Nabaz-e-punjab.com

ਬੁੱਤਸਾਜ ਨੇ ਸਿੱਖ ਅਜਾਇਬਘਰ ਦੇ ਬਾਹਰ ਸ਼ਹੀਦ ਊਧਮ ਸਿੰਘ ਦੇ ਮਾਡਲ ਨਾਲ ਫਿੱਟ ਕੀਤੀ ਪਿਸਤੌਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਜੁਲਾਈ:
ਸਿੱਖ ਅਜਾਇਬਘਰ ਮੁਹਾਲੀ ਦੇ ਬਾਹਰ ਮੁੱਖ ਗੇਟ ਦੇ ਨਾਲ ਸੁਸ਼ੋਭਿਤ ਸ਼ਹੀਦ ਊਧਮ ਸਿੰਘ ਦੇ ਮਾਡਲ (ਬੁੱਤ) ਨਾਲ ਪਿਸਤੌਲ ਲਗਾ ਦਿੱਤੀ ਗਈ ਹੈ। ਬੁੱਤਸਾਜ ਪਰਵਿੰਦਰ ਸਿੰਘ ਨੇ ਅੱਜ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਮਾਡਲ ਨਾਲ ਪਿਸਤੌਲ ਜੋੜ ਦਿੱਤੀ ਹੈ। ਉਨ੍ਹਾਂ ਦੱਸਿਆ ਕਿ 15 ਕੁ ਦਿਨ ਪਹਿਲਾਂ ਕੋਈ ਸ਼ਰਾਰਤੀ ਅਨਸਰ ਸ਼ਹੀਦ ਊਧਮ ਸਿੰਘ ਦੇ ਮਾਡਲ ਤੋਂ ਪਿਸਤੌਲ ਤੋੜ ਕੇ ਲੈ ਗਿਆ ਸੀ। ਪਿਸਤੌਲ ਚੋਰੀ ਦੀ ਵਾਰਦਾਤ ਸਿੱਖ ਅਜਾਇਬਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ।
ਬੁੱਤਸਾਜ ਨੇ ਦੱਸਿਆ ਕਿ ਬੀਤੀ 15 ਜੁਲਾਈ ਦੀ ਰਾਤ ਕਰੀਬ 12.10 ਵਜੇ ਸਿਰ ਤੋਂ ਮੋਨਾ ਇਕ ਵਿਅਕਤੀ ਸ਼ਮਸ਼ਾਨਘਾਟ ਵਾਲੇ ਪਾਸਿਓਂ ਪੈਦਲ ਆਉਂਦਾ ਦਿਖਾਈ ਦੇ ਰਿਹਾ ਹੈ। ਉਹ ਸਿੱਖ ਅਜਾਇਬਘਰ ਦੇ ਬਾਹਰ ਪਹੁੰਚ ਕੇ ਇੱਧਰ ਉੱਧਰ ਦੇਖਦਾ ਹੈ ਅਤੇ ਅਚਾਨਕ ਝੁਕ ਕੇ ਸ਼ਹੀਦ ਊਧਮ ਸਿੰਘ ਦੇ ਮਾਡਲ ਵੱਲ ਵਧਦਾ ਹੈ ਅਤੇ ਸ਼ਹੀਦ ਦੇ ਹੱਥ ਵਿੱਚ ਫੜੀ ਪਿਸਤੌਲ ਤੋੜ ਕੇ ਪੁੱਠੇ ਪੈਰੀ ਭੱਜ ਜਾਂਦਾ ਹੈ। ਬੁੱਤਸਾਜ਼ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸਿੱਖ ਅਜਾਇਬਘਰ ਵਿੱਚ ਚੋਰੀਆਂ ਹੋ ਚੁੱਕੀਆਂ ਹਨ। ਕੁਝ ਸਮਾਂ ਪਹਿਲਾਂ ਹੀ ਗੋਲਕ ’ਚੋਂ ਪੈਸੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਇਹ ਵਾਰਦਾਤ ਵੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ।
ਉਨ੍ਹਾਂ ਦੱਸਿਆ ਕਿ ਪਿਸਤੌਲ ਚੋਰੀ ਹੋਣ ਸਬੰਧੀ ਥਾਣਾ ਬਲੌਂਗੀ ਦੇ ਤਤਕਾਲੀ ਐਸਐਚਓ ਨੂੰ ਲਿਖਤੀ ਸ਼ਿਕਾਇਤ ਅਤੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਸੀਡੀ ਸਬੂਤ ਵਜੋਂ ਦਿੱਤੀ ਗਈ ਸੀ ਲੇਕਿਨ 16 ਦਿਨ ਬੀਤ ਜਾਣ ਦੇ ਬਾਵਜੂਦ ਪੁਲੀਸ ਨੂੰ ਮਾਡਲ ਤੋਂ ਚੋਰੀ ਕੀਤੀ ਪਿਸਤੌਲ ਬਾਰੇ ਅਤੇ ਮੁਲਜ਼ਮ ਬਾਰੇ ਕੋਈ ਠੋਸ ਸੁਰਾਗ ਨਹੀਂ ਮਿਲਿਆ। ਬੁੱਤਸਾਜ ਨੇ ਦੱਸਿਆ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਪੁਲੀਸ ਰਿਪੋਰਟ ਤੋਂ ਬਾਅਦ ਪਿਸਤੌਲ ਵਾਪਸ ਮਿਲ ਜਾਵੇਗੀ ਲੇਕਿਨ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਉਸ ਨੇ ਨਵੀਂ ਪਿਸਤੌਲ ਬਣਾ ਕੇ ਮਾਡਲ ਨਾਲ ਲਗਾ ਦਿੱਤੀ ਹੈ।
ਬੁੱਤਸਾਜ ਪਰਵਿੰਦਰ ਸਿੰਘ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਜਿਵੇਂ ਪਿਛਲੇ ਸਮੇਂ ਦੌਰਾਨ ਮੁਹਾਲੀ ਵਿੱਚ ਵੱਖ ਵੱਖ ਸੈਕਟਰਾਂ ਵਿੱਚ ਮੰਦਰਾਂ ਅਤੇ ਗੁਰਦੁਆਰਿਆਂ ਨੂੰ ਢੁਕਵੀਆਂ ਜ਼ਮੀਨਾਂ ਲੀਜ਼ ’ਤੇ ਜ਼ਮੀਨ ਅਲਾਟ ਕੀਤੀਆਂ ਗਈਆਂ ਹਨ। ਉਸੇ ਤਰਜ਼ ’ਤੇ ਸਿੱਖ ਅਜਾਇਬਘਰ ਨੂੰ ਪੱਕੀ ਜ਼ਮੀਨ ਅਲਾਟ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸੈਰ ਸਪਾਟਾ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲ ਕੇ ਉਨ੍ਹਾਂ ਨੇ ਮੰਗ ਪੱਤਰ ਦੇਣ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਮੰਤਰੀ ਨੇ ਇਹ ਕਹਿ ਕੇ ਉਸ ਕੋਲੋਂ ਮੰਗ ਪੱਤਰ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਹ ਖ਼ੁਦ ਸਿੱਖ ਅਜਾਇਬਘਰ ਦਾ ਦੌਰਾ ਕਰਨਗੇ ਅਤੇ ਉਦੋਂ ਉਨ੍ਹਾਂ ਨੂੰ ਮੰਗ ਪੱਤਰ ਦੇ ਦਿੱਤਾ ਜਾਵੇ ਲੇਕਿਨ ਹੁਣ ਤੱਕ ਮੰਤਰੀ ਨੂੰ ਇੱਥੇ ਆਉਣ ਦੀ ਵਹਿਲ ਨਹੀਂ ਮਿਲੀ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…