ਬਾਰ੍ਹਵੀਂ ਸ਼੍ਰੇਣੀ ਦੀ ਪ੍ਰੀਖਿਆ ਦੇ ਪਹਿਲੇ ਦਿਨ ਵੱਖ ਵੱਖ ਸ਼ਹਿਰਾਂ ਵਿੱਚ ਨਕਲ ਦੇ 6 ਕੇਸ ਫੜੇ

ਪੰਜਾਬ ਬੋਰਡ ਦੇ ਚੇਅਰਮੈਨ ਬਲਬੀਰ ਸਿੰਘ ਢਂੋਲ ਨੇ ਖ਼ੁਦ ਵੀ ਕੀਤੀ ਸ਼ਹਿਰਾਂ ਵਿੱਚ ਪ੍ਰੀਖਿਆ ਕੇਂਦਰਾਂ ਦੀ ਚੈਕਿੰਗ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਫਰਵਰੀ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਵਰ੍ਹੇ ਲਈ ਜਾਣ ਵਾਲੀ ਬਾਰ੍ਹਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਅੱਜ ਸ਼ੁਰੂ ਹੋ ਗਈ। ਮੰਗਲਵਾਰ ਨੂੰ ਪਹਿਲੇ ਦਿਨ ਜਨਰਲ ਅੰਗਰੇਜ਼ੀ ਵਿਸ਼ੇ ਦੀ ਪ੍ਰੀਖਿਆ ਹੋਈ। ਜਾਣਕਾਰੀ ਅਨੁਸਾਰ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਦੀ ਪ੍ਰੀਖਿਆ ਸਬੰਧੀ ਪੰਜਾਬ ਭਰ ਵਿੱਚ 2578 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਇਨ੍ਹਾਂ ਪ੍ਰੀਖਿਆ ਕੇਂਦਰ ਵਿੱਚ ਬਾਰ੍ਹਵੀਂ ਦੇ 3 ਲੱਖ 42 ਹਜ਼ਾਰ 407 ਵਿਦਿਆਰਥੀ ਅਪੀਅਰ ਹੋਏ। ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਪ੍ਰੀਖਿਆ ਕੇਂਦਰ ਨੇੜੇ ਧਾਰਾ 144 ਲਗਾਈ ਗਈ ਹੈ।
ਇਸ ਸਬੰਧੀ ਪੰਜਾਬ ਬੋਰਡ ਦੇ ਮੁਖੀ ਸ੍ਰ. ਬਲਬੀਰ ਸਿੰਘ ਢੋਲ ਨੇ ਦੱਸਿਆ ਕਿ ਅੱਜ ਪ੍ਰੀਖਿਆ ਦੇ ਪਹਿਲੇ ਦਿਨ ਬਠਿੰਡਾ ਵਿੱਚ 2, ਮਾਨਸਾ ਵਿੱਚ ਦੋ ਅਤੇ ਅੰਮ੍ਰਿਤਸਰ, ਗੁਰਦਾਸਪੁਰ ਵਿੱਚ 1-1 ਨਕਲ ਦਾ ਕੇਸ ਫੜਨੇ ਗਏ ਹਨ। ਸ੍ਰੀ ਢੋਲ ਨੇ ਦੱਸਿਆ ਕਿ ਅੱਜ ਉਨ੍ਹਾਂ ਨੇ ਖ਼ੁਦ ਵੀ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਨੂੜ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿੰਦਰ ਗੰਜ ਰਾਜਪੁਰਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਕਾਲਕਾ ਰੋਡ ਰਾਜਪੁਰਾ, ਅਸ਼ੋਕਾ ਸੀਨੀਅਰ ਸੈਕੰਡਰੀ ਸਕੂਲ ਸਰਹਿੰਦ, ਬੱਸੀ ਪਠਾਣਾ, ਘੁਮੰਡਗੜ੍ਹ ਅਤੇ ਨੰਦਪੁਰ ਕਲੌੜ (ਜ਼ਿਲ੍ਹਾ ਫਤਹਿਗੜ੍ਹ ਸਾਹਿਬ) ਆਦਿ ਪ੍ਰੀਖਿਆ ਕੇਂਦਰਾਂ ਦੀ ਅਚਨਚੇਤ ਚੈਕਿੰਗ ਕੀਤੀ ਅਤੇ ਪ੍ਰੀਖਿਆ ਦੇ ਰਹੇ ਵਿਦਿਆਰਥੀਆਂ ਨਾਲ ਵੀ ਗੱਲ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਦੱਸਿਆ ਕਿ ਪ੍ਰੀਖਿਆ ਕੇਂਦਰਾਂ ਦੀ ਚੈਕਿੰਗ ਪ੍ਰੀਖਿਆ ਅਮਲੇ ਦੀ ਕਾਰਗੁਜ਼ਾਰੀ ਅਤੇ ਪ੍ਰਬੰਧਾਂ ’ਤੇ ਤਸੱਲੀ ਪ੍ਰਗਟਾਈ। ਇਨ੍ਹਾਂ ਸਾਰੇ ਕੇਂਦਰਾਂ ਵਿੱਚ ਸਾਰਾ ਕੰਮ ਸਹੀ ਤਰੀਕੇ ਨਾਲ ਚਲ ਰਿਹਾ ਸੀ।
ਸ੍ਰੀ ਢੋਲ ਨੇ ਦੱਸਿਆ ਕਿ ਦੱਸਿਆ ਕਿ ਬਾਰ੍ਹਵੀਂ ਸ਼੍ਰੇਣੀ ਦੀ (ਸਮੇਤ ਓਪਨ ਸਕੂਲ, ਵਾਧੂ ਵਿਸ਼ਾ, ਕਾਰਗੁਜ਼ਾਰੀ ਵਧਾਉਣ ਲਈ) ਲਿਖਤੀ ਪ੍ਰੀਖਿਆ 24 ਮਾਰਚ ਤੱਕ ਕਰਵਾਈ ਜਾਵੇਗੀ। ਪ੍ਰੀਖਿਆ ਦਾ ਸਮਾਂ ਬਾਅਦ ਦੁਪਹਿਰ 2 ਵਜੇ ਸ਼ਾਮ 5.15 ਵਜੇ ਤੱਕ ਹੋਵੇਗਾ। ਉਨ੍ਹਾਂ ਦੱਸਿਆ ਕਿ ਪ੍ਰੀਖਿਆ ਲਈ ਸਮਾਂ 3 ਘੰਟੇ ਦਾ ਹੋਵੇਗਾ ਪ੍ਰੰਤੂ ਕਟਾਈ ਸਿਲਾਈ, ਪ੍ਰੀ ਵੋਕੇਸ਼ਨਲ ਵਿਸ਼ੇ ਅਤੇ ਐਨ ਵਿਸ਼ਿਆਂ ਲਈ ਪ੍ਰੀਖਿਆ ਦਾ ਸਮਾਂ 2 ਘੰਟੇ ਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਪ੍ਰੀਖਿਆਰਥੀਆਂ ਨੂੰ ਪ੍ਰਸ਼ਨ-ਪੱਤਰ ਪੜ੍ਹਨ ਲਈ 15 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇਗਾ ਜਦੋਂ ਕਿ ਨੇਤਰਹੀਣ, ਗੂੰਗੇ ਬੋਲੇ ਅਤੇ ਅੰਗਹੀਣ ਵਿਦਿਆਰਥੀਆਂ ਨੂੰ ਪੇਪਰ ਹੱਲ ਕਰਨ ਲਈ ਹਰੇਕ ਇੱਕ ਘੰਟੇ ਪਿੱਛੇ 20 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇਗਾ।
(ਬਾਕਸ ਆਈਟਮ)
ਤਾਜ਼ਾ ਹੁਕਮ: ਪ੍ਰੀਖਿਆ ਖਤਮ ਹੋਣ ਪਹਿਲਾਂ ਕੋਈ ਵੀ ਵਿਦਿਆਰਥੀ ਆਪਣੇ ਨਾਲ ਪ੍ਰਸ਼ਨ ਪੱਤਰ ਲੈ ਕੇ ਬਾਹਰ ਨਹੀਂ ਆਏਗਾ: ਢੋਲ
ਸਿੱਖਿਆ ਬੋਰਡ ਦੇ ਚੇਅਰਮੈਨ ਬਲਬੀਰ ਸਿੰਘ ਢੋਲ ਨੇ ਦੱਸਿਆ ਕਿ ਅੱਜ ਚੈਕਿੰਗ ਦੌਰਾਨ ਉਨ੍ਹਾਂ ਦੇ ਧਿਆਨ ਵਿੱਚ ਆਇਆ ਕਿ ਕੁੱਝ ਵਿਦਿਆਰਥੀ ਸਮੇਂ ਤੋਂ ਪਹਿਲਾਂ ਪ੍ਰੀਖਿਆ ਕੇਂਦਰ ’ਚੋਂ ਬਾਹਰ ਜਾ ਰਹੇ ਸੀ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਤਾਂ ਇਹ ਪਤਾ ਲੱਗਾ ਕਿ ਇਨ੍ਹਾਂ ਵਿਦਿਆਰਥੀਆਂ ਨੇ ਆਪਣੇ ਪੇਪਰ ਹੱਲ ਕਰ ਲਏ ਹਨ। ਉਨ੍ਹਾਂ ਦੱਸਿਆ ਕਿ ਪੁਰਾਣੀ ਵਿਧੀ ਮੁਤਾਬਕ ਕੋਈ ਵੀ ਵਿਦਿਆਰਥੀਆਂ ਅੱਧੇ ਸਮੇਂ ਤੋਂ ਬਾਅਦ ਜੇਕਰ ਆਪਣਾ ਪੇਪਰ ਹੱਲ ਕਰ ਲੈਂਦਾ ਹੈ ਤਾਂ ਉਸ ਨੂੰ ਬਾਹਰ ਜਾਣ ਦੀ ਖੁੱਲ੍ਹ ਸੀ। ਸ੍ਰੀ ਢੋਲ ਮੌਕੇ ’ਤੇ ਹੀ ਪ੍ਰੀਖਿਆ ਅਮਲੇ ਨੂੰ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਕਿ ਜੇਕਰ ਕੋਈ ਬੱਚਾ ਤਿੰਨ ਘੰਟੇ ਤੋਂ ਪਹਿਲਾਂ ਆਪਣਾ ਪੇਪਰ ਹੱਲ ਕਰ ਲੈਂਦਾ ਹੈ ਤਾਂ ਉਸ ਨੂੰ ਬਾਹਰ ਜਾਣ ’ਤੇ ਕੋਈ ਮਨਾਹੀ ਨਹੀਂ ਹੈ ਪ੍ਰੰਤੂ ਅਜਿਹਾ ਕੋਈ ਵੀ ਵਿਦਿਆਰਥੀ ਆਪਣੇ ਨਾਲ ਪ੍ਰਸ਼ਨ ਪੱਤਰ ਨਹੀਂ ਲੈ ਕੇ ਜਾ ਸਕੇਗਾ ਕਿਉਂਕਿ ਅਜਿਹਾ ਹੋਣ ਕਾਰਨ ਉਹ ਇਸ ਦੀ ਦੁਰਵਰਤੋਂ ਕਰਕੇ ਆਪਣੇ ਕਿਸੇ ਸਾਥੀ ਪ੍ਰੀਖਿਆਰਥੀ ਨੂੰ ਬਾਹਰੋਂ ਪੇਪਰ ਹੱਲ ਕਰਵਾਉਣ ਨਕਲ ਕਰਵਾ ਸਕਦਾ ਹੈ। ਜਾਂ ਕੋਈ ਸ਼ਰਾਰਤੀ ਅਨਸਰ ਪੇਪਰ ਲੀਕ ਹੋਣ ਦੀ ਝੂਠੀ ਅਫਵਾਹ ਵੀ ਫੈਲ ਸਕਦਾ ਹੈ। ਉਨ੍ਹਾਂ ਸਮੂਹ ਪ੍ਰੀਖਿਆ ਕੇਂਦਰਾਂ ਦੇ ਅਮਲੇ ਨੂੰ ਸਖ਼ਤੀ ਨਾਲ ਆਖਿਆ ਕਿ ਭਵਿੱਖ ਵਿੱਚ ਅਜਿਹੇ ਵਿਦਿਆਰਥੀਆਂ ’ਤੇ ਤਿੱਖੀ ਨਜ਼ਰ ਰੱਖੀ ਜਾਵੇ। ਉਂਜ ਉਨ੍ਹਾਂ ਇਹ ਜਰੂਰ ਕਿਹਾ ਕਿ ਪ੍ਰੀਖਿਆ ਸਮੇਂ ਤੋਂ ਕੋਈ ਵੀ ਵਿਦਿਆਰਥੀ ਅਮਲੇ ਤੋਂ ਆਪਣਾ ਪ੍ਰਸ਼ਨ ਪੱਤਰ ਹਾਸਲ ਕਰ ਸਕਦਾ ਹੈ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…