
ਮੁਹਾਲੀ ਨਗਰ ਨਿਗਮ ਦੀ ਗੱਡੀ ’ਚੋਂ ਜਬਰਦਸਤੀ ਲਾਹੇ ਦੁਧਾਰੂ ਪਸ਼ੂ, ਮਾਮਲਾ ਥਾਣੇ ਪੁੱਜਾ
ਪਸ਼ੂ ਪਾਲਕਾਂ ਨੇ ਨਗਰ ਨਿਗਮ ਕਰਮਚਾਰੀਆਂ ਤੇ ਸੀਨੀਅਰ ਸਿਟੀਜ਼ਨਾਂ ਨੂੰ ਗਾਲਾਂ ਕੱਢੀਆਂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਸਤੰਬਰ:
ਮੁਹਾਲੀ ਵਿੱਚ ਲਾਵਾਰਸ ਪਸ਼ੂਆਂ ਅਤੇ ਪਾਲਤੂ ਪਸ਼ੂਆਂ ਦੀ ਸਮੱਸਿਆ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ। ਪਾਰਕ ਪਸ਼ੂ ਚਰਾਂਦ ਬਣ ਕੇ ਰਹਿ ਗਏ ਹਨ ਅਤੇ ਪਸ਼ੂਆਂ ਵੱਲੋਂ ਫੈਲਾਈ ਜਾ ਰਹੀ ਗੰਦਗੀ ਸ਼ਹਿਰ ਦੀ ਖ਼ੂਬਸੂਰਤੀ ਨੂੰ ਗ੍ਰਹਿਣ ਲਗਾ ਰਹੀ ਹੈ। ਉਧਰ, ਅੱਜ ਇੱਥੋਂ ਦੇ ਸੈਕਟਰ-71 ਦੇ ਰਿਹਾਇਸ਼ੀ ਪਾਰਕ ਵਿੱਚ ਸੋਮਵਾਰ ਨੂੰ ਪਸ਼ੂਆਂ ਨੂੰ ਲੈ ਕੇ ਸਥਿਤੀ ਉਸ ਸਮੇਂ ਤਣਾਅ ਪੂਰਨ ਬਣ ਗਈ ਜਦੋਂਕਿ ਕੁਝ ਵਿਅਕਤੀ ਨਗਰ ਨਿਗਮ ਦੀ ਟੀਮ ਵੱਲੋਂ ਪਾਰਕ ’ਚੋਂ ਫੜੇ ਦੁਧਾਰੂ ਪਸ਼ੂਆਂ ਨੂੰ ਜ਼ਬਰਦਸਤੀ ਛੁਡਾ ਕੇ ਲੈ ਗਏ। ਪਸ਼ੂ ਪਾਲਕਾਂ ਨੇ ਸ਼ਿਕਾਇਤ ਕਰਤਾ ਸੀਨੀਅਰ ਸਿਟੀਜ਼ਨਾਂ ਨੂੰ ਗਾਲਾਂ ਕੱਢਦਿਆਂ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ। ਹੁਣ ਇਹ ਮਾਮਲਾ ਥਾਣੇ ਪਹੁੰਚ ਗਿਆ ਹੈ।
ਉਧਰ, ਪਾਰਕ ਵਿੱਚ ਬੈਠੇ ਸੀਨੀਅਰ ਸਿਟੀਜ਼ਨਾਂ ਦੀ ਸੂਚਨਾ ਮਿਲਦੇ ਹੀ ਇਲਾਕੇ ਦੇ ਕੌਂਸਲਰ ਅਮਰੀਕ ਸਿੰਘ ਸੋਮਲ ਵੀ ਮੌਕੇ ’ਤੇ ਪਹੁੰਚ ਗਏ ਅਤੇ ਮੌਕੇ ਦਾ ਜਾਇਜ਼ਾ ਲੈਣ ਉਪਰੰਤ ਥਾਣਾ ਮਟੌਰ ਦੇ ਐਸਐਚਓ ਨੂੰ ਲਿਖਤੀ ਸ਼ਿਕਾਇਤ ਦੇ ਕੇ ਪਸ਼ੂ ਪਾਲਕਾਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਕੌਂਸਲਰ ਨੇ ਸਿਹਤ ਮੰਤਰੀ ਅਤੇ ਕਮਿਸ਼ਨਰ ਨੂੰ ਫੋਨ ’ਤੇ ਸਮੁੱਚੇ ਘਟਨਾਕ੍ਰਮ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਲਾਵਾਰਸ ਅਤੇ ਪਾਲਤੂ ਪਸ਼ੂਆਂ ਦੀ ਸਮੱਸਿਆ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ। ਪਿੰਡ ਮਟੌਰ ਦੇ ਪਸ਼ੂ ਪਾਲਕਾਂ ਵੱਲੋਂ ਇਸ ਖੇਤਰ ਵਿੱਚ ਆਪਣੇ ਦੁਧਾਰੂ ਪਸ਼ੂ ਘਾਹ ਚਰਨ ਲਈ ਪਾਰਕਾਂ ਵਿੱਚ ਛੱਡ ਦਿੱਤੇ ਜਾਂਦੇ ਹਨ ਜੋ ਕਿ ਸਾਰਾ ਦਿਨ ਗੰਦਗੀ ਫੈਲਾਉਂਦੇ ਹਨ ਅਤੇ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ। ਹਾਲਾਤ ਇਹ ਹਨ ਕਿ ਜੇਕਰ ਕੋਈ ਸ਼ਹਿਰ ਵਾਸੀ ਇਸ ਦਾ ਵਿਰੋਧ ਕਰਦੇ ਹਨ ਤਾਂ ਪਸ਼ੂ ਪਾਲਕ ਉਲਟਾ ਉਨ੍ਹਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੰਦੇ ਹਨ। ਅੱਜ ਦੀ ਤਾਜ਼ਾ ਘਟਨਾ ਸਬੰਧੀ ਕੌਂਸਲਰ ਦੀ ਸ਼ਿਕਾਇਤ ਮਿਲਣ ’ਤੇ ਕਮਿਸ਼ਨਰ ਨੇ ਨਗਰ ਨਿਗਮ ਦੇ ਸਟਾਫ਼ ਨੂੰ ਗੱਡੀ ਦੇ ਕੇ ਪਸ਼ੂ ਫੜਨ ਲਈ ਭੇਜਿਆ ਗਿਆ। ਹਾਲਾਂਕਿ ਟੀਮ ਨੂੰ ਦੇਖ ਕੇ ਕਈ ਪਸ਼ੂ ਦੌੜ ਗਏ ਪ੍ਰੰਤੂ ਸਟਾਫ਼ ਨੇ ਕੁਝ ਪਸ਼ੂ ਫੜ ਵੀ ਲਏ ਸੀ ਲੇਕਿਨ ਏਨੇ ਵਿੱਚ ਪਸ਼ੂ ਪਾਲਕ ਉੱਥੇ ਪਹੁੰਚ ਗਏ ਅਤੇ ਨਿਗਮ ਸਟਾਫ਼ ਵੱਲੋਂ ਫੜੇ ਪਸ਼ੂਆਂ ਨੂੰ ਗੱਡੀ ’ਚੋਂ ਜ਼ਬਰਦਸਤੀ ਥੱਲੇ ਉਤਾਰ ਲਿਆ ਅਤੇ ਸਟਾਫ਼ ਨਾਲ ਧੱਕਾ ਮੁੱਕੀ ਕੀਤੀ ਗਈ। ਜਿਵੇਂ ਹੀ ਪਾਰਕ ਵਿੱਚ ਬੈਠੇ ਸੀਨੀਅਰ ਸਿਟੀਜ਼ਨ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੂੰ ਗਾਲਾਂ ਕੱਢੀਆਂ ਗਈਆਂ।
(ਬਾਕਸ ਆਈਟਮ)
ਮੁਹਾਲੀ ਨਿਗਮ ਦੇ ਕਮਿਸ਼ਨਰ ਭੁਪਿੰਦਰਪਾਲ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਟਾਫ਼ ਨੂੰ ਸੁਰੱਖਿਆ ਕਰਮਚਾਰੀ ਨਹੀਂ ਮਿਲਦੇ, ਉਦੋਂ ਤੱਕ ਇਹ ਸਮੱਸਿਆ ਆਉਂਦੀ ਰਹੇਗੀ। ਉਨ੍ਹਾਂ ਦੱਸਿਆ ਕਿ ਸਬੰਧਤ ਕੌਂਸਲਰ ਨੇ ਪੁਲੀਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀ ਆਪਣੀ ਵੱਖਰੀ ਪੁਲੀਸ ਚੌਂਕੀ ਬਣਾਉਣ ਲਈ ਹਾਊਸ ਵਿੱਚ ਮਤਾ ਪਾਸ ਕਰਕੇ ਪੰਜਾਬ ਸਰਕਾਰ ਨੂੰ ਪ੍ਰਵਾਨਗੀ ਲਈ ਭੇਜਿਆ ਗਿਆ ਹੈ। ਇਸ ਪ੍ਰਾਜੈਕਟ ਨੂੰ ਹਰੀ ਝੰਡੀ ਮਿਲਣ ਤੋਂ ਬਾਅਦ ਪੁਲੀਸ ਚੌਕੀ ਦੀ ਵਿਵਸਥਾ ਕੀਤੀ ਜਾਵੇਗੀ ਅਤੇ ਪੁਲੀਸ ਮੁਲਾਜ਼ਮਾਂ ਨੂੰ ਤਨਖ਼ਾਹ ਵੀ ਨਗਰ ਨਿਗਮ ਵੱਲੋਂ ਦਿੱਤੀ ਜਾਵੇਗੀ।