Nabaz-e-punjab.com

ਸੀਬੀਐੱਸਈ ਵੱਲੋਂ ਬਾਰ੍ਹਵੀਂ ਜਮਾਤ ਦਾ ਨਤੀਜਾ ਘੋਸ਼ਿਤ, ਮੁਹਾਲੀ ਦੇ ਕਈ ਸਕੂਲਾਂ ਦੇ ਵਿਦਿਆਰਥੀਆਂ ਨੇ ਮੱਲ੍ਹਾਂ ਮਾਰੀਆਂ

ਜੈਮ ਸਕੂਲ ਵਿੱਚ ਪੜ੍ਹਦੀ ਪਿੰਡ ਦਾਊਂ ਦੀ ਏਕਮਜੋਤ ਕੌਰ ਨੇ 92 ਫੀਸਦੀ ਅੰਕ ਹਾਸਲ ਕੀਤੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਮਈ:
ਸੀਬੀਐਸਈ ਵੱਲੋਂ ਵੀਰਵਾਰ ਨੂੰ ਬਾਰ੍ਹਵੀਂ ਸ਼੍ਰੇਣੀ ਦੇ ਐਲਾਨੇ ਗਏ ਸਾਲਾਨਾ ਨਤੀਜੇ ਵਿੱਚ ਮੁਹਾਲੀ ਦੇ ਕਈ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੇ ਮੱਲ੍ਹਾਂ ਮਾਰ ਕੇ ਮੁਹਾਲੀ ਸ਼ਹਿਰ ਅਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ। ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼-7 ਦੇ ਵਿਦਿਆਰਥੀਆਂ ਦਾ ਬਾਰ੍ਹਵੀਂ ਨਤੀਜਾ 100 ਫੀਸਦੀ ਰਿਹਾ। ਜਿਨ੍ਹਾਂ ’ਚੋਂ ਵਿਗਿਆਨ ਦੀ ਵਿਦਿਆਰਥਣ ਖ਼ੁਸ਼ਨੁਮਾ ਸਾਲਨ ਨੇ ਪਹਿਲਾ ਦਰਜਾ, ਆਰਟਸ ਗਰੁੱਪ ਦੀ ਵਿਦਿਆਰਥਣ ਰਾਧਿਕਾ ਰੈਨਾ ਨੇ ਪਹਿਲਾ ਦਰਜਾ ਪ੍ਰਾਪਤ ਕੀਤਾ ਅਤੇ ਕਾਮਰਸ ਦੀ ਵਿਦਿਆਰਥਣ ਲਵਪ੍ਰੀਤ ਕੌਰ ਨੇ ਪਹਿਲਾ ਦਰਜਾ ਪ੍ਰਾਪਤ ਕੀਤਾ। ਸਕੂਲ ਦੀ ਡਾਇਰੈਕਟਰ ਪਵਨਦੀਪ ਕੌਰ ਗਿੱਲ ਅਤੇ ਪ੍ਰਿੰਸੀਪਲ ਇੰਦਰਜੀਤ ਕੌਰ ਸੰਧੂ ਨੇ ਵਿਦਿਅਕ ਖੇਤਰ ਵਿੱਚ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ, ਅਧਿਆਪਕਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।
ਗਿਆਨ ਜਯੋਤੀ ਗਲੋਬਲ ਸਕੂਲ ਫੇਜ਼-2 ਦਾ ਨਤੀਜਾ ਵੀ 100 ਫੀਸਦੀ ਰਿਹਾ। ਸਕੂਲ ਦੀ ਪ੍ਰਿੰਸੀਪਲ ਰਣਜੀਤ ਬੇਦੀ ਨੇ ਦੱਸਿਆ ਕਿ ਬਾਰ੍ਹਵੀਂ ਦੀ ਮੈਡੀਕਲ, ਨਾਨ ਮੈਡੀਕਲ ਅਤੇ ਕਾਮਰਸ ਦੀ ਪ੍ਰੀਖਿਆ ਵਿੱਚ ਸਕੂਲ ਦੇ 163 ਵਿਦਿਆਰਥੀ ਅਪੀਅਰ ਹੋਏ ਸਨ। ਮੈਡੀਕਲ ਗਰੁੱਪ ਵਿੱਚ ਲੀਜਾ ਗੋਇਲ ਨੇ 96 ਫੀਸਦੀ ਅੰਕ ਹਾਸਲ ਕੀਤੇ ਹਨ। ਲੀਜ਼ਾ ਨੇ ਕੈਮਿਸਟਰੀ ਵਿਸ਼ੇ ਵਿੱਚ 100\100 ਨੰਬਰ ਹਾਸਲ ਕੀਤੇ ਹਨ। ਜਦੋਂਕਿ ਹਰਸ਼ਦੀਪ ਸਿੰਘ ਨੇ 94.6 ਅਤੇ ਗੁਰਨੂਰ ਕੌਰ ਵਾਲੀਆ ਨੇ 94.2 ਫੀਸਦੀ ਅੰਕ ਲੈ ਕੇ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ ਹੈ। ਨਾਨ ਮੈਡੀਕਲ ਵਿੱਚ ਗੁਰਲੀਨ ਸਿੰਘ ਨੇ 95.2 ਫੀਸਦੀ ਲੈ ਕੇ ਪਹਿਲਾਂ, ਸੂਰੀਆ ਵਿਵੇਕ ਮਿੱਤਲ ਅਤੇ ਤੁਸ਼ਾਰ ਗੁਪਤਾ ਨੇ 89 ਫੀਸਦੀ ਨਾਲ ਦੂਜੇ ਸਥਾਨ ’ਤੇ ਰਹੇ ਹਨ। ਕਾਮਰਸ ਗਰੁੱਪ ਵਿੱਚ ਗੁਰਸਿਮਰਨ ਕੌਰ ਨੇ 93.6 ਫੀਸਦੀ ਅੰਕਾਂ ਨਾਲ ਪਹਿਲਾਂ ਅਤੇ ਕਿਰਨਜੋਤ ਕੌਰ ਨੇ 91.8 ਫੀਸਦੀ ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ ਹੈ।
ਇੰਝ ਹੀ ਜੈਮ ਪਬਲਿਕ ਸਕੂਲ ਮੁਹਾਲੀ ਦਾ ਨਤੀਜਾ ਵੀ ਸ਼ਾਨਦਾਰ ਰਿਹਾ ਹੈ। ਸਕੂਲ ਦੀ ਵਿਦਿਆਰਥਣ ਏਕਮਜੋਤ ਕੌਰ ਪੁੱਤਰੀ ਕੰਵਰਦੀਪ ਸਿੰਘ ਨੇ 500 ’ਚੋਂ 460 ਅੰਕ (92 ਫੀਸਦੀ ) ਪ੍ਰਾਪਤ ਕਰਕੇ ਸਕੂਲ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਕਿਹਾ ਕਿ ਹਾਲ ਦੀ ਘੜੀ ਉਹ ਬੀਐਸਸੀ (ਨਰਸਿੰਗ) ਦੇ ਟੈਸਟ ਦੀ ਤਿਆਰੀ ਕਰ ਰਹੀ ਹਾਂ। ਉਸ ਦਾ ਅਗਲਾ ਟੀਚਾ ਆਈਏਐਸ ਅਫ਼ਸਰ ਬਣਨਾ ਹੈ।
(ਬਾਕਸ ਆਈਟਮ)
ਸੈਂਟ ਸੋਲਜਰ ਇੰਟਰਨੈਸ਼ਨਲ ਕਾਨਵੈਂਟ ਸਕੂਲ ਦੇ ਬਾਰ੍ਹਵੀਂ ਦੇ ਵਿਦਿਆਰਥੀ ਅਭੀਨੀਤ ਸਿੰਘ ਨੇ ਕਾਮਰਸ ਵਿੱਚ 89 ਫੀਸਦੀ ਅੰਕ ਹਾਸਲ ਕੀਤੇ ਹਨ। ਅਭੀਨੀਤ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਜੇਕਰ ਇੱਛਾ ਹੋਵੇ ਤਾਂ ਸਭ ਕੁੱਝ ਹੋ ਸਕਦਾ ਹੈ। ਕੌਮੀ ਪੱਧਰ ਦੇ ਹਾਕੀ ਦੇ ਖਿਡਾਰੀ ਅਭੀਨੀਤ ਸਿੰਘ ਨੇ ਖੇਡਾਂ ਦੇ ਨਾਲ ਨਾਲ ਪੜਾਈ ਵਿੱਚ ਬਿਹਤਰੀਨ ਸੰਤੁਲਨ ਬਣਾਉਂਦੇ ਹੋਏ ਦੋਵਾਂ ਖੇਤਰਾਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ। ਅੰਡਰ-19 ਸਕੂਲ ਰਾਸ਼ਟਰੀ ਖੇਡਾਂ, ਅੰਡਰ-18 ਯੂਥ ਸਟੇਟ ਖੇਡਾਂ ਵਿੱਚ ਸੋਨ ਦਾ ਤਮਗ਼ਾ ਅਤੇ ਖੇਲ੍ਹੋਂ ਇੰਡੀਆ ਸਕੂਲ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਅਭੀਨੀਤ ਨੇ ਖੇਡਾਂ ਅਤੇ ਪੜਾਈ ਨੂੰ ਬਰਾਬਰ ਸਮਾਂ ਦਿੰਦੇ ਹੋਏ ਇਹ ਕਾਮਯਾਬੀ ਹਾਸਲ ਕੀਤੀ। ਇਸ ਕਾਮਯਾਬੀ ਸਦਕਾ ਅਭੀਨੀਤ ਨੂੰ ਖੇਲ੍ਹੋਂ ਇੰਡੀਆ ਸਕਾਲਰਸ਼ਿਪ ਰਾਹੀਂ ਅਗਲੇ ਅੱਠ ਸਾਲ ਲਈ ਪੰਜ ਲੱਖ ਰੁਪਏ ਹਰੇਕ ਸਾਲ ਸਕਾਲਰਸ਼ਿਪ ਵੀ ਮਿਲ ਰਹੀ ਹੈ। ਅਭੀਨੀਤ ਨੇ ਆਪਣੀ ਇਸ ਕਾਮਯਾਬੀ ਦਾ ਸਿਹਰਾ ਆਪਣੀ ਮਾਂ ਨੂੰ ਦਿੱਤਾ ਹੈ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…