nabaz-e-punjab.com

ਸੀਬੀਆਈ ਅਦਾਲਤ ਵੱਲੋਂ ਗਵਾਹਾਂ ਨੂੰ ਧਮਕਾਉਣ ਦੇ ਦੋਸ਼ ਵਿੱਚ ਗੁਰਦਾਸਪੁਰ ਦੇ ਐਸਐਸਪੀ ਤੇ ਹੋਰਨਾਂ ਨੂੰ ਨੋਟਿਸ

ਗੁਰਦਾਸਪੁਰ ਪੁਲੀਸ ਵੱਲੋਂ 25 ਸਾਲ ਪਹਿਲਾਂ ਚਾਰ ਨੌਜਵਾਨਾਂ ਨੂੰ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰਨ ਦਾ ਮਾਮਲਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਪਰੈਲ:
ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ 25 ਸਾਲ ਪੁਰਾਣੇ ਝੂਠੇ ਪੁਲੀਸ ਮੁਕਾਬਲੇ ਦੇ ਮਾਮਲੇ ਵਿੱਚ ਗਵਾਹਾਂ ਨੂੰ ਕਥਿਤ ਤੌਰ ’ਤੇ ਧਮਕਾਉਣ ਦੇ ਦੋਸ਼ ਵਿੱਚ ਗੁਰਦਾਸਪੁਰ ਦੇ ਐਸਐਸਪੀ ਸਵਰਨਦੀਪ ਸਿੰਘ ਸਮੇਤ ਹੋਰਨਾਂ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਕੇਸ ਦੀ ਅਗਲੀ ਸੁਣਵਾਈ 1 ਮਈ ਨੂੰ ਹੋਵੇਗੀ। ਜਾਣਕਾਰੀ ਅਨੁਸਾਰ ਗੁਰਦਾਸਪੁਰ ਪੁਲੀਸ ਵੱਲੋਂ ਜਨਵਰੀ 1994 ਵਿੱਚ ਚਾਰ ਨੌਜਵਾਨਾਂ ਨੂੰ ਚੁੱਕ ਕੇ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰਨ ਦਾ ਕੇਸ ਮੁਹਾਲੀ ਦੇ ਵਿਸ਼ੇਸ਼ ਸੀਬੀਆਈ ਦੇ ਜੱਜ ਐਨਐਸ ਗਿੱਲ ਦੀ ਅਦਾਲਤ ਵਿੱਚ ਚਲ ਰਿਹਾ ਹੈ। ਮੌਜੂਦਾ ਪੁਲੀਸ ’ਤੇ ਗਵਾਹਾਂ ਨੂੰ ਧਮਕਾਉਣ ਅਤੇ ਰਾਜੀਨਾਮਾ ਕਰਨ ਲਈ ਦਬਾਅ ਪਾਉਣ ਦਾ ਦੋਸ਼ ਹੈ। ਜੱਜ ਨੇ ਗਵਾਹ ਦੇ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਗੁਰਦਾਸਪੁਰ ਦੇ ਐਸਐਸਪੀ ਸਵਰਨਦੀਪ ਸਿੰਘ ਸਮੇਤ ਡੀਐਸਪੀ ਬਲਦੇਵ ਸਿੰਘ, ਸਾਬਕਾ ਇੰਸਪੈਕਟਰ ਸੁਰਿੰਦਰਪਾਲ ਸਿੰਘ ਅਤੇ ਸਾਬਕਾ ਪੁਲੀਸ ਮੁਲਾਜ਼ਮ ਦਲਜੀਤ ਸਿੰਘ ਨੂੰ ਨੋਟਿਸ ਜਾਰੀ ਕਰਕੇ 1 ਮਈ ਤੱਕ ਆਪਣਾ ਪੱਖ ਰੱਖਣ ਲਈ ਆਖਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਗਵਾਹ ਮੁਖਤਿਅਰ ਸਿੰਘ ਨੇ ਕੇਸ ਦੀ ਸੁਣਵਾਈ ਦੌਰਾਨ ਅਦਾਲਤ ਨੂੰ ਦੱਸਿਆ ਗਿਆ ਸੀ ਕਿ ਗੁਰਦਾਸਪੁਰ ਦੇ ਪੁਲੀਸ ਮਖੀ ਵੱਲੋਂ ਉਸ ਨੂੰ ਆਪਣੀ ਰਿਹਾਇਸ਼ ’ਤੇ ਸੱਦ ਇਸ ਕੇਸ ਵਿੱਚ ਰਾਜੀਨਾਮਾ ਕਰਨ ਲਈ ਦਬਾਅ ਪਾਇਆ ਗਿਆ ਹੈ ਅਤੇ ਸ਼ਿਕਾਇਤ ਕਰਤਾ ਅਲੁਸਾਰ ਐਸਐਸਪੀ ਵੱਲੋਂ ਇਹ ਕਿਹਾ ਗਿਆ ਹੈ ਕਿ ਉਸ ਦੀ ਇਹ ਜ਼ਿੰਮੇਵਾਰੀ ਡੀਜੀਪੀ ਵੱਲੋਂ ਲਗਾਈ ਗਈ ਹੈ। ਗਵਾਹ ਨੇ ਦੱਸਿਆ ਕਿ ਐਸਐਸਪੀ ਵੱਲੋਂ ਉਸ ਨੂੰ ਮੋਟੀ ਰਕਮ ਅਤੇ ਪੁਲੀਸ ਵਿਭਾਗ ਵਿੱਚ ਪੀੜਤ ਪਰਿਵਾਰ ਦੇ ਇਕ ਜੀਅ ਨੂੰ ਨੌਕਰੀ ਦੀ ਪੇਸ਼ਕਸ਼ ਕੀਤੀ ਗਈ ਹੈ।
ਇਸ ਬਦਲੇ ਉਸ ’ਤੇ ਸੀਬੀਆਈ ਅਦਾਲਤ ਵਿੱਚ ਗਵਾਹੀ ਨਾ ਦੇਣ ਲਈ ਦਬਾਅ ਪਾਇਆ ਅਤੇ ਕਿਹਾ ਕਿ ਉਹ ਅਦਾਲਤ ਵਿੱਚ ਝੂਠਾ ਡਾਕਟਰੀ ਮੈਡੀਕਲ ਪੇਸ਼ ਕਰ ਦੇਵੇ ਤਾਂ ਜੋ ਅਗਲੀ ਤਾਰੀਕ ਤੋਂ ਪਹਿਲਾ ਸਮਝੌਤਾ ਸਿਰੇ ਚੜ੍ਹ ਸਕੇ। ਅਦਾਲਤ ਵੱਲੋਂ ਗਵਾਹ ਮੁਖਤਿਆਰ ਸਿੰਘ ਦੀ ਸ਼ਿਕਾਇਤ
ਜਿਸ ਵਿੱਚ ਐਸਐਸਪੀ ਦੇ ਰੀਡਰ ਦੇ ਮੋਬਾਈਲ ਦੇ ਵੇਰਵੇ ਵੀ ਦਿੱਤੇ ਗਏ ਹਨ, ਨੂੰ ਤਲਬ ਕੀਤਾ ਗਿਆ ਹੈ। ਗਵਾਹ ਵੱਲੋਂ ਦੱਸਿਆ ਗਿਆ ਕਿ ਪੁਲੀਸ ਮੁਲਾਜ਼ਮ ਦਲਜੀਤ ਸਿੰਘ ਨੇ ਉਸ ਨੂੰ ਫੋਨ ਕਰਕੇ ਕਈ ਵਾਰ ਧਮਕਾਇਆ ਅਤੇ ਸਾਬਕਾ ਇੰਸਪੈਕਟਰ ਸੁਰਿੰਦਰਪਾਲ ਸਿੰਘ ਨਾਲ ਉਸ ਦੇ ਦਫ਼ਤਰ ਆ ਕੇ 60 ਲੱਖ ਰੁਪਏ ਅਤੇ ਨੌਕਰੀ ਬਦਲੇ ਰਾਜੀਨਾਮਾ ਕਰਨ ਅਤੇ ਬਾਅਦ ਵਿੱਚ ਡੀਐਸਪੀ ਬਲਦੇਵ ਸਿੰਘ ਨਾਲ ਫੋਨ ’ਤੇ ਗੱਲ ਕਰਵਾਈ ਗਈ। ਜਿਸ ਨੇ ਰਾਜੀਨਾਮਾ ਕਰਨ ਦੀ ਸਲਾਹ ਦਿੱਤੀ ਜਾਂ ਨਤੀਜੇ ਭੁਗਤਣ ਲਈ ਤਿਆਰ ਰਹਿਣ ਲਈ ਧਮਕਾਇਆ ਗਿਆ।
ਮਿਲੀ ਜਾਣਕਾਰੀ ਅਨੁਸਾਰ ਜਨਵਰੀ 1994 ਵਿੱਚ ਗੁਰਦਾਸਪੁਰ ਪੁਲੀਸ ਵੱਲੋਂ ਹਰਜਿੰਦਰ ਸਿੰਘ ਰਾਣਾ, ਬਲਵਿੰਦਰ ਸਿੰਘ ਕਾਲਾ, ਬਲਵਿੰਦਰ ਸਿੰਘ ਉਰਫ ਬਾਜੂ, ਸਰੂਪ ਸਿੰਘ ਨੂੰ ਉਨ੍ਹਾਂ ਦੇ ਘਰਾਂ ਤੋਂ ਚੁੱਕ ਕੇ ਹਫ਼ਤੇ ਬਾਅਦ 24/25 ਜਨਵਰੀ 1994 ਦੀ ਦਰਮਿਆਨੀ ਰਾਤ ਨੂੰ ਪੁਲ ਕੁੰਜਰਾ ਦੇ ਰੈਸਟ ਹਾਉਸ ਵਿੱਚ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ। ਮ੍ਰਿਤਕ ਨੌਜਵਾਨਾਂ ਦੇ ਪਰਿਵਾਰ ਵੱਲੋਂ ਸੁਪਰੀਮ ਕੋਰਟ ਵਿੱਚ ਕੇਸ ਦਾਇਰ ਕਾਰਨ ਤੋਂ ਬਾਅਦ ਇਸ ਮਾਮਲੇ ਦੀ ਤਫ਼ਤੀਸ਼ ਸੀਬੀਆਈ ਨੂੰ ਸੌਂਪੀ ਗਈ ਸੀ। ਸੀਬੀਆਈ ਵੱਲੋਂ ਇਸ ਮਾਮਲੇ ਵਿੱਚ ਗੁਰਦਾਸਪੁਰ ਦੇ ਐਸਪੀ ਅਪਰੇਸ਼ਨ ਵਿਵੇਕ ਮਿਸ਼ਰਾ, ਡੀਐਸਪੀ ਬਲਦੇਵ ਸਿੰਘ ਸੇਖੋਂ, ਥਾਣਾ ਕਾਹਨੂਵਾਨ ਦੇ ਐਸਐਚਓ ਪ੍ਰੀਤਮ ਸਿੰਘ, ਧਾਲੀਵਾਲ ਦੇ ਐਸਐਚਓ ਮਲੂਕ ਸਿੰਘ ਸਮੇਤ 28 ਪੁਲੀਸ ਅਧਿਕਾਰੀਆਂ ਖ਼ਿਲਾਫ਼ ਵੱਖ ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਜਿਨ੍ਹਾਂ ’ਚੋਂ 6 ਪੁਲੀਸ ਅਧਿਕਾਰੀਆਂ ਦੀ ਮੌਤ ਹੋ ਚੁੱਕੀ ਹੈ।
ਉਧਰ, ਇਸ ਸਬੰਧੀ ਸੰਪਰਕ ਕਰਨ ’ਤੇ ਗੁਰਦਾਸਪੁਰ ਦੇ ਐਸਐਸਪੀ ਸਵਰਨਦੀਪ ਸਿੰਘ ਨੇ ਗਵਾਹਾਂ ਨੂੰ ਗਵਾਹੀ ਨਾ ਦੇਣ ਲਈ ਦਬਾਅ ਪਾਉਣ ਦੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਮਨਘੜਤ ਦੱਸਦਿਆਂ ਕਿਹਾ ਕਿ ਜਦੋਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੀ ਨਹੀਂ ਹੈ ਤਾਂ ਫਿਰ ਗਵਾਹ ਨੂੰ ਗਵਾਹੀ ਦੇਣ ਤੋਂ ਰੋਕਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਪੁਲੀਸ ਅਧਿਕਾਰੀ ਨੇ ਉਨ੍ਹਾਂ ਨੂੰ ਸੀਬੀਆਈ ਅਦਾਲਤ ਵੱਲੋਂ ਜਾਰੀ ਨੋਟਿਸ ਬਾਰੇ ਵੀ ਕੋਈ ਜਾਣਕਾਰੀ ਨਹੀਂ ਹੈ।

Load More Related Articles
Load More By Nabaz-e-Punjab
Load More In Court

Check Also

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ ਨਬਜ਼-ਏ-ਪੰਜ…