nabaz-e-punjab.com

ਭੋਲਾ ਕੇਸ: ਸੀਬੀਆਈ ਅਦਾਲਤ ਵੱਲੋਂ ਮੁਲਜ਼ਮ ਚੁੰਨੀ ਲਾਲ ਗਾਬਾ ਦੀ ਪੱਕੀ ਜ਼ਮਾਨਤ ਦੀ ਅਰਜ਼ੀ ਰੱਦ

ਮੁਲਜ਼ਮ ਗਾਬਾ ਨੇ ਬੀਤੀ 24 ਜਨਵਰੀ ਨੂੰ ਕੀਤਾ ਸੀ ਸੀਬੀਆਈ ਅਦਾਲਤ ’ਚ ਆਤਮ ਸਮਰਪਣ

ਸਾਬਕਾ ਮੰਤਰੀ ਫਿਲੌਰ ਅਤੇ ਹੋਰਨਾਂ ਵਿਰੁੱਧ ਮਾਮਲੇ ਦੀ ਅਗਲੀ ਸੁਣਵਾਈ ਲਈ 5 ਮਈ ਦਾ ਦਿਨ ਨਿਸ਼ਚਿਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਫਰਵਰੀ:
ਸੀਬੀਆਈ ਅਦਾਲਤ ਨੇ ਪੰਜਾਬ ਦੇ ਬਹੁ-ਚਰਚਿਤ ਜਗਦੀਸ਼ ਭੋਲਾ ਡਰੱਗ ਤਸਕਰੀ ਮਾਮਲੇ ਸਬੰਧੀ ਇਨਫੋਰਸਮੈਂਟ ਡਿਪਾਰਟਮੈਂਟ (ਈਡੀ) ਵੱਲੋਂ ਮਨੀ ਲਾਡਰਿੰਗ ਮਾਮਲੇ ਵਿੱਚ ਨਾਮਜ਼ਦ ਚੁੰਨੀ ਲਾਲ ਗਾਬਾ ਦੀ ਪੱਕੀ ਜ਼ਮਾਨਤ ਦੀ ਅਰਜ਼ੀ ਨੂੰ ਮੁੱਢੋਂ ਰੱਦ ਕਰ ਦਿੱਤਾ। ਮੁਲਜ਼ਮ ਚੁੰਨੀ ਲਾਲ ਗਾਬਾ ਨੇ ਬੀਤੀ 24 ਜਨਵਰੀ ਨੂੰ ਜਾਂਚ ਟੀਮ ਨੂੰ ਝਕਾਨੀ ਦੇ ਕੇ ਮੁਹਾਲੀ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਆਤਮ ਸਮਰਪਣ ਕੀਤਾ ਗਿਆ ਸੀ। ਅਦਾਲਤ ਨੇ ਉਸ ਨੂੰ 14 ਫਰਵਰੀ ਤੱਕ ਪਟਿਆਲਾ ਜੇਲ੍ਹ ਭੇਜ ਦਿੱਤਾ ਸੀ।
ਉਧਰ, ਚੁੰਨੀ ਲਾਲ ਗਾਬਾ ਨੇ ਆਪਣੇ ਵਕੀਲ ਰਾਹੀਂ ਸੀਬੀਆਈ ਅਦਾਲਤ ਵਿੱਚ ਪੱਕੀ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਗਈ। ਜਿਸ ’ਤੇ ਅੱਜ ਸੁਣਵਾਈ ਕਰਦਿਆਂ ਜੱਜ ਨੇ ਚੁੰਨੀ ਲਾਲ ਨੂੰ ਪੱਕੀ ਜ਼ਮਾਨਤ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਬਚਾਅ ਪੱਖ ਦਾ ਕਹਿਣਾ ਸੀ ਸਥਾਨਕ ਅਦਾਲਤ ਵੱਲੋਂ ਪਿਛਲੇ ਸਾਲ ਫਰਵਰੀ 2019 ਵਿੱਚ ਪੰਜਾਬ ਪੁਲੀਸ ਵੱਲੋਂ ਐਨਡੀਪੀਐਸ ਐਕਟ ਦੇ ਤਹਿਤ ਦਰਜ ਕੀਤੇ ਵੱਖਰੇ ਮਾਮਲੇ ਵਿੱਚ ਚੁੰਨੀ ਲਾਲ ਗਾਬਾ ਨੂੰ ਸਬੂਤਾਂ ਦੀ ਘਾਟ ਦੇ ਚੱਲਦਿਆਂ ਬਾਇੱਜ਼ਤ ਬਰੀ ਕੀਤਾ ਜਾ ਚੁੱਕਾ ਹੈ। ਪੁਲੀਸ ਉਨ੍ਹਾਂ ਦੇ ਖ਼ਿਲਾਫ਼ ਕੋਈ ਠੋਸ ਸਬੂਤ ਪੇਸ਼ ਨਹੀਂ ਕਰ ਸਕੀ ਹੈ। ਬਚਾਅ ਪੱਖ ਨੇ ਇਹ ਵੀ ਦਲੀਲ ਦਿੱਤੀ ਕਿ ਚੁੰਨੀ ਲਾਲ ਗਾਬਾ ਸਿਹਤ ਪੱਖੋਂ ਠੀਕ ਨਾ ਹੋਣ ਕਾਰਨ ਚੱਲਣ ਫਿਰਨ ਤੋਂ ਵੀ ਲਾਚਾਰ ਹੈ। ਉਹ ਇਕ ਥਾਂ ਤੋਂ ਦੂਜੀ ਥਾਂ ਜਾਣ ਲਈ ਜ਼ਿਆਦਾਤਰ ਵ੍ਹੀਲ ਚੇਅਰ ਇਸਤੇਮਾਲ ਕਰਦੇ ਹਨ।
ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਚੁੰਨੀ ਲਾਲ ਗਾਬਾ ਖ਼ਿਲਾਫ਼ ਦੋਸ਼ ਤੈਅ ਕਰਨ ਦੀ ਕਾਰਵਾਈ ਚੱਲ ਰਹੀ ਹੈ ਪ੍ਰੰਤੂ ਉਨ੍ਹਾਂ ਦੇ ਪੇਸ਼ੀ ’ਤੇ ਹਾਜ਼ਰ ਨਾ ਹੋਣ ਕਾਰਨ ਅਦਾਲਤ ਦੀ ਕਾਰਵਾਈ ਅੱਗੇ ਨਹੀਂ ਵਧ ਰਹੀ ਸੀ। ਇੱਥੇ ਇਹ ਜ਼ਿਕਰਯੋਗ ਹੈ ਕਿ ਈਡੀ ਵੱਲੋਂ ਦੋ ਸਾਬਕਾ ਮੰਤਰੀਆਂ ਸਰਵਣ ਸਿੰਘ ਫਿਲੌਰ ਅਤੇ ਅਵਿਨਾਸ਼ ਚੰਦਰ ਸਮੇਤ 12 ਮੁਲਜ਼ਮਾਂ ਅਤੇ ਉਨ੍ਹਾਂ ਦੀਆਂ ਵੱਖ-ਵੱਖ ਫਰਮਾਂ ਖ਼ਿਲਾਫ਼ ਮੁਹਾਲੀ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਗਿਆ ਸੀ। ਅੱਜ ਇਸ ਕੇਸ ਦੀ ਵੀ ਸੀਬੀਆਈ ਅਦਾਲਤ ਵਿੱਚ ਸੁਣਵਾਈ ਹੋਈ। ਇਕ ਮੁਲਜ਼ਮ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਇਸ ਸਬੰਧੀ ਸੁਪਰੀਮ ਕੋਰਟ ਵਿੱਚ ਕਾਰਵਾਈ ਵਿਚਾਰ ਅਧੀਨ ਹਨ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕੇਸ ਦੀ ਅਗਲੀ ਸੁਣਵਾਈ 5 ਮਈ ’ਤੇ ਅੱਗੇ ਪਾ ਦਿੱਤੀ।

Load More Related Articles
Load More By Nabaz-e-Punjab
Load More In Court

Check Also

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ

ਹਾਈ ਕੋਰਟ ਵੱਲੋਂ ਭਾਜਪਾ ਦੇ ਮੇਅਰ ਜੀਤੀ ਸਿੱਧੂ ਨੂੰ ਵੱਡੀ ਰਾਹਤ, ਕੌਂਸਲਰ ਵਜੋਂ ਮੈਂਬਰਸ਼ਿਪ ਬਹਾਲ ਨਬਜ਼-ਏ-ਪੰਜ…