
ਸੀਬੀਆਈ ਅਦਾਲਤ ਵੱਲੋਂ ਤਿੰਨ ਥਾਣੇਦਾਰਾਂ ਨੂੰ ਕੈਦ ਤੇ ਜੁਰਮਾਨਾ, ਇੱਕ ਥਾਣੇਦਾਰ ਭਗੌੜਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਮਾਰਚ:
ਮੁਹਾਲੀ ਦੀ ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਨੇ ਕਰੀਬ ਤਿੰਨ ਦਹਾਕੇ ਪੁਰਾਣੇ ਸਿੱਖ ਨੌਜਵਾਨ ਨੂੰ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਮਾਮਲੇ ਦਾ ਨਿਬੇੜਾ ਕਰਦਿਆਂ ਪੰਜਾਬ ਪੁਲੀਸ ਦੇ ਸੇਵਾਮੁਕਤ ਇੰਸਪੈਕਟਰ ਸੂਬਾ ਸਿੰਘ, ਸਾਬਕਾ ਸਬ ਇੰਸਪੈਕਟਰ ਰਵੇਲ ਸਿੰਘ ਅਤੇ ਦਲਬੀਰ ਸਿੰਘ ਨੂੰ ਦੋਸ਼ੀ ਮੰਨਦੇ ਹੋਏ ਕੈਦ ਅਤੇ ਜੁਰਮਾਨੇ ਦੀ ਸਜਾ ਸੁਣਾਈ ਗਈ ਹੈ। ਜਦੋਂਕਿ ਇੱਕ ਦੋਸ਼ੀ ਥਾਣੇਦਾਰ ਕਸ਼ਮੀਰ ਸਿੰਘ ਨੂੰ ਭਗੌੜਾ ਘੋਸ਼ਿਤ ਕੀਤਾ ਗਿਆ ਹੈ।
ਪੀੜਤ ਪਰਿਵਾਰ ਦੇ ਵਕੀਲਾਂ ਸਰਬਜੀਤ ਸਿੰਘ ਅਤੇ ਪੁਸ਼ਪਿੰਦਰ ਸਿੰਘ ਨੱਤ ਨੇ ਦੋਸ਼ੀ ਸੂਬਾ ਸਿੰਘ ਨੂੰ ਧਾਰਾ 365 ਵਿੱਚ 5 ਸਾਲ ਦੀ ਕੈਦ ਅਤੇ 5 ਹਜ਼ਾਰ ਰੁਪਏ ਜੁਰਮਾਨਾ, ਥਾਣੇਦਾਰ ਦਲਬੀਰ ਸਿੰਘ ਨੂੰ ਧਾਰਾ 365, 334 ਤੇ 120ਬੀ ਵਿੱਚ 2 ਸਾਲ ਦੀ ਕੈਦ ਤੇ ਜੁਰਮਾਨਾ ਅਤੇ ਥਾਣੇਦਾਰ ਰਵੇਲ ਸਿੰਘ ਨੂੰ ਧਾਰਾ 344 ਤੇ 330 ਵਿੱਚ 3 ਸਾਲ ਦੀ ਕੈਦ ਅਤੇ ਜੁਰਮਾਨੇ ਦੀ ਸਜਾ ਸੁਣਾਈ ਗਈ। ਵਕੀਲਾਂ ਨੇ ਦੱਸਿਆ ਕਿ 7 ਅਗਸਤ 1991 ਨੂੰ ਬਲਜੀਤ ਸਿੰਘ ਵਾਸੀ ਪਿੰਡ ਮੱਲੂਵਾਲ ਸੰਤਾਂ (ਤਰਨਤਾਰਨ) ਸਵੇਰੇ ਕਰੀਬ 10 ਵਜੇ ਝਬਾਲ ਥਾਣੇ ਦੇ ਤਤਕਾਲੀ ਐਸਐਚਓ ਸੂਬਾ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਬੱਸ ਅੱਡਾ ਝਬਾਲ (ਤਰਨਤਾਰਨ) ਤੋਂ ਜ਼ਬਰਦਸਤੀ ਚੁੱਕ ਕੇ ਥਾਣੇ ਲੈ ਗਏ ਅਤੇ 16 ਅਗਸਤ 1991 ਤੱਕ ਉਸ ਨੂੰ ਨਾਜਾਇਜ਼ ਹਿਰਾਸਤ ਵਿੱਚ ਰੱਖ ਕੇ ਬੇਤਹਾਸ਼ਾ ਤਸ਼ੱਦਦ ਢਾਹਿਆ ਗਿਆ। ਇਸ ਦੌਰਾਨ ਪਰਿਵਾਰਕ ਮੈਂਬਰ ਅਤੇ ਹੋਰ ਪਤਵੰਤੇ ਉਸ ਨੂੰ ਥਾਣੇ ਵਿੱਚ ਮਿਲਦੇ ਰਹੇ ਅਤੇ ਉਸ (ਬਲਜੀਤ ਸਿੰਘ) ਨੂੰ ਖਾਣਾ, ਚਾਹ, ਕੱਪੜਾ ਆਦਿ ਦਿੰਦੇ ਰਹੇ ਸਨ ਪ੍ਰੰਤੂ ਉਸ ਤੋਂ ਬਾਅਦ ਉਸ ਦਾ ਕੋਈ ਥਹੁ ਪਤਾ ਨਹੀਂ ਲੱਗਿਆ।
ਇਸ ਸਬੰਧੀ ਵਿੱਚ ਫੌਜ ਦੇ ਸੀਨੀਅਰ ਅਧਿਕਾਰੀਆਂ ਨੇ ਪੰਜਾਬ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਦਸੇ ਉੱਚ ਅਧਿਕਾਰੀਆਂ ਨੂੰ ਕਈ ਪੱਤਰ ਲਿਖੇ ਕਿਉਂਕਿ ਬਲਜੀਤ ਸਿੰਘ ਦਾ ਭਰਾ ਫੌਜ ਵਿੱਚ ਸੇਵਾ ਨਿਭਾ ਰਿਹਾ ਸੀ ਅਤੇ ਕਰਨਲ ਰਵਿੰਦਰ ਸਿੰਘ ਵੀ ਇਸ ਕੇਸ ਵਿੱਚ ਗਵਾਹ ਵਜੋਂ ਪੇਸ਼ ਹੋਏ ਸੀ। ਪ੍ਰੰਤੂ ਕਿਸੇ ਨੇ ਕੋਈ ਆਈ ਗਈ ਨਹੀਂ ਦਿੱਤੀ। ਪੰਜ ਸਾਲ ਬਾਅਦ ਦੁਖੀ ਹੋ ਕੇ ਬਲਜੀਤ ਸਿੰਘ ਦੀ ਪਤਨੀ ਬਲਬੀਰ ਕੌਰ ਨੇ 1996 ਵਿੱਚ ਹਾਈ ਕੋਰਟ ਦਾ ਬੂਹਾ ਖੜਾ ਕੇ ਇਨਸਾਫ਼ ਦੀ ਗੁਹਾਰ ਲਗਾਈ ਗਈ। ਪਟੀਸ਼ਨ ’ਤੇ ਸੁਣਵਾਈ ਕਰਦਿਆਂ 6 ਅਪਰੈਲ 2005 ਨੂੰ ਉੱਚ ਅਦਾਲਤ ਨੇ ਸੀਜੇਐਮ ਅੰਮ੍ਰਿਤਸਰ ਨੂੰ ਜਾਂਚ ਦੇ ਨਿਰਦੇਸ਼ ਦਿੱਤੇ ਗਏ। ਇਸ ਸਬੰਧੀ 14 ਦਸੰਬਰ 2005 ਨੂੰ ਸੀਜੇਐਮ ਵੱਲੋਂ ਹਾਈ ਕੋਰਟ ਵਿੱਚ ਆਪਣੀ ਰਿਪੋਰਟ ਦਿੱਤੀ ਗਈ ਲੇਕਿਨ ਪੀੜਤ ਪਰਿਵਾਰ ਸੰਤੁਸ਼ਟ ਨਹੀਂ ਹੋਇਆ।
ਇੰਜ ਹਾਈ ਕੋਰਟ ਨੇ 27 ਜਨਵਰੀ 2006 ਨੂੰ ਸੀਬੀਆਈ ਨੂੰ ਜਾਂਚ ਸੌਂਪ ਦਿੱਤੀ। ਮੁੱਢਲੀ ਜਾਂਚ ਤੋਂ ਬਾਅਦ ਸੀਬੀਆਈ ਵੱਲੋਂ 20 ਮਾਰਚ 2006 ਨੂੰ ਤਤਕਾਲੀ ਐਸਐਚਓ ਸੂਬਾ ਸਿੰਘ ਦੇ ਖ਼ਿਲਾਫ਼ ਧਾਰਾ 387, 364, 344 ਅਤੇ 120ਬੀ ਦੇ ਤਹਿਤ ਕੇਸ ਦਰਜ ਕੀਤਾ ਗਿਆ। ਬਾਅਦ ਵਿੱਚ ਜਾਂਚ ਏਜੰਸੀ ਨੇ ਦੋਸ਼ੀ ਸੂਬਾ ਸਿੰਘ ਅਤੇ ਦਲਬੀਰ ਸਿੰਘ ਖ਼ਿਲਾਫ਼ ਧਾਰਾ 365 ਅਤੇ 330 ਤਹਿਤ ਜੁਰਮ ਦਾ ਵਾਧਾ ਕੀਤਾ ਗਿਆ ਅਤੇ ਇਸ ਮਾਮਲੇ ਵਿੱਚ ਤਤਕਾਲੀ ਸਬ ਇੰਸਪੈਕਟਰ ਦਲਬੀਰ ਸਿੰਘ, ਰਵੇਲ ਸਿੰਘ ਅਤੇ ਕਸ਼ਮੀਰ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ। ਵਕੀਲਾਂ ਨੇ ਦੱਸਿਆ ਕਿ 19 ਫਰਵਰੀ 2009 ਨੂੰ ਸੀਬੀਆਈ ਅਦਾਲਤ ਵੱਲੋਂ ਦੋਸ਼ੀ ਸੂਬਾ ਸਿੰਘ ਅਤੇ ਦਲਬੀਰ ਸਿੰਘ ਵਿਰੁੱਧ ਦੋਸ਼ ਆਇਦ ਕੀਤੇ ਗਏ ਅਤੇ ਇਸ ਤੋਂ ਬਾਅਦ ਰਵੇਲ ਸਿੰਘ ਅਤੇ ਕਸ਼ਮੀਰ ਸਿੰਘ ਨੂੰ ਅਦਾਲਤ ਵੱਲੋਂ ਦੋਸ਼ੀ ਵਜੋਂ ਸੰਮਨ ਜਾਰੀ ਕੀਤੇ ਗਏ। 4 ਜੁਲਾਈ 2012 ਨੂੰ ਸੂਬਾ ਸਿੰਘ, ਦਲਬੀਰ ਸਿੰਘ ਰਵੇਲ ਸਿੰਘ ਵਿਰੁੱਧ ਦੋਸ਼ ਆਇਦ ਕੀਤੇ ਗਏ ਅਤੇ ਚੌਥੇ ਦੋਸ਼ੀ ਕਸ਼ਮੀਰ ਸਿੰਘ ਨੂੰ ਭਗੌੜਾ ਐਲਾਨਿਆ ਗਿਆ ਕਿਉਂਕਿ ਸੀਬੀਆਈ ਵੱਲੋਂ ਕੇਸ ਦਰਜ ਕਰਨ ਤੋਂ ਬਾਅਦ ਉਹ ਰੂਪੋਸ਼ ਹੋ ਗਿਆ ਸੀ, ਜੋ ਹੁਣ ਤੱਕ ਪੇਸ਼ ਨਹੀਂ ਹੋਇਆ।
ਇਸ ਕੇਸ ਦੀ ਸੁਣਵਾਈ ਦੌਰਾਨ ਇਸਤਗਾਸਾ ਪੱਖ ਦੇ 16 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਅਤੇ ਲਗਪਗ 32 ਸਾਲਾਂ ਬਾਅਦ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲਿਆ। ਜ਼ਿਕਰਯੋਗ ਹੈ ਕਿ ਬਲਜੀਤ ਸਿੰਘ ਦੀ ਪਤਨੀ ਬਲਬੀਰ ਕੌਰ ਜੋ ਕਿ ਇਸ ਕੇਸ ਦੀ ਸ਼ਿਕਾਇਤਕਰਤਾ ਸਨ ਅਤੇ ਉਹ ਪਿਛਲੇ ਸਾਲ ਇਨਸਾਫ਼ ਦੀ ਉਡੀਕ ਵਿੱਚ ਦਮ ਤੋੜ ਗਏ।