
ਛੇ ਪਿੰਡਾਂ ਦੇ ਇਕ ਹਜ਼ਾਰ ਪਸ਼ੂਆਂ ਨੂੰ ਸ਼ਹਿਰੀ ਆਬਾਦੀ ’ਚੋਂ ਬਾਹਰ ਕੀਤਾ ਜਾਵੇਗਾ ਸ਼ਿਫ਼ਟ: ਜੀਤੀ ਸਿੱਧੂ
ਨਗਰ ਨਿਗਮ ਵੱਲੋਂ ਪਸ਼ੂਆਂ ਨੂੰ ਸ਼ਿਫ਼ਟ ਕਰਨ ਲਈ ਡੰਪਿੰਗ ਗਰਾਉਂਡ ਨੇੜੇ ਜ਼ਮੀਨ ਦੀ ਸਫ਼ਾਈ ਦਾ ਕੰਮ ਸ਼ੁਰੂ
ਮੁਹਾਲੀ ਵਿੱਚ ਪਸ਼ੂਆਂ ਕਾਰਨ ਵਾਪਰਦੇ ਸੜਕ ਹਾਦਸਿਆਂ ਨੂੰ ਪਵੇਗੀ ਠੱਲ੍ਹ, ਲੋਕਾਂ ਨੂੰ ਮਿਲੇਗੀ ਭਾਰੀ ਰਾਹਤ: ਮੇਅਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਅਕਤੂਬਰ:
ਮੁਹਾਲੀ ਨਗਰ ਨਿਗਮ ਅਧੀਨ ਆਉਂਦੇ ਛੇ ਪਿੰਡਾਂ ’ਚੋਂ ਪਸ਼ੂਆਂ ਨੂੰ ਸ਼ਹਿਰੀ ਆਬਾਦੀ ਤੋਂ ਬਾਹਰ ਕੱਢਣ ਦੀ ਮੁੱਢਲੀ ਪ੍ਰਕਿਰਿਆ ਹੋ ਗਈ ਹੈ। ਇੱਥੋਂ ਦੇ ਸਨਅਤੀ ਏਰੀਆ ਫੇਜ਼-8 ਅਤੇ ਸੈਕਟਰ-91 ਨੇੜਿਓਂ ਲੰਘਦੀ ਪਟਿਆਲਾ ਦੀ ਰਾਓ (ਡੰਪਿੰਗ ਗਰਾਉਂਡ) ਨੇੜੇ ਮਿਲਕ ਕਲੋਨੀ ਬਣਾਉਣ ਲਈ ਜ਼ਮੀਨ ਦੀ ਸਫ਼ਾਈ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਅੱਜ ਉਕਤ ਥਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵੱਲੋਂ ਇਸ ਥਾਂ ਦੀ ਸਫ਼ਾਈ ਕਰਵਾਈ ਕਰਵਾ ਕੇ ਚਾਰ ਚੁਫੇਰੇ ਕੰਡਾ ਤਾਰ ਲਗਾਈ ਜਾ ਰਹੀ ਹੈ।
ਮੇਅਰ ਜੀਤੀ ਸਿੱਧੂ ਨੇ ਇਸ ਜ਼ਮੀਨ ਨੂੰ ਪੱਧਰਾ ਕਰਨ ਉਪਰੰਤ ਇਸ ਦੀ ਚਾਰਦੀਵਾਰੀ ਕਰਕੇ ਸ਼ੈੱਡ ਬਣਾਏ ਜਾਣਗੇ ਅਤੇ ਇਹ ਜਗ੍ਹਾ ਵੱਖ-ਵੱਖ ਪਿੰਡਾਂ ਦੇ ਪਸ਼ੂ ਪਾਲਕਾਂ ਨੂੰ ਕਿਰਾਏ ’ਤੇ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਜਿਹਾ ਹੋਣ ਨਾਲ ਮੁਹਾਲੀ ਦੀ ਸ਼ਹਿਰੀ ਆਬਾਦੀ ਪਸ਼ੂਆਂ ਤੋਂ ਮੁਕਤ ਹੋ ਜਾਵੇਗੀ ਅਤੇ ਪਸ਼ੂਆਂ ਕਾਰਨ ਵਾਪਰਦੇ ਸੜਕ ਹਾਦਸਿਆਂ ਨੂੰ ਠੱਲ੍ਹ ਪਵੇਗੀ। ਇਸ ਸਬੰਧੀ ਨਗਰ ਨਿਗਮ ਨੇ ਮਤਾ ਪਾਸ ਕਰਦੇ ਸਥਾਨਕ ਸਰਕਾਰ ਵਿਭਾਗ ਨੂੰ ਪ੍ਰਵਾਨਗੀ ਲਈ ਭੇਜਿਆ ਗਿਆ ਹੈ ਅਤੇ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਸਬੰਧੀ ਅਗਲੀ ਕਾਰਵਾਈ ਮੁਕੰਮਲ ਕੀਤੀ ਜਾਵੇਗੀ। ਇਹ 13 ਏਕੜ ਜ਼ਮੀਨ ਕਾਫ਼ੀ ਸਮਾਂ ਪਹਿਲਾਂ ਗਮਾਡਾ ਵੱਲੋਂ ਨਗਰ ਨਿਗਮ ਨੂੰ ਸੌਂਪੀ ਗਈ ਸੀ। ਇਸ ਜ਼ਮੀਨ ਦਾ ਵੱਡਾ ਹਿੱਸਾ ਵਰਤੋਂ ਵਿੱਚ ਨਹੀਂ ਸੀ ਅਤੇ ਨਾ ਹੀ ਸਾਂਭ-ਸੰਭਾਲ ਹੋ ਰਹੀ ਸੀ। ਹੁਣ ਇਸ ਜ਼ਮੀਨ ’ਚੋਂ 3 ਏਕੜ ਤੋਂ ਵੱਧ ਜ਼ਮੀਨ ਪਸ਼ੂਆਂ ਲਈ ਰੱਖੀ ਗਈ ਹੈ।
ਮੇਅਰ ਨੇ ਦੱਸਿਆ ਕਿ ਪਿੰਡਾਂ ਵਿੱਚ ਕੁਝ ਲੋਕਾਂ ਨੇ ਪਸ਼ੂ ਰੱਖੇ ਹੋਏ ਹਨ। ਕਈ ਵਾਰ ਪਸ਼ੂ ਪਾਲਕ ਆਪਣੇ ਪਸ਼ੂਆਂ ਨੂੰ ਘਾਹ ਚਰਨ ਲਈ ਖੁੱਲ੍ਹਾ ਛੱਡ ਦਿੰਦੇ ਹਨ। ਜਿਸ ਕਾਰਨ ਸ਼ਹਿਰ ਵਿੱਚ ਗੰਦਗੀ ਫੈਲਦੀ ਜਾਂਦੀ ਹੈ ਅਤੇ ਗੋਹਾ ਕੂੜ ਸੁੱਟੇ ਜਾਣ ਕਾਰਨ ਪਿੰਡਾਂ ਵਿੱਚ ਸੀਵਰੇਜ ਜਾਮ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਸ਼ੂਆਂ ਪਾਲਕਾਂ ਤੋਂ ਕਿਰਾਇਆ ਲੈਣ ਸਬੰਧੀ ਡੀਸੀ ਪੱਧਰ ’ਤੇ ਇਕ ਕਮੇਟੀ ਬਣੀ ਹੋਈ ਹੈ ਅਤੇ ਇਹ ਕਮੇਟੀ ਹੀ ਜ਼ਮੀਨ ਦਾ ਕਿਰਾਇਆ ਤੈਅ ਕਰੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਪਸ਼ੂ ਪਾਲਕ ਸ਼ਹਿਰੀ ਆਬਾਦੀ ਤੋਂ ਆਪਣੇ ਪਸ਼ੂ ਬਾਹਰ ਸ਼ਿਫ਼ਟ ਨਹੀਂ ਕਰੇਗਾ ਤਾਂ ਨਗਰ ਨਿਗਮ ਵੱਲੋਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।