Nabaz-e-punjab.com

ਮੁਲਤਾਨੀ ਕੇਸ: ਕੀ ਸੁਮੇਧ ਸੈਣੀ ਨੂੰ ਸੀਬੀਆਈ ਅਦਾਲਤ ’ਚ ਨਿੱਜੀ ਪੇਸ਼ੀ ਤੋਂ ਛੋਟ ਮਿਲੇਗੀ?

ਸੁਮੇਧ ਸੈਣੀ ਦੀਆਂ ਲਗਾਤਾਰ ਵਧ ਰਹੀਆਂ ਨੇ ਮੁਸ਼ਕਲਾਂ, ਪੁਲੀਸ ਵੱਲੋਂ ਗ੍ਰਿਫ਼ਤਾਰੀ ਦੇ ਨਾਂ ’ਤੇ ਛਾਪੇਮਾਰੀ

ਸੀਬੀਆਈ ਨੇ ਸੈਣੀ ਨੂੰ ਮਿਲੀ ਨਿੱਜੀ ਪੇਸ਼ੀ ਤੋਂ ਛੋਟ ਰੱਦ ਕਰਵਾਉਣ ਲਈ ਪਟੀਸ਼ਨ ਦਾਇਰ

ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਸਤੰਬਰ:
ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਲਗਾਤਾਰ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਦਸੰਬਰ 1991 ਵਿੱਚ ਮੁਹਾਲੀ ਦੇ ਵਸਨੀਕ ਬਲਵੰਤ ਸਿੰਘ ਮੁਲਤਾਨੀ ਦੇ ਅਗਵਾ ਅਤੇ ਕਤਲ ਕੇਸ ਵਿੱਚ ਉਸ ਦੀ ਅਗਾਊਂ ਜ਼ਮਾਨਤ ਰੱਦ ਹੋਣ ਤੋਂ ਦੋ ਦਿਨ ਬਾਅਦ ਹੀ ਉਸ ਦੇ ਖ਼ਿਲਾਫ਼ ਅਗਵਾ ਅਤੇ ਲਾਪਤਾ ਹੋਣ ਦਾ ਇਕ ਹੋਰ 26 ਸਾਲ ਪੁਰਾਣਾ ਕੇਸ ਵਿੱਚ ਸੀਬੀਆਈ ਨੇ ਸੈਣੀ ਨੂੰ ਪਹਿਲਾਂ ਤੋਂ ਮਿਲੀ ਨਿੱਜੀ ਪੇਸ਼ੀ ਤੋਂ ਛੋਟ ਰੱਦ ਕਰਵਾਉਣ ਲਈ ਪਟੀਸ਼ਨ ਕਰ ਦਿੱਤੀ ਹੈ। ਦਿੱਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਇਹ ਕੇਸ ਵਿਚਾਰ ਅਧੀਨ ਹੈ। ਭਲਕੇ ਸੁਣਵਾਈ ਹੋਣ ਦੀ ਸੰਭਾਵਨਾ ਹੈ।
ਵਾਹਨ ਕਾਰੋਬਾਰੀ ਵਿਨੋਦ ਕੁਮਾਰ, ਉਸ ਦੇ ਜੀਜਾ ਅਸ਼ੋਕ ਕੁਮਾਰ ਅਤੇ ਉਨ੍ਹਾਂ ਦੇ ਡਰਾਈਵਰ ਮੁਖਤਿਆਰ ਸਿੰਘ ਦੇ ਅਗਵਾ ਕਰਨ ਦੇ ਦੋਸ਼ ਵਿੱਚ ਸੈਣੀ ਅਪਰਾਧਿਕ ਕੇਸ ਦਾ ਸਾਹਮਣਾ ਕਰ ਰਹੇ ਹਨ। ਜਦਕਿ ਵਿਨੋਦ ਕੁਮਾਰ ਅਤੇ ਮੁਖ਼ਤਿਆਰ ਸਿੰਘ ਨੂੰ ਪੁਲੀਸ ਨੇ 15 ਮਾਰਚ 1994 ਨੂੰ ਹਾਈ ਕੋਰਟ ਦੀ ਪਾਰਕਿੰਗ ਤੋਂ ਚੁੱਕ ਲਿਆ ਸੀ, ਅਸ਼ੋਕ ਨੂੰ ਉਸੇ ਦਿਨ ਹੀ ਕਥਿਤ ਤੌਰ ’ਤੇ ਲੁਧਿਆਣਾ ਤੋਂ ਅਗਵਾ ਕਰ ਲਿਆ ਗਿਆ ਸੀ।
ਇਸ ਸਬੰਧੀ ਸੀਬੀਆਈ ਨੇ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਸੈਣੀ ਨੂੰ ਇਸ ਮਾਮਲੇ ਵਿੱਚ ਦਿੱਤੀ ਗਈ ਨਿੱਜੀ ਪੇਸ਼ੀ ਤੋਂ ਛੋਟ ਰੱਦ ਕਰਨ ਦੀ ਮੰਗ ਕੀਤੀ ਹੈ। ਸੀਬੀਆਈ ਦੇ ਵਿਸ਼ੇਸ਼ ਜੱਜ ਸੰਜੀਵ ਅਗਰਵਾਲ ਵੀਰਵਾਰ ਨੂੰ ਸੀਬੀਆਈ ਦੀ ਪਟੀਸ਼ਨ ’ਤੇ ਸੁਣਵਾਈ ਕਰਨਗੇ। ਮੁਲਤਾਨੀ ਕੇਸ ਵਿੱਚ ਹਾਈ ਕੋਰਟ ਵੱਲੋਂ ਸੈਣੀ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਹੋਣ ਤੋਂ ਬਾਅਦ ਸ਼ਿਕਾਇਤਕਰਤਾ ਤੋਂ ਉਸਦੀ ਨਿੱਜੀ ਪੇਸ਼ੀ ਮੰਗ ਸਕਦੇ ਹਨ। ਇਹ ਅਪਰਾਧਿਕ ਕੇਸ ਸੈਣੀ ਅਤੇ ਹੋਰਾਂ ਖ਼ਿਲਾਫ਼ ਸੀਬੀਆਈ ਨੇ 24 ਮਾਰਚ 1994 ਨੂੰ ਹਾਈ ਕੋਰਟ ਦੇ ਆਦੇਸ਼ਾਂ ’ਤੇ ਦਰਜ ਕੀਤਾ ਸੀ। ਬਾਅਦ ਵਿੱਚ ਵਿਨੋਦ ਦੀ ਮਾਂ ਅਮਰ ਕੌਰ ਦੀ ਅਪੀਲ ’ਤੇ ਕੇਸ 2004 ਵਿੱਚ ਸੁਪਰੀਮ ਕੋਰਟ ਨੇ ਦਿੱਲੀ ਤਬਦੀਲ ਕਰ ਦਿੱਤਾ ਸੀ। ਬੀਬੀ ਅਮਰ ਕੌਰ ਨੇ ਕਿਹਾ ਸੀ ਕਿ ਸੈਣੀ ਗਵਾਹਾਂ ਨੂੰ ਡਰਾ ਧਮਕਾ ਕੇ ਕੇਸ ਦੀ ਸੁਣਵਾਈ ਅਤੇ ਜਾਂਚ ਪ੍ਰਭਾਵਿਤ ਕਰ ਸਕਦਾ ਹੈ। ਆਪਣੇ ਗੁਆਚੇ ਪੁੱਤਰ ਨੂੰ ਇਨਸਾਫ਼ ਦਿਵਾਉਣ ਲਈ 24 ਸਾਲਾਂ ਤੋਂ ਕਾਨੂੰਨੀ ਲੜਾਈ ਲੜ ਰਹੀ ਮਾਂ ਦੀ ਤਿੰਨ ਸਾਲ ਪਹਿਲਾਂ 12 ਦਸੰਬਰ 2017 ਨੂੰ ਮੌਤ ਹੋ ਗਈ ਸੀ।
ਮੁਲਤਾਨੀ ਨੂੰ ਅਗਵਾ ਕਰਕੇ ਨਾਜਾਇਜ਼ ਨਜ਼ਰਬੰਦੀ, ਤਸ਼ੱਦਦ ਅਤੇ ਹਿਰਾਸਤ ਵਿੱਚ ਮੌਤ ਦੇ ਦੋਸ਼ ਵਿੱਚ ਦਰਜ ਅਪਰਾਧਿਕ ਮਾਮਲੇ ਵਿੱਚ ਸੁਮੇਧ ਸੈਣੀ ਨੂੰ ਗ੍ਰਿਫ਼ਤਾਰੀ ਤੋਂ ਕੋਈ ਬਚਾਅ ਨਹੀਂ ਹੈ। ਉਸ ਕੋਲ ਹੁਣ ਸੁਪਰੀਮ ਕੋਰਟ ਦਾ ਬੂਹਾ ਖੜਕਾਉਣ ਜਾਂ ਮੁਹਾਲੀ ਅਦਾਲਤ ਅਤੇ ਪੁਲੀਸ ਅੱਗੇ ਆਤਮ ਸਮਰਪਣ ਕਰਨ ਦਾ ਰਾਹ ਬਚਿਆ ਹੈ। ਉਧਰ, ਪੰਜਾਬ ਸਰਕਾਰ ਸੈਣੀ ਨੂੰ ਭਗੌੜਾ ਅਪਰਾਧੀ ਘੋਸ਼ਿਤ ਕਰਨ ਲਈ ਪ੍ਰਕਿਰਿਆ ਸ਼ੁਰੂ ਕਰ ਸਕਦੀ ਹੈ। ਇਸ ਸਬੰਧੀ ਵਿਸ਼ੇਸ਼ ਸਰਕਾਰੀ ਵਕੀਲ ਸਰਤੇਜ ਸਿੰਘ ਨਰੂਲਾ ਨੇ ਕਿਹਾ ਕਿ ਜੇਕਰ ਸੈਣੀ ਖ਼ੁਦ ਆਤਮ ਸਮਰਪਣ ਨਹੀਂ ਕਰਦਾ ਹੈ ਜਾਂ ਪੁਲੀਸ ਨੂੰ ਜਲਦੀ ਉਸ ਨੂੰ ਗ੍ਰਿਫ਼ਤਾਰ ਨਹੀਂ ਕਰਦੀ ਹੈ ਤਾਂ ਸਰਕਾਰ ਵੱਲੋਂ ਉਸ ਨੂੰ ਭਗੌੜਾ ਮੁਲਜ਼ਮ ਘੋਸ਼ਿਤ ਕਰਵਾਉਣ ਲਈ ਅਗਲੇ ਹਫ਼ਤੇ ਅਦਾਲਤ ਵਿੱਚ ਅਪੀਲ ਦਾਇਰ ਕਰੇਗੀ। ਉਧਰ, ਸੂਤਰ ਦੱਸਦੇ ਹਨ ਕਿ ਸੈਣੀ ਦੀ ਗ੍ਰਿਫ਼ਤਾਰ ਲਈ ਯਤਨ ਜਾਰੀ ਹਨ ਪ੍ਰੰਤੂ ਕੋਈ ਆਪਣਾ ਮੂੰਹ ਖੋਲ੍ਹਣ ਨੂੰ ਤਿਆਰ ਹੈ। ਇਸ ਸਬੰਧੀ ਐਸਐਸਪੀ ਕੁਲਦੀਪ ਸਿੰਘ ਚਾਹਲ ਸਮੇਤ ਐਸਪੀ ਡੀ ਤੇ ਸਿੱਟ ਦੇ ਮੁਖੀ ਹਰਮਨਦੀਪ ਸਿੰਘ ਹਾਂਸ ਅਤੇ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਕਿਸੇ ਅਧਿਕਾਰੀ ਨੇ ਫੋਨ ਨਹੀਂ ਚੁੱਕਿਆ।

Load More Related Articles
Load More By Nabaz-e-Punjab
Load More In Court and Police

Check Also

ਨਸ਼ਾ ਤਸਕਰੀ ਮਾਮਲਾ: ‘ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ ਮੇਰਾ ਮਨੋਬਲ ਨਹੀਂ ਤੋੜ ਸਕਦੀ’: ਮਜੀਠੀਆ

ਨਸ਼ਾ ਤਸਕਰੀ ਮਾਮਲਾ: ‘ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ ਮੇਰਾ ਮਨੋਬਲ ਨਹੀਂ ਤੋੜ ਸਕਦੀ’: ਮਜੀਠੀਆ ਮੁਹਾਲੀ ਅਦ…