
ਸਿੱਖਿਆ ਬੋਰਡ ਨਾਲ ਐਫੀਲੀਏਟਿਡ ਤੇ ਸੀਬੀਐਸਈ ਦੇ ਸਕੂਲਾਂ ਦਾ ਵਰਗੀਕਰਨ ਕੀਤਾ ਜਾਵੇ: ਤੇਜਪਾਲ ਸਿੰਘ
ਪ੍ਰਾਈਵੇਟ ਸਕੂਲਾਂ ਦੀ ਸੰਸਥਾ ਦਾ ਵਫ਼ਦ ਸਿੱਖਿਆ ਬੋਰਡ ਦੇ ਚੇਅਰਮੈਨ ਨੂੰ ਮਿਲਿਆ, ਮੰਗ ਪੱਤਰ ਸੌਂਪਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਨਵੰਬਰ:
ਪੰਜਾਬ ਪ੍ਰਾਈਵੇਟ ਸਕੂਲਜ਼ ਆਰਗੇਨਾਈਜ਼ੇਸ਼ਨ (ਪੀਪੀਐਸਓ) ਦੇ ਵਫ਼ਦ ਨੇ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨਾਲ ਮੁਲਾਕਾਤ ਕੀਤੀ ਅਤੇ ਪ੍ਰਾਈਵੇਟ ਸਕੂਲ ਪ੍ਰਬੰਧਕਾਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਮੰਗ ਪੱਤਰ ਸੌਂਪਿਆ। ਇਹ ਜਾਣਕਾਰੀ ਦਿੰਦਿਆਂ ਸੰਸਥਾ ਦੇ ਸਕੱਤਰ ਜਨਰਲ ਤੇਜਪਾਲ ਸਿੰਘ ਨੇ ਦੱਸਿਆ ਕਿ ਚੇਅਰਮੈਨ ਨੇ ਪ੍ਰਾਈਵੇਟ ਸਕੂਲਾਂ ਦੀ ਸਮੱਸਿਆਵਾਂ ਸਬੰਧੀ 11 ਨਵੰਬਰ ਨੂੰ ਮੀਟਿੰਗ ਬੁਲਾਈ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਐਸੋਸੀਏਟਿਡ ਸਕੂਲਾਂ ਨੂੰ ਦਸਵੀਂ ਅਤੇ ਬਾਰ੍ਹਵੀਂ ਤੱਕ ਐਫੀਲੀਏਸ਼ਨ ਲੈਣ ਲਈ 500 ਵਰਗ ਗਜ ਜ਼ਮੀਨ ਅਤੇ 750 ਵਰਗ ਗਜ ਥਾਂ ਲਈ ਸੀਐਲਯੂ ਦੀ ਸ਼ਰਤ ਲਗਾਈ ਗਈ ਹੈ ਜੋ ਕਿ ਕਿਸੇ ਪੱਖੋਂ ਵੀ ਤਰਕਸੰਗਤ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਸਿੱਖਿਆ ਬੋਰਡ ਨਾਲ ਐਫੀਲੀਏਟਿਡ ਸਕੂਲ ਅਤੇ ਸੀਬੀਐਸਈ ਸਕੂਲ ਤੋਂ ਵੱਖ ਕਰਕੇ ਸਕੂਲਾਂ ਦਾ ਵਰਗੀਕਰਨ ਕੀਤਾ ਜਾਵੇ। ਸਕੂਲਾਂ ਨੂੰ ਲਗਾਏ ਜਾਂਦੇ ਜੁਰਮਾਨੇ, ਲੇਟ ਫ਼ੀਸਾਂ ਆਦਿ ਤੈਅ ਕਰਨ ਲਈ ਤਰਕਸੰਗਤ ਫਾਰਮੂਲਾ ਤਿਆਰ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪ੍ਰਾਈਵੇਟ ਸਕੂਲਾਂ ਨਾਲ ਧੱਕਾ ਕਰ ਰਹੀ ਹੈ ਬੋਰਡ ਨੂੰ ਇਸ ਮਾਮਲੇ ਵਿੱਚ ਪ੍ਰਾਈਵੇਟ ਸਕੂਲਾਂ ਦੀ ਬਾਂਹ ਫੜਨੀ ਚਾਹੀਦੀ ਹੈ, ਭਾਵ ਬੋਰਡ ਬਣਦੀ ਸਹਾਇਤਾ ਕਰੇ। ਐਫੀਲੀਏਸ਼ਨ ਦੇ ਨਿਯਮ ਨਰਮ ਅਤੇ ਲਚਕੀਲੇ ਕੀਤੇ ਜਾਣ ਜਿਵੇ ਪ੍ਰਿੰਸੀਪਲ ਦੇ ਤਜ਼ਰਬੇ ਦੀ ਸ਼ਰਤ ਘੱਟ ਕਰਨ, ਕਮਰਿਆਂ ਦਾ ਅਕਾਰ, ਪ੍ਰਯੋਗਸ਼ਾਲਾ ਅਤੇ ਲਾਈਬ੍ਰੇਰੀ ਦੇ ਅਕਾਰ ਵਿੱਚ ਨਰਮੀ ਅਤੇ ਛੋਟ ਦਿੱਤੀ ਜਾਵੇ। ਉਨ੍ਹਾਂ ਮੰਗ ਕੀਤੀ ਕਿ ਓਪਨ ਸਕੂਲ ਪ੍ਰਣਾਲੀ ਦੇ ਸੁਧਾਰ ਲਈ ਇੱਕ ਵੱਖਰੀ ਕਮੇਟੀ ਦਾ ਗਠਨ ਕੀਤਾ ਜਾਵੇ। ਜਿਸ ਦੀ ਕੀਤੀਆਂ ਸਿਫ਼ਾਰਸ਼ਾਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ, ਮੁਹਾਲੀ ਲਾਗੂ ਕਰੇ। ਤੇਜਪਾਲ ਸਿੰਘ ਨੇ ਕਿਹਾ ਕਿ ਚੇਅਰਮੈਨ ਸਾਹਿਬ ਉਨ੍ਹਾਂ ਦੀਆਂ ਦਲੀਲ, ਸਾਡਾ ਤਰਕ ਅਤੇ ਪੱਖ ਵਿਸ਼ਾਲ ਹਿਰਦੇ ਨਾਲ ਸੁਣ ਕੇ ਢੁੱਕਵਾਂ ਅਤੇ ਪ੍ਰਵਾਨਿਤ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਵਫ਼ਦ ਵਿੱਚ ਤੇਜਪਾਲ ਸਿੰਘ, ਜਸਵੰਤ ਸਿੰਘ ਰਾਜਪੁਰਾ, ਦੇਵਰਾਜ ਪਹੂਜਾ, ਡਾ ਜਸਵਿੰਦਰ ਸਿੰਘ ਧਾਲੀਵਾਲ ਅਤੇ ਪ੍ਰੇਮ ਚੰਦ ਮਲਹੋਤਰਾ ਸਾਮਲ ਸਨ।