ ਆਗੂ ਪੁਲੀਸ ਕਾਰਵਾਈ ਤੋਂ ਬਚਨ ਲਈ ਇਸ ਮਾਮਲੇ ਨੂੰ ਸਿਆਸੀ ਰੰਗਤ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਪੀੜਤ ਵਿਅਕਤੀ ਨੇ ਸ਼ਿਕਾਇਤ ਪੁਲੀਸ ਕੋਲ ਕੀਤੀ ਹੈ ਅਤੇ ਕੇਸ ਵੀ ਪੁਲੀਸ ਨੇ ਦਰਜ ਕੀਤਾ ਹੈ। ਇਸ ਵਿੱਚ ਉਨ੍ਹਾਂ ਦਾ ਰੋਲ ਕਿੱਥੋਂ ਆ ਗਿਆ। ਪੰਚਾਇਤ ਚੋਣਾਂ ਬਾਰੇ ਮੰਤਰੀ ਨੇ ਕਿਹਾ ਕਿ ਜੇਕਰ ਧੱਕੇਸ਼ਾਹੀ ਕਰਨੀ ਹੁੰਦੀ ਤਾਂ ਅਕਾਲੀ ਆਗੂ ਦੀ ਪਤਨੀ ਦੇ ਕਾਗਜ ਰੱਦ ਵੀ ਹੋ ਸਕਦੇ ਹਨ ਪ੍ਰੰਤੂ ਚੋਣਾਂ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਸਰਕਾਰ ਅਤੇ ਅਧਿਕਾਰੀ ਪੂਰੀ ਤਰ੍ਹਾਂ ਜਵਾਬਦੇਹ ਹਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਤੇ ਆਬਕਾਰੀ ਵਿਭਾਗ ਦਾ ਸਾਂਝਾ ਅਪਰੇਸ਼ਨ: 220 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਟਰੱਕ ਕਾਬੂ

ਮੁਹਾਲੀ ਪੁਲੀਸ ਤੇ ਆਬਕਾਰੀ ਵਿਭਾਗ ਦਾ ਸਾਂਝਾ ਅਪਰੇਸ਼ਨ: 220 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਟਰੱਕ ਕਾਬੂ ਦਸੰਬਰ …