nabaz-e-punjab.com

ਗੈਰ ਕਾਨੂੰਨੀ ਢੰਗ ਨਾਲ ਕੈਟਲ ਫੀਡ ਵੇਚਣ ਵਾਲਿਆ ’ਤੇ ਹੋਵੇਗੀ ਸਖ਼ਤ ਕਾਨੂੰਨੀ ਕਾਰਵਾਈ: ਸਿੱਧੂ

ਮੁਹਾਲੀ ਵਿੱਚ ਹੋਇਆ ਸਾਹੀਵਾਲ ਨਸਲ ਦੀ ਦੇਸੀ ਗਾਂ ਦੀ ਸੰਭਾਲ ਲਈ ਰਾਜ ਪੱਧਰੀ ਸਮਾਗਮ
ਕਿਸਾਨਾਂ ਨੂੰ ਸਿਰਫ ਸਰਕਾਰੀ ਪਸ਼ੂ ਸੰਸਥਾਵਾਂ ਤੋਂ ਉੱਤਮ ਕੁਆਲਿਟੀ ਸੀਮਨ ਦੇ ਟੀਕੇ ਪਸ਼ੂਆਂ ਨੂੰ ਲਗਵਾਉਣ ਦੀ ਅਪੀਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਅਗਸਤ:
ਸਮੇਂ ਦੀ ਤੇਜ਼ ਚਾਲ ਵਿੱਚ ਲੀਹੋਂ ਲੱਥ ਚੁੱਕੀ ਕਿਰਸਾਨੀ ਨੂੰ ਮੁੜ ਪੱਬਾਂ ਭਾਰ ਕਰਨ ਲਈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਰਿਵਾਇਤੀ ਖੇਤੀ ਦੇ ਨਾਲ-ਨਾਲ ਸਹਾਇਕ ਧੰਦਿਆਂ ਨੂੰ ਅਪਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸੇ ਕੜੀ ਤਹਿਤ ਅੱਜ ਸਾਹੀਵਾਲ ਨਸਲ ਦੀ ਦੇਸੀ ਗਾਂ ਦੀ ਸੰਭਾਲ ਲਈ ਰਾਜ ਪੱਧਰੀ ਸਮਾਗਮ ਲਾਈਵਸਟਾਕ ਭਵਨ ਮੁਹਾਲੀ ਵਿਖੇ ਕਰਵਾਇਆ ਗਿਆ। ਇਸ ਰਾਜ ਪੱਧਰੀ ਸਮਾਗਮ ਦੌਰਾਨ ਪ੍ਰਧਾਨਗੀ ਭਾਸ਼ਣ ਦਿੰਦੇ ਹੋਏ ਬਲਬੀਰ ਸਿੰਘ ਸਿੱਧੂ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਮੂਹ ਪਸ਼ੂ ਪਾਲਕਾਂ ਨੂੰ ਇਹ ਅਪੀਲ ਕਰਦੀ ਹੈ ਕਿ ਸਾਹੀਵਾਲ ਨਸਲ ਨੂੰ ਬਚਾਉਣ ਲਈ ਸਿਰਫ ਉੱਤਮ ਕੁਆਲਿਟੀ ਦਾ ਸਾਹੀਵਾਲ ਗੱਭਣ ਵਾਲਾ ਟੀਕਾ ਹੀ ਲਗਵਾਉਣ, ਜਿਸ ਲਈ ਕੋਈ ਵੀ ਪਸ਼ੂ ਪਾਲਕ ਇਸ ਟੀਕੇ ਨੂੰ ਲੈਣ ਲਈ ਨੇੜੇ ਦੀ ਸੰਸਥਾ ਵਿੱਚ ਸੰਪਰਕ ਕਰ ਸਕਦਾ ਹੈ।
ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਜਾਂ ਏਜੰਸੀ ਜੋ ਅਣ-ਅਧਿਕਾਰਤ ਤੌਰ ਤੇ ਸੀਮਨ ਵੇਚਦੀ ਫੜੀ ਗਈ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣੀ ਆਮਦਨ ਵਧਾਉਣ ਲਈ ਸਮੇਂ ਦੀ ਲੋੜ ਮੁਤਾਬਕ ਸੂਰ ਪਾਲਣ, ਬੱਕਰੀ ਪਾਲਣ, ਡੇਅਰੀ, ਮੱਛੀ ਪਾਲਣ ਅਤੇ ਪੋਲਟਰੀ ਵਰਗੇ ਸਹਾਇਕ ਧੰਦਿਆਂ ਨੂੰ ਅਪਨਾਉਣਾ ਪਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਵਿੱਚ ਸਾਹੀਵਾਲ ਨਸਲ ਦੀਆਂ ਗਾਵਾਂ ਨੂੰ ਲੁਪਤ ਹੋਣ ਤੋਂ ਬਚਾਉਣ ਲਈ ਕੰਜ਼ਰਵੇਸ਼ਨ ਆਫ ਬਰੀਡ ਪੋ੍ਰਗਰਾਮ ਦੁਆਰਾ ਪੈਡੀਗਰੀ ਸਿਲੈਕਸ਼ਨ ਅਧੀਨ ਨਸਲ ਸੁਧਾਰ ਅਤੇ ਦੁੱਧ ਦੀ ਪੈਦਾਵਾਰ ਵਧਾਉਣ ਲਈ 3.12 ਕਰੋੜ ਰੁਪਏ ਦੀ ਲਾਗਤ ਨਾਲ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ। ਇਹ ਪ੍ਰੋਜੈਕਟ ਫਾਜ਼ਿਲਕਾ, ਅਬੋਹਰ ਸ਼੍ਰੀ ਮੁਕਤਸਰ ਸਾਹਿਬ ਅਤੇ ਫਿਰੋਜ਼ਪੁਰ ਜ਼ਿਲਿਆਂ ਵਿੱਚ 25 ਸੰਸਥਾਵਾਂ ਰਾਹੀਂ ਲਾਗੂ ਕੀਤਾ ਗਿਆ ਹੈ।
ਪਸ਼ੂ ਪਾਲਣ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਗੈਰ ਕਾਨੂਨੀ ਤੇ ਅਣ-ਅਧਿਕਾਰਤ ਤੌਰ ਤੇ ਵੇਚੀ ਜਾ ਰਹੀ ਕੈਟਲ ਫੀਡ ਤੇ ਪੂਰਨ ਪਾਬੰਦੀ ਲਾਉਣ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮੰਤਰੀ ਮੰਡਲ ਵੱਲੋਂ ਕੈਟਲ ਫੀਡ ਐਕਟ ਨੂੰ ਮੰਜ਼ੂਰੀ ਦਿੱਤੀ ਗਈ ਹੈ, ਜਿਸ ਤਹਿਤ ਰਾਜ ਦੇ ਪਸ਼ੂ ਪਾਲਕਾਂ ਨੂੰ ਮਿਆਰੀ ਅਤੇ ਉੱਤਮ ਕੁਆਲਿਟੀ ਦੀ ਫੀਡ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਕੈਟਲ ਫੀਡ ਦੀ ਜਾਂਚ ਲਈ ਲੈਬਾਂ ਖੋਲ੍ਹੀਆਂ ਜਾਣਗੀਆਂ ਅਤੇ ਸਮੂਹ ਟੈਸਟ ਕਰਨ ਤੋਂ ਬਾਅਦ ਹੀ ਕੈਟਲ ਫੀਡ ਲਾਈਸੈਂਸ ਸ਼ੁਦਾ ਕੇਂਦਰਾਂ ਰਾਹੀਂ ਪਸ਼ੂ ਪਾਲਕਾਂ ਨੂੰ ਮੁਹੱਈਆ ਕਰਵਾਈ ਜਾਵੇਗੀ।
ਸ੍ਰੀ ਸਿੱਧੂ ਨੇ ਦੱਸਿਆ ਕਿ ਪਸ਼ੂਆਂ ਦਾ ਸੀਮਨ ਅਣ-ਅਧਿਕਾਰਤ ਤੌਰ ਤੇ ਵੇਚ ਰਹੀਆਂ ਏਜੰਸੀਆਂ ਤੇ ਵੀ ਸ਼ਿਕੰਜਾ ਕਸਿਆ ਜਾਵੇਗਾ ਅਤੇ ਪੰਜਾਬ ਸਰਕਾਰ ਪਸ਼ੂ ਪਾਲਕਾਂ ਨੂੰ ਉੱਤਮ ਕੁਆਲਿਟੀ ਦਾ ਸੈਕਸਡ ਸੀਮਨ ਮੁਹੱਈਆ ਕਰਵਾਉਣ ਲਈ ਉਪਰਾਲੇ ਕਰ ਰਹੀ ਹੈ, ਇਸ ਪ੍ਰੋਜੈਕਟ ਤਹਿਤ ਸੀਮਨ ਸੈਕਸਿੰਗ ਤਕਨੀਕ ਰਾਹੀਂ ਕੇਵਲ ਵੱਛੀਆਂ ਦਾ ਜਨਮ ਹੀ ਹੋਵੇਗਾ। ਉਨ੍ਹਾਂ ਦੱਸਿਆ ਕਿ ਜਿੱਥੇ ਇੱਕ ਪਾਸੇ ਇਸ ਤਕਨੀਕ ਰਾਹੀਂ ਨਸਲ ਸੁਧਾਰ ਅਤੇ ਦੁੱਧ ਦੀ ਪੈਦਾਵਾਰ ਵਿੱਚ ਵਾਧਾ ਹੋਵੇਗਾ ਉੱਥੇ ਨਾਲ ਹੀ ਦੂਜੇ ਪਾਸੇ ਸੜਕਾਂ ਦੇ ਘੁੰਮਦੇ ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਵੀ ਹੱਲ ਕੀਤਾ ਜਾਵੇਗਾ। ਸ. ਸਿੱਧੂ ਨੇ ਇਹ ਕਿਹਾ ਕਿ ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਨਾਭੇ ਵਿਖੇ ਸਥਾਪਤ ਸੀਮਨ ਬੈਂਕ ਨੂੰ ਭਾਰਤ ਸਰਕਾਰ ਦੇ ਖੇਤੀਬਾੜੀ ਮੰਤਰਾਲੇ ਵੱਲੋਂ ਏ ਗਰੇਡ ਪ੍ਰਾਪਤ ਹੈ ਅਤੇ ਦੇਸ਼ ਦੇ ਉੱਤਮ 10 ਸੀਮਨ ਬੈਂਕਾਂ ਵਿੱਚੋਂ ਇੱਕ ਹੈ।
ਅੱਜ ਦੇ ਇਸ ਸਮਾਗਮ ਵਿੱਚ ਸ਼੍ਰੀ ਹਰਕੇਸ਼ ਸ਼ਰਮਾ, ਸਿਆਸੀ ਸਕੱਤਰ, ਪਸ਼ੂ ਪਾਲਣ ਮੰਤਰੀ, ਡਾ. ਅਮਰਜੀਤ ਸਿੰਘ, ਡਾਇਰੈਕਟਰ, ਪਸ਼ੂ ਪਾਲਣ,ਸ. ਇੰਦਰਜੀਤ ਸਿੰਘ, ਡਾਇਰੈਕਟਰ ਡੇਅਰੀ ਵਿਕਾਸ, ਤੋਂ ਇਲਾਵਾ ਫਾਜ਼ਿਲਕਾ ਜ਼ਿਲ੍ਹੇ ਦੇ ਢੀਂਗਾਵਾਲੀ ਫਾਰਮ ਦੇ ਪਸ਼ੂ ਪਾਲਕ, ਭੈਣੀ ਸਾਹਿਬ ਸੰਪਰਦਾ ਦੇ ਪਸ਼ੂ ਪਾਲਕ, ਦਿਵਿਆ ਜ਼ੋਤੀ ਸੰਸਥਾ ਨੂਰਮਹਿਲ ਦੇ ਪਸ਼ੂ ਪਾਲਕਾਂ ਅਤੇ ਗੁਆਂਢੀ ਸੂਬਿਆਂ ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਦੇ ਉੱਘੇ ਪਸ਼ੂ ਪਾਲਕ ਹਾਜਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…